ਚੰਡੀਗੜ੍ਹ: ਗੁਰਦਾਸਪੁਰ ਚੋਣ ਦੇ ਨਤੀਜੇ ਦਾ ਲਾਹਾ ਲੈਂਦਿਆਂ ਪ੍ਰਦੇਸ਼ ਕਾਂਗਰਸ ਆਮ ਆਦਮੀ ਪਾਰਟੀ (ਆਪ) ਨੂੰ ਹਾਸ਼ੀਏ ‘ਤੇ ਪਹੁੰਚਾਉਣ ਲਈ ਵੱਡਾ ਝਟਕਾ ਦੇਣ ਦੀ ਤਿਆਰੀ ਕਰ ਰਹੀ ਹੈ। ਭਰੋਸੇਯੋਗ ਸੂਤਰਾਂ ਦੀ ਜਾਣਕਾਰੀ ਅਨੁਸਾਰ ਇਸ ਸਮੇਂ ਆਪ ਦੇ ਰਾਜ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਤ 30 ਤੋਂ ਵੱਧ ਪ੍ਰਮੁੱਖ ਆਗੂ ਕਾਂਗਰਸ ਦੇ ਸੰਪਰਕ ‘ਚ ਹਨ। ਕਾਂਗਰਸ ‘ਆਪ’ ‘ਚ ਨਿਰਾਸ਼ ਚੱਲ ਰਹੇ ਹੋਰਨਾਂ ਆਗੂਆਂ ਨਾਲ ਵੀ ਗੱਲਬਾਤ ਕਰ ਕੇ ਉਨ੍ਹਾਂ ਨੂੰ ਨਾਲ ਲਿਆਉਣ ਦੇ ਯਤਨ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਆਗੂਆਂ ਵਲੋਂ ਬੀਤੇ ਦਿਨੀਂ ਜ਼ਿਲਾ ਮੋਹਾਲੀ ਵਿਚ ਪੈਂਦੇ ਇਕ ਪ੍ਰਮੁੱਖ ‘ਆਪ’ ਆਗੂ ਦੇ ਫਾਰਮ ਹਾਊਸ ‘ਤੇ ਮੀਟਿੰਗ ਕਰ ਕੇ ਆਪਣੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਨ੍ਹਾਂ ਵਿਚ ਜ਼ਿਆਦਾਤਰ ਉਹ ਆਗੂ ਸਨ, ਜੋ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਚੋਣ ਲੜ ਚੁੱਕੇ ਹਨ। ਸੂਤਰਾਂ ਦੀ ਮੰਨੀਏ ਤਾਂ ਇਸ ਮੀਟਿੰਗ ਨੂੰ ‘ਆਪ’ ਦੇ ਕੁੱਝ ਵਿਧਾਇਕਾਂ ਦਾ ਵੀ ਸਮਰਥਨ ਪ੍ਰਾਪਤ ਸੀ ਭਾਵੇਂ ਕਿ ਉਹ ਖੁਦ ਬੈਠਕ ਵਿਚ ਸ਼ਾਮਲ ਨਹੀਂ ਹੋਏ।
ਇਹ ਵੀ ਪਤਾ ਲੱਗਾ ਹੈ ਕਿ ਇਸ ਮੀਟਿੰਗ ਦਾ ਪ੍ਰਬੰਧ ਵੀ ਕਾਂਗਰਸ ਦੇ ਇਸ਼ਾਰੇ ‘ਤੇ ਹੀ ਕੀਤਾ ਗਿਆ ਸੀ। ਇਸ ਵਿਚ ਮੁੱਖ ਤੌਰ ‘ਤੇ ਭਗਵੰਤ ਮਾਨ ਤੇ ਸੁਖਪਾਲ ਸਿੰਘ ਖਹਿਰਾ ਦੀ ਲੀਡਰਸ਼ਿਪ ਖਿਲਾਫ ਮੁਹਿੰਮ ਛੇੜ ਕੇ ਬਗਾਵਤ ਦੀ ਰਣਨੀਤੀ ਉਲੀਕੀ ਗਈ ਹੈ। ਇਨ੍ਹਾਂ ਆਗੂਆਂ ਵਲੋਂ ਪਾਲਾ ਬਦਲਣ ਤੋਂ ਪਹਿਲਾਂ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਮਿਲਣ ਦਾ ਪ੍ਰੋਗਰਾਮ ਵੀ ਬਣਾਇਆ ਜਾ ਰਿਹਾ ਹੈ। ਇਸ ਤਰ੍ਹਾਂ ਗੁਰਦਾਸਪੁਰ ਦੇ ਚੋਣ ਨਤੀਜੇ ਨੂੰ ਮੁੱਖ ਤੌਰ ‘ਤੇ ਆਧਾਰ ਬਣਾ ਕੇ ਮਾਨ ਤੇ ਖਹਿਰਾ ‘ਤੇ ਜ਼ਿੰਮੇਵਾਰੀ ਪਾ ਕੇ ਬਗਾਵਤ ਦਾ ਰਾਹ ਤਿਆਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਉਪ ਚੋਣ ‘ਚ ਪਿਛਲੀਆਂ ਚੋਣਾਂ ਦੇ ਮੁਕਾਬਲੇ ਆਪ ਦੇ ਵੋਟ ਬੈਂਕ ਵਿਚ ਭਾਰੀ ਗਿਰਾਵਟ ਆਈ ਹੈ ਅਤੇ ਉਮੀਦਵਾਰ ਜ਼ਮਾਨਤ ਤੱਕ ਨਹੀਂ ਬਚਾ ਸਕਿਆ। ਇਸ ਤੋਂ ਬਾਅਦ ਆਪ ਦੇ ਅੰਦਰ ਵੀ ਉਥਲ-ਪੁਥਲ ਦੀ ਸਥਿਤੀ ਬਣਨੀ ਸ਼ੁਰੂ ਹੋਈ ਅਤੇ ਵੱਖ-ਵੱਖ ਜ਼ਿਲਿਆਂ ਵਿਚ ਪ੍ਰਮੁੱਖ ਆਗੂ ਆਪਣੇ ਸਿਆਸੀ ਭਵਿੱਖ ਦੇ ਮੱਦੇਨਜ਼ਰ ਨਿਰਾਸ਼ਾ ਦੇ ਦੌਰ ‘ਚੋਂ ਗੁਜ਼ਰ ਰਹੇ ਹਨ ਅਤੇ ਕਾਂਗਰਸ ਇਸ ਦਾ ਫਾਇਦਾ ਲੈਣਾ ਚਾਹੁੰਦੀ ਹੈ।
ਇਹ ਵੀ ਜ਼ਿਕਰਯੋਗ ਹੈ ਕਿ ਆਪ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਉਪ ਪ੍ਰਧਾਨ ਅਮਨ ਅਰੋੜਾ ਵਿਚ ਵੀ ਕਾਫੀ ਸਮੇਂ ਤੋਂ ਪੂਰਾ ਤਾਲਮੇਲ ਦਿਖਾਈ ਨਹੀਂ ਦੇ ਰਿਹਾ ਅਤੇ ਉਪ ਚੋਣ ਤੋਂ ਬਾਅਦ ਤਾਂ ਇਹ ਤਿੰਨੇ ਨੇਤਾ ਵੱਖੋ-ਵੱਖਰੇ ਚਲਦੇ ਦਿਖਾਈ ਦੇ ਰਹੇ ਹਨ। ਭਾਵੇਂ ਵਿਧਾਨ ਸਭਾ ਵਿਚ ਪਾਰਟੀ ਦੇ ਨੇਤਾ ਖਹਿਰਾ ਹਨ ਪਰ ਪਿਛਲੇ ਦਿਨੀਂ ਸਪੀਕਰ ਨੂੰ ਪਾਰਟੀ ਦੇ ਉਪ ਪ੍ਰਧਾਨ ਵਲੋਂ ਵਿਧਾਨ ਸਭਾ ਦੇ ਮਾਮਲਿਆਂ ਬਾਰੇ ਕੁੱਝ ਵਿਧਾਇਕਾਂ ਨੂੰ ਨਾਲ ਲੈ ਕੇ ਆਪਣੇ ਤੌਰ ‘ਤੇ ਹੀ ਦਿੱਤੇ ਗਏ ਮੰਗ ਪੱਤਰ ਦੀ ਵੀ ਸਿਆਸੀ ਹਲਕਿਆਂ ਵਿਚ ਚਰਚਾ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ‘ਚ ਪੈਦਾ ਹੋ ਰਹੀ ਨਿਰਾਸ਼ਾ ਦਾ ਲਾਭ ਲੈਣ ਲਈ ਭਾਵੇਂ ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਯਤਨ ਕੀਤੇ ਗਏ ਪਰ ਇਸ ਸਮੇਂ ਇਨ੍ਹਾਂ ਆਗੂਆਂ ਦੀ ਦਿਲਚਸਪੀ ਕਾਂਗਰਸ ਵੱਲ ਹੀ ਦਿਖਾਈ ਦੇ ਰਹੀ ਹੈ।