ਮੋਦੀ ਸਰਕਾਰ ਖ਼ਿਲਾਫ਼ ਬੇਵਿਸਾਹੀ ਮਤਾ ਰੱਦ

0
633

ਨਵੀਂ ਦਿੱਲੀ : ਵਿਰੋਧੀ ਧਿਰ ਵੱਲੋਂ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਖ਼ਿਲਾਫ਼ ਲੋਕ ਸਭਾ ਵਿੱਚ ਪੇਸ਼ ਕੀਤਾ ਬੇਵਿਸਾਹੀ ਦਾ ਮਤਾ ਅੱਜ ਰਾਤ 325 ਦੇ ਮੁਕਾਬਲੇ 126 ਵੋਟਾਂ ਨਾਲ ਡਿੱਗ ਗਿਆ। ਬੀਜੂ ਜਨਤਾ ਦਲ (ਬੀਜੇਡੀ), ਸ਼ਿਵ ਸੈਨਾ ਤੇ ਤਿਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਦੇ ਮੈਂਬਰ ਸਦਨ ਵਿੱਚੋਂ ਗ਼ੈਰਹਾਜ਼ਰ ਰਹੇ। ਮਤੇ ਉਤੇ ਵੋਟਿੰਗ ਸਮੇਂ 451 ਮੈਂਬਰ ਹਾਜ਼ਰ ਸਨ। ਇਨ੍ਹਾਂ ਸਭਨਾਂ ਦੀਆਂ ਵੋਟਾਂ ਸਹੀ ਨਿਕਲੀਆਂ ਤੇ ਕੋਈ ਵੋਟ ਰੱਦ ਨਹੀਂ ਹੋਈ। ਅੰਨਾ ਡੀਐਮਕੇ ਦੇ ਕਈ ਮੈਂਬਰਾਂ ਨੇ ਸਰਕਾਰ ਦਾ ਸਾਥ ਦਿੱਤਾ।
ਪਹਿਲਾਂ ਬੇਵਿਸਾਹੀ ਮਤੇ ਉਤੇ ਦਸ ਘੰਟੇ ਚੱਲੀ ਬਹਿਸ ਦਾ ਲੰਮਾ ਜੁਆਬ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ, ਇਸ ਦੇ ਨੇਤਾ ਰਾਹੁਲ ਗਾਂਧੀ ਅਤੇ ਹੋਰ ਵਿਰੋਧੀ ਆਗੂਆਂ ਉਤੇ ਤਿੱਖੇ ਵਾਰ ਕੀਤੇ ਅਤੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੀ ਪੂਰੀ ਤਫ਼ਸੀਲ ਪੇਸ਼ ਕੀਤੀ। ਉਨ੍ਹਾਂ ਨੇ ਰਾਹੁਲ ਗਾਂਧੀ ਦਾ ਮਜ਼ਾਕ ਉਡਾਉਂਦਿਆਂ ਲੋਕ ਸਭਾ ਵਿੱਚ ਕਿਹਾ ਕਿ ਉਹ ਆਪਣੀ ਸੀਟ ਤੋਂ ਉੱਠ ਕੇ ਇਸ ਲਈ ਉਨ੍ਹਾਂ ਨੂੰ ਜੱਫੀ ਪਾਉਣ ਆਇਆ, ਕਿਉਂਕਿ ਉੁਸ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਉੱਤੇ ਬੈਠਣ ਦੀ ਕਾਹਲ ਹੈ, ਇਹ ਉਸਦੇ ਘੁਮੰਡ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਦੀ ਕੁਰਸੀ ਉੱਤੇ ਬੈਠਣ ਦਾ ਫੈਸਲਾ ਦੇਸ਼ ਦੇ 125 ਕਰੋੜ ਲੋਕਾਂ ਦੇ ਹੱਥ ਵਿੱਚ ਹੈ ਕਿ ਕੌਣ ਪ੍ਰਧਾਨ ਮੰਤਰੀ ਦੀ ਕੁਰਸੀ ਉੱਤੇ ਬੈਠੇਗਾ ਅਤੇ ਕੌਣ ਨਹੀਂ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਭਗਵਾਨ ਏਨੀ ਸ਼ਕਤੀ ਦੇਵੇ ਕਿ ਉਹ 2024 ਦੇ ਵਿੱਚ ਫਿਰ ਬੇਵਿਸਾਹੀ ਮਤਾ ਪੇਸ਼ ਕਰਨ। ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਉਨ੍ਹਾਂ ਦੇ ਨਾਲ ਹਨ। ਅੱਜ ਜਦੋਂ ਰਾਹੁਲ ਗਾਂਧੀ ਅਚਾਨਕ ਪ੍ਰਧਾਨ ਮੰਤਰੀ ਕੋਲ ਪੁੱਜ ਗਏ ਤਾਂ ਪਹਿਲਾਂ ਤਾਂ ਉਹ ਥੋੜ੍ਹਾ ਹੱਕਾ ਬੱਕਾ ਰਹਿ ਗਏ ਪਰ ਫਿਰ ਜਲਦੀ ਹੀ ਸੰਭਲ ਗਏ। ਜਦੋਂ ਰਾਹਲੁ ਗਾਧੀ ਮੁੜੇ ਤਾਂ ਉਨ੍ਹਾਂ ਨੇ ਉਸਦੀ ਪਿੱਠ ਥਪਥਪਾਈ ਅਤੇ ਬਾਅਦ ਵਿੱਚ ਉਸਦੀ ਕਾਰਵਾਈ ਨੂੰ ਥੋੜ੍ਹਾ ਹੱਸ ਕੇ ਛੁਟਿਆਉਣ ਦੀ ਕੋਸ਼ਿਸ਼ ਵਜੋਂ ਮੁਸਕਰਾਹਟ ਵੀ ਦਿਖਾਈ। ਉਹ ਕੁੱਝ ਸ਼ਬਦ ਕਹਿੰਦੇ ਵੀ ਦਿਖੇ ਪਰ ਸੁਣਾਈ ਨਹੀਂ ਦਿੱਤੇ। ਰਾਹੁਲ ਗਾਂਧੀ ਦੀ ਕਾਰਵਾਈ ਉੱਤੇ ਪ੍ਰਧਾਨ ਮੰਤਰੀ ਪਿੱਛੇ ਬੈਠੇ ਭਾਜਪਾ ਦੇ ਮੈਂਬਰ ਹੱਕੇਬੱਕੇ ਰਹਿ ਗਏ। ਆਪਣੇ ਭਾਸ਼ਨ ਵਿੱਚ ਮੋਦੀ ਨੇ ਸਾਰੇ ਲੋਕ ਸਭਾ ਮੈਂਬਰਾਂ ਨੂੰ ਬੇਵਿਸਾਹੀ ਮਤੇ ਨੂੰ ਡੇਗਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੇ ਘੁਮੰਡ ਦਾ ਪ੍ਰਤੀਕ ਹੈ ਤੇ ਉਸ ਦੇ ਸੰਭਾਵੀ ਭਾਈਵਾਲਾਂ ਦੀ ਪ੍ਰੀਖਿਆ ਹੈ। ਉਨ੍ਹਾਂ ਕਿਹਾ ਕਿ ਬੇਵਿਸਾਹੀ ਮਤੇ ਦੇ ਪਿੱਛੇ ਘੁਮੰਡ ਹੈ। ਉਨ੍ਹਾਂ ਕਾਂਗਰਸ ਨੂੰ ਰਗੜੇ ਲਾਉਂਦਿਆ ਕਿਹਾ ਕਿ ਇਹ ਸਰਕਾਰ ਦੀ ਪ੍ਰਖਿਆ ਨਹੀਂ ਹੈ ਸਗੋਂ ਕਾਂਗਰਸ ਅਤੇ ਉਸ ਦੇ ਕਥਿਤ ਭਾਈਵਾਲਾਂ ਦੀ ਤਾਕਤ ਦੀ ਪ੍ਰਖਿਆ ਹੈ। ਤਿੱਖੇ ਹਮਲਿਆਂ ਦੇ ਨਾਲ ਦਸ ਘੰਟਿਆਂ ਦੀ ਬਹਿਸ ਨੂੰ ਨਿਬੇੜਦਿਆਂ ਅਤੇ ਵਿਰੋਧੀ ਆਗੂਆਂ ਦੇ ਉੱਤੇ ਮੋੜਵੇਂ ਹੱਲੇ ਕਰਦਿਆਂ ਕਿਹਾ ਕਿ ਕੁੱਝ ਲੋਕ ਨਾਕਾਰਤਮਿਕ ਬਹਿਸ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਖੁਸ਼ ਕਰਨ ਜਾਂ ਵੋਟ ਬੈਂਕ ਦੀ ਸਿਆਸਤ ਨਹੀਂ ਕਰਦੇ। ੳਹ ਸਭ ਦਾ ਸਾਥ ਤੇ ਸਭ ਦੇ ਵਿਕਾਸ ਦਾ ਮੰਤਰ ਲੈਕੇ ਚੱਲ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕਦਮ ਚੁੱਕ ਰਹੀ ਹੈ। ਵਿਰੋਧੀ ਧਿਰ ਅਤੇ ਖਾਸ ਤੌਰ ਉੱਤੇ ਕਾਂਗਰਸ ਨੂੰ ਚੀਫ ਜਸਟਿਸ, ਮੁੱਖ ਚੋਣ ਕਮਿਸ਼ਨਰ ਅਤੇ ਇਲੈਕਟ੍ਰਾਨਿਕ ਮਸ਼ੀਨਾਂ ਉੱਤੇ ਯਕੀਨ ਨਹੀਂ ਹੈ। ਕਾਂਗਰਸ ਨੂੰ ਰਗੜੇ ਲਾਉਂਦਿਆਂ ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਵਿਰੋਧੀ ਧਿਰ ਦੇਸ਼ ਵਿੱਚ ਅਸਥਿਰਤਾ ਫੈਲਾਉਣ ਦੇ ਲਈ ਬੇਭਰੋਸਗੀ ਮਤਾ ਲਿਆਈ ਹੈ। ਡੋਕਲਾਮ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ,‘ ਜਦੋਂ ਸਮੁੱਚਾ ਦੇਸ਼ ਡੋਕਲਾਤ ਮੁੱਦੇ ਉੱਤੇ ਇੱਕਜੁੱਟ ਸੀ ਤਾਂ ਤੁਸੀਂ ਚੀਨ ਦੇ ਦੂਤ ਨੂੰ ਮਿਲਦੇ ਫਿਰਦੇ ਸੀ।’ ਰਾਫੇਲ ਸੌਦੇ ਬਾਰੇ ਉਨ੍ਹਾਂ ਕਿਹਾ ਕਿ ਉਹ ਨਾਜ਼ੁਕ ਮੁੱਦਿਆਂ ਉੱਤੇ ਬਚਕਾਨਾ ਬਿਆਨ ਦੇਣ ਤੋਂ ਸੱਚ ਮੁੱਚ ਸੰਜਮ ਵਰਤਦੇ ਹਨ।

-ਪੀਟੀਆਈ