21 ਸਾਲਾਂ ਬਾਅਦ ਚੀਨ ਨਾਲ ਦੋਸਤਾਨਾ ਫੁਟਬਾਲ ਮੈਚ ਖੇਡੇਗਾ ਭਾਰਤ

0
451

ਨਵੀਂ ਦਿੱਲੀ : ਭਾਰਤੀ ਫੁਟਬਾਲ ਟੀਮ 21 ਸਾਲਾਂ ਵਿੱਚ ਪਹਿਲੀ ਵਾਰ ਚੀਨ ਖ਼ਿਲਾਫ਼ ਕੌਮਾਂਤਰੀ ਦੋਸਤਾਨਾ ਮੈਚ ਖੇਡੇਗੀ। ਅਗਲੇ ਸਾਲ ਹੋਣ ਵਾਲੇ ਏਐਫਸੀ ਏਸ਼ੀਅਨ ਕੱਪ ਦੀ ਤਿਆਰੀ ਲਈ ਭਾਰਤੀ ਟੀਮ ਅਕਤੂਬਰ ਵਿੱਚ ਦੋਸਤਾਨਾ ਮੈਚ ਖੇਡੇਗੀ। ਭਾਰਤੀ ਫੁਟਬਾਲ ਸੰਘ (ਏਆਈਐਫਐਫ) ਨੇ ਅੱਜ ਸੀਨੀਅਰ ਕੌਮੀ ਟੀਮ ਦੇ ਇਸ ਮੈਚ ਦੀ ਪੁਸ਼ਟੀ ਕੀਤੀ ਹੈ। ਏਐਫਸੀ ਏਸ਼ੀਅਨ ਕੱਪ ਸੰਯੁਕਤ ਅਰਬ ਅਮੀਰਾਤ ਵਿੱਚ ਪੰਜ ਜਨਵਰੀ ਤੋਂ ਪਹਿਲੀ ਫਰਵਰੀ 2019 ਤੱਕ ਖੇਡਿਆ ਜਾਵੇਗਾ।
ਭਾਰਤ ਦੀ 97ਵੀਂ ਰੈਕਿੰਗ ਵਾਲੀ ਟੀਮ 75ਵੀਂ ਰੈਂਕਿੰਗ ਦੇ ਚੀਨ ਨਾਲ ਅੱਠ ਤੋਂ 16 ਅਕਤੂਬਰ ਤੱਕ ਫੀਫਾ ਵਿੰਡੋ ਤਹਿਤ ਮੈਚ ਖੇਡੇਗੀ। ਦੋਸਤਾਨਾ ਮੈਚ ਦੀ ਤਰੀਕ ਬਾਅਦ ਵਿੱਚ ਤੈਅ ਕੀਤੀ ਜਾਵੇਗੀ, ਪਰ ਏਆਈਐਫਐਫ ਨੇ 13 ਅਕਤੂਬਰ ਦੀ ਤਜਵੀਜ ਰੱਖੀ ਹੈ। ਭਾਰਤ ਅਤੇ ਚੀਨ ਹੁਣ ਤੱਕ 17 ਵਾਰ ਇੱਕ-ਦੂਜੇ ਨਾਲ ਖੇਡ ਚੁੱਕੇ ਹਨ, ਜਿਨ੍ਹਾਂ ਵਿੱਚੋਂ ਆਖ਼ਰੀ ਮੈਚ 21 ਸਾਲ ਪਹਿਲਾਂ 1997 ਦੌਰਾਨ ਕੋਚੀ ਵਿੱਚ ਨਹਿਰੂ ਕੱਪ ਦੌਰਾਨ ਖੇਡਿਆ ਗਿਆ ਸੀ। ਇਹ ਸਾਰੇ ਮੈਚ ਭਾਰਤ ਦੀ ਧਰਤੀ ’ਤੇ ਖੇਡੇ ਗਏ ਸਨ, ਪਰ ਪਹਿਲੀ ਵਾਰ ਦੋਵਾਂ ਟੀਮਾਂ ਵਿਚਾਲੇ ਮੁਕਾਬਲਾ ਚੀਨ ਵੱਚ ਖੇਡਿਆ ਜਾ ਰਿਹਾ ਹੈ। ਭਾਰਤ ਦੀ ਅੰਡਰ-16 ਕੌਮੀ ਟੀਮ ਨੇ ਹਾਲ ਹੀ ਵਿੱਚ ਚੀਨ ਦਾ ਦੌਰਾ ਕਰਕੇ ਚਾਰ ਦੇਸ਼ਾਂ ਦਾ ਟੂਰਨਾਮੈਂਟ ਖੇਡਿਆ ਸੀ। ਇਸ ਟੂਰਨਾਮੈਂਟ ਵਿੱਚ ਦੋ ਹੋਰ ਅੰਡਰ-16 ਟੀਮਾਂ ਥਾਈਲੈਂਡ ਅਤੇ ਕੋਰੀਆ ਵੀ ਸਨ। ਭਾਰਤੀ ਟੀਮ ਹੁਣ ਤੱਕ ਚੀਨ ਖ਼ਿਲਾਫ਼ ਇੱਕ ਵੀ ਮੈਚ ਨਹੀਂ ਜਿੱਤ ਸਕੀ ਹੈ। ਪਿਛਲੇ 17 ਮੈਚਾਂ ਵਿੱਚੋਂ 12 ਚੀਨ ਨੇ ਜਿੱਤੇ, ਜਦਕਿ ਪੰਜ ਡਰਾਅ ਰਹੇ। ਏਆਈਐਫਐਫ ਜਨਰਲ ਸਕੱਤਰ ਕੁਸ਼ਲ ਦਾਸ ਅਨੁਸਾਰ, ਭਾਰਤੀ ਟੀਮ ਸਾਊਦੀ ਅਰਬ ਖ਼ਿਲਾਫ਼ ਵੀ ਖੇਡ ਸਕਦੀ ਹੈ, ਜੋ ਮਹਾਂਦੀਪ ਦੀ ਇੱਕ ਹੋਰ ਉੱਚੀ ਰੈਂਕਿੰਗ ਦੀ ਟੀਮ ਹੈ। ਭਾਰਤੀ ਕਪਤਾਨ ਸੁਨੀਲ ਛੇਤਰੀ ਨੇ ਵਾਰ-ਵਾਰ ਮਜ਼ਬੂਤ ਅਤੇ ਉੱਚੀ ਰੈਂਕਿੰਗ ਵਾਲੀਆਂ ਟੀਮਾਂ ਖਿਲਾਫ਼ ਖੇਡਣ ’ਤੇ ਜ਼ੋਰ ਦਿੱਤਾ ਹੈ। ਹਾਲ ਹੀ ਵਿੱਚ ਮੁੰਬਈ ਵਿੱਚ ਚਾਰ ਦੇਸ਼ਾਂ ਦੇ ਟੂਰਨਾਮੈਂਟ ਵਿੱਚ ਵੀ ਇਸ ਜਾਦੂਮਈ ਸਟਰਾਈਕਰ ਨੇ ਟੀਮ ਦੀ ਖ਼ਿਤਾਬੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
-ਪੀਟੀਆਈ