ਬੀਜਿੰਗ — ਮਾਹਰਾਂ ਮੁਤਾਬਕ ਚੀਨ ਦੇ ਬੇਕਾਬੂ ਹੋ ਚੁੱਕੇ ਸਪੇਸ ਸਟੇਸ਼ਨ ਤਿਆਂਗੋਂਗ-1 ਦੇ 31 ਮਾਰਚ ਤੱਕ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਇਸ ਦੇ 24 ਮਾਰਚ ਤੋਂ 6 ਅਪ੍ਰੈਲ ਦੇ ਵਿਚਕਾਰ ਧਰਤੀ ਦੇ ਵਾਤਾਵਰਣ ਵਿਚ ਦਾਖਲ ਹੋਣ ਦੀ ਗੱਲ ਕਹੀ ਜਾ ਰਹੀ ਸੀ। ਹੁਣ ਤੱਕ ਮਾਹਰ ਇਹ ਨਹੀਂ ਦੱਸ ਪਾ ਰਹੇ ਸਨ ਕਿ ਇਹ ਧਰਤੀ ਦੇ ਵਾਤਾਵਰਣ ਵਿਚ ਦਾਖਲ ਹੋਣ ਮਗਰੋਂ ਕਿੱਥੇ ਡਿੱਗੇਗਾ। ਹੁਣ ਮਾਹਰਾਂ ਨੇ ਇਸ ਦੇ 43 ਵਿਥਕਾਰ ‘ਤੇ ਪੈਣ ਵਾਲੇ ਸਥਾਨਾਂ ‘ਤੇ ਡਿੱਗਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਇਹ ਸਥਾਨ ਸੰਘਣੀ ਆਬਾਦੀ ਵਾਲੇ ਨਿਊਯਾਰਕ, ਬਾਰਸੀਲੋਨਾ, ਬੀਜਿੰਗ, ਸ਼ਿਕਾਗੋ, ਇਸਤਾਂਬੁਲ, ਰੋਮ ਅਤੇ ਟੋਰਾਂਟੋ ਹੋ ਸਕਦੇ ਹਨ। ਸਾਢੇ ਅੱਠ ਟਨ ਵਜ਼ਨੀ ਇਹ ਸੈਟੇਲਾਈਟ ਭੂਮੱਧ ਰੇਖਾ ਦੇ ਆਲੇ-ਦੁਆਲੇ ਹੈ, ਇਸ ਲਈ ਇਸ ਦੇ ਇਨ੍ਹਾਂ ਖੇਤਰਾਂ ਵਿਚ ਡਿੱਗਣ ਦੀ ਸੰਭਾਵਨਾ ਹੈ। ਗੌਰਤਲਬ ਹੈ ਕਿ ਸਾਲ 2016 ਵਿਚ ਚੀਨ ਨੇ ਖੁਦ ਮੰਨਿਆ ਸੀ ਕਿ ਤਿਆਂਗੋਂਗ-1 ਬੇਕਾਬੂ ਹੋ ਚੁੱਕਾ ਹੈ ਅਤੇ ਇਸ ਨੂੰ ਕੰਟਰੋਲ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੋ ਚੁੱਕੀਆਂ ਹਨ। ਅਜਿਹਾ ਕਿਹਾ ਜਾ ਰਿਹਾ ਹੈ ਕਿ ਸਪੇਸ ਸਟੇਸ਼ਨ ਦਾ ਜ਼ਿਆਦਾਤਰ ਹਿੱਸਾ ਸੜ ਕੇ ਸੁਆਹ ਹੋ ਜਾਵੇਗਾ ਅਤੇ ਕਰੀਬ 10 ਤੋਂ 40 ਫੀਸਦੀ ਸੈਟੇਲਾਈਟ ਦਾ ਬਚਿਆ ਹਿੱਸਾ ਮਲਬੇ ਦੇ ਰੂਪ ਵਿਚ ਧਰਤੀ ‘ਤੇ ਡਿੱਗ ਸਕਦਾ ਹੈ। ਪੈਰਿਸ ਸਥਿਤ ਯੂਰਪੀਅਨ ਸਪੇਸ ਏਜੰਸੀ ਦੇ ਮਾਹਰ ਵੀ ਤਿਆਂਗੋਂਗ-1 ‘ਤੇ ਲਗਾਤਾਰ ਨਜ਼ਰ ਬਣਾਏ ਹੋਏ ਹਨ।