ਰੋਹਤਕ: ਦੇਸ਼ ਦੀ ਮਕਬੂਲ ਮਿਊਜ਼ਿਕ ਕੰਪਨੀ ਟੀ-ਸੀਰੀਜ਼ ਨੇ ਵੀਡੀਓ ਐਲਬਮ ਦੀ ਬੈਕਗਰਾਊਂਡ ਵਿੱਚ ਆਪਣੇ ਗੀਤਾਂ ਦਾ ਇਸਤੇਮਾਲ ਕਰਨ ਨੂੰ ਕਾਪੀਰਾਈਟ ਐਕਟ ਦੀ ਉਲੰਘਣਾ ਕਰਾਰ ਦਿੱਤਾ ਹੈ। ਕੰਪਨੀ ਨੇ ਹਰਿਆਣਾ, ਪੰਜਾਬ, ਗੁਜਰਾਤ, ਝਾਰਖੰਡ ਤੇ ਦਿੱਲੀ ਵਿੱਚ 100 ਤੋਂ ਵੱਧ ਫੋਟੋਗ੍ਰਾਫਰਾਂ ਖਿਲਾਫ ਕਾਪੀਰਾਈਟ ਐਕਟ ਤਹਿਤ ਕੇਸ ਦਰਜ ਕਰਵਾਏ ਹਨ। ਹਰਿਆਣਾ ਦੇ ਕਰੀਬ 50 ਹਜ਼ਾਰ ਤੋਂ ਜ਼ਿਆਦਾ ਫਟੋਗ੍ਰਾਫਰ ਇਸ ਦੇ ਵਿਰੋਧ ’ਚ ਉੱਤਰ ਆਏ ਹਨ।
ਪਿਛਲੇ ਦੋ ਮਹੀਨਿਆਂ ਅੰਦਰ ਹਰਿਆਣਾ ਵਿੱਚ 30 ਫੋਟੋਗ੍ਰਾਫਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਸੂਬੇ ਦੇ ਕਰੀਬ 50 ਹਜ਼ਾਰ ਤੋਂ ਵੱਧ ਫੋਟੋਗ੍ਰਾਫਰ ਇਸ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਵੱਡੇ ਪੱਧਰ ’ਤੇ ਫੋਟੋਗ੍ਰਾਫੀ ਦਾ ਕਾਰੋਬਾਰ ਪ੍ਰਭਾਵਿਤ ਹੋਏਗਾ ਤੇ ਐਲਬਮ ਦੇ ਰੋਟ ਵੀ ਵਧ ਜਾਣਗੇ।
ਗਾਹਕਾਂ ਤੋਂ ਹਲਫਨਾਮਾ ਭਰਵਾ ਰਹੇ ਫੋਟੋਗ੍ਰਾਫਰ
ਹਰਿਆਣਾ ਫੋਟੋਗ੍ਰਾਫਰ ਜਥੇਬੰਦੀ ਦੇ ਪ੍ਰਧਾਨ ਪਰਵੇਸ਼ ਕੁਮਾਰ ਤੇ ਰੋਹਤਕ ਦੇ ਕੋਆਰਡੀਨੇਟਰ ਸੰਜੀਵ ਢਲ ਨੇ ਦੱਸਿਆ ਕਿ ਉਹ ਗਾਣਿਆਂ ਦਾ ਪੇਸ਼ੇਵਾਰਾਨਾ ਇਸਤੇਮਾਲ ਨਹੀਂ ਕਰਦੇ। ਹੁਣ ਵਿਆਹ ਦੀ ਐਲਬਮ ਲਈ ਜੋ ਵੀ ਲੋਕ ਆ ਰਹੇ ਹਨ, ਉਹ ਉਨ੍ਹਾਂ ਕੋਲੋਂ ਹਲਫਨਾਮੇ ਲਿਖਵਾ ਰਹੇ ਹਨ ਕਿ ਉਹ ਐਲਬਮ ਸੋਸ਼ਲ ਮੀਡੀਆ ’ਤੇ ਅਪਲੋਡ ਨਹੀਂ ਕਰਨਗੇ ਤੇ ਨਾ ਹੀ ਉਨ੍ਹਾਂ ਦਾ ਪੇਸ਼ੇਵਾਰਾਨਾ ਇਸਤੇਮਾਲ ਕਰਨਗੇ। ਜੇ ਇਸੇ ਤਰ੍ਹਾਂ ਸਾਰੀਆਂ ਕੰਪਨੀਆਂ ਤੋਂ ਲਾਇਸੈਂਸ ਲੈਣੇ ਪਏ ਉਨ੍ਹਾਂ ਨੂੰ ਤਾਂ ਆਪਣੀਆਂ ਦੁਕਾਨਾਂ ਬੰਦ ਕਰਨੀਆਂ ਪੈ ਜਾਣਗੀਆਂ। ਰੋਹਤਕ ਵਿੱਚ ਇਸ ਦੇ ਵਿਰੋਧ ਵਿੱਚ ਪੂਰੇ ਸੂਬੇ ਦੇ ਫੋਟੋਗ੍ਰਾਫਰਾਂ ਨੇ ਵਿਰੋਧ ਪ੍ਰਦਰਸ਼ਨ ਵੀ ਕੀਤਾ।
ਲਾਇਸੈਂਸ ਲੈਣ ਲਈ 15 ਹਜ਼ਾਰ ਰੁਪਏ ਪ੍ਰਤੀ ਕੰਪਿਊਟਰ ਸਾਲਾਨਾ ਫੀਸ
ਟੀ-ਸੀਰੀਜ਼ ਦੇ ਐਂਟੀ ਪੈਇਰੇਸੀ ਮੈਨੇਜਰ ਵਿਪਿਨ ਕੁਮਾਰ ਨੇ ਦੱਸਿਆ ਕਿ ਕੰਪਨੀ ਨੇ ਬਿਨਾ ਲਾਇਸੈਂਸ ਲਈ ਆਪਣੇ ਗੀਤਾਂ ਦਾ ਇਸਤੇਮਾਲ ਕਰਨ ਵਾਲੇ ਰੋਹਤਕ ਵਿੱਚ ਇੱਕ ਤੇ ਪੰਜਾਬ ਵਿੱਚ ਤਿੰਨ ਕੇਸ ਦਰਜ ਕਰਵਾਏ ਹਨ। ਦੇਸ਼ ਭਰ ਵਿੱਚ ਕਰੀਬ 100 ਫੋਟੋਗ੍ਰਾਫਰਾਂ ’ਤੇ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਕੰਪਨੀ ਦੇ ਗੀਤਾਂ ਦਾ ਕਿਸੇ ਤਰ੍ਹਾਂ ਦੀ ਪੇਸ਼ੇਵਾਰਾਨਾਂ ਇਸਤੇਮਾਲ ਕਰਨ ਲਈ ਲਾਇਸੈਂਸ ਲੈਣਾ ਪਏਗਾ ਜਿਸ ਲਈ ਪ੍ਰਤੀ ਕੰਪਿਊਟਰ 15 ਹਜ਼ਾਰ ਰੁਪਏ ਸਾਲਾਨਾ ਫੀਸ ਲੱਗੇਗੀ।