ਨਵੀਂ ਦਿੱਲੀ, 28 ਸਤੰਬਰ – ਮੋਦੀ ਸਰਕਾਰ ਦੀ ਆਰਥਿਕ ਨੀਤੀਆਂ ‘ਤੇ ਪਿਤਾ ਯਸ਼ਵੰਤ ਸਿਨ੍ਹਾ ਦੇ ਲੇਖ ਦਾ ਜਵਾਬ ਉਨ੍ਹਾਂ ਦੇ ਬੇਟੇ ਤੇ ਸਿਵਲ ਐਵੀਏਸ਼ਨ ਰਾਜ ਮੰਤਰੀ ਜਯੰਤ ਸਿਨ੍ਹਾ ਵਲੋਂ ਆ ਗਿਆ ਹੈ। ਪਿਤਾ ਦੀ ਤਰਜ਼ ‘ਤੇ ਹੀ ਉਨ੍ਹਾਂ ਨੇ ਵੀ ਇਕ ਅੰਗਰੇਜ਼ੀ ਅਖ਼ਬਾਰ ‘ਚ ਲੇਖ ਲਿਖਿਆ ਹੈ, ਜਿਸ ਵਿਚ ਆਪਣੇ ਪਿਤਾ ਦੀ ਰਾਏ ਨਾਲ ਅਸਹਿਮਤੀ ਪ੍ਰਗਟ ਕਰਦੇ ਹੋਏ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦਾ ਜੰਮ ਕੇ ਬਚਾਅ ਕੀਤਾ ਹੈ। ਆਪਣੇ ਲੇਖ ‘ਚ ਉਨ੍ਹਾਂ ਲਿਖਿਆ ਹੈ ਕਿ ਵਰਤਮਾਨ ਆਰਥਿਕ ਨੀਤੀ ਨਵੇਂ ਭਾਰਤ ਦੇ ਨਿਰਮਾਣ ਦੀ ਦਿਸ਼ਾ ‘ਚ ਉਠਾਇਆ ਗਿਆ ਕਦਮ ਹੈ। ਪਾਰਦਰਸ਼ੀ, ਮੁਕਾਬਲੇਦਾਰ ਤੇ ਪ੍ਰਗਤੀਸ਼ੀਲ ਅਰਥਵਿਵਸਥਾ ਲਈ ਬਦਲਾਅ ਹੋ ਰਹੇ ਹਨ। ਇਕ ਜਾਂ ਦੋ ਤਿਮਾਹੀਆਂ ਦੇ ਨਤੀਜਿਆਂ ਨਾਲ ਅਰਥਚਾਰੇ ਦਾ ਮੁਲਾਂਕਣ ਠੀਕ ਨਹੀਂ। ਜੀ.ਐਸ.ਟੀ. ਤੇ ਨੋਟਬੰਦੀ ਗੇਮ ਚੇਂਜਰ ਹਨ। ਕਰੀਬ 5000 ਪਿੰਡ ਅਜਿਹੇ ਹਨ, ਜਿਥੇ ਬਿਜਲੀ ਪਹੁੰਚਾਈ ਜਾਣੀ ਬਾਕੀ ਹੈ, ਜੋ 2018 ਤੱਕ ਟੀਚਾ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਹਾਲ ਹੀ ‘ਚ ਜੋ ਲੇਖ ਲਿਖੇ ਗਏ ਹਨ, ਉਨ੍ਹਾਂ ਵਿਚ ਤੱਥਾਂ ਦੀ ਕਮੀ ਸੀ।































