ਹਾਂਗਕਾਂਗ : ਭਾਰਤ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਹਾਂਗਕਾਂਗ ਨੇ ਤਿੰਨ ਮਈ ਤਕ ਭਾਰਤ ਤੋਂ ਆਉਣ ਤੇ ਜਾਉਣ ਵਾਲੀਆਂ ਉਡਾਣਾਂ ’ਤੇ ਰੋਕ ਲਗਾ ਦਿੱਤੀ ਹੈ। ਨਾਗਰਿਕ ਹਵਾਬਾਜ਼ੀ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਹਾਂਗਕਾਂਗ ਨੇ ਇੰਨੇ ਸਮੇਂ ਲਈ ਪਾਕਿਸਤਾਨ ਤੇ ਫਿਲੀਪੀਂਸ ਦੇ ਨਾਲ ਵੀ ਹਵਾਈ ਆਵਾਜਾਈ ਮੁਲਤਵੀ ਕਰ ਦਿੱਤੀ ਹੈ। ਹਾਂਗਕਾਂਗ ਸਰਕਾਰ ਨੇ ਇਹ ਫੈਸਲਾ ਉਦੋਂ ਕੀਤਾ ਜਦੋਂ ਵਿਸਤਾਰਾ ਏਅਰਲਾਈਨਜ਼ ਦੀਆਂ ਦੋ ਫਲਾਈਟਾਂ ਤੋਂ ਹਾਂਗਕਾਂਗ ਪਹੁੰਚੇ 50 ਯਾਤਰੀ ਜਾਂਚ ’ਚ ਕੋਰੋਨਾ ਪਾਜ਼ੇਟਿਵ ਪਾਏ ਗਏ।ਹਾਂਗਕਾਂਗ ਵੱਲੋਂ ਜਾਰੀ ਕੀਤੇ ਗਏ ਨਿਯਮਾਂ ਮੁਤਾਬਕ, ਉਥੇ ਜਾਣ ਤੋਂ ਜ਼ਿਆਦਾਤਰ 72 ਘੰਟਿਆਂ ਪਹਿਲਾਂ ਸਾਰੇ ਯਾਤਰੀਆਂ ਲਈ ਆਰਟੀ-ਪੀਸੀਆਰ ਜਾਂਚ ਕਰਵਾ ਕੇ ਕੋਵਿਡ-19 ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ। ਇਸ ਤੋਂ ਪਹਿਲਾਂ ਐਤਵਾਰ ਨੂੰ ਵੀ ਹਾਂਗਕਾਂਗ ਸਰਕਾਰ ਨੇ ਮੁੰਬਈ ਤੋਂ ਵਿਸਤਾਰਾ ਏਅਰਲਾਈਨਜ਼ ਦੀਆਂ ਸਾਰੀਆਂ ਉਡਾਣਾਂ ਨੂੰ ਦੋ ਮਈ ਤਕ ਮੁਲਤਵੀ ਕਰਨ ਦਾ ਐਲਾਨ ਕੀਤਾ ਸੀ। ਇਹ ਫੈਸਲਾ ਵਿਸਤਾਰਾ ਦੀ ਮੁੰਬਈ-ਹਾਂਗਕਾਂਗ ਉਡਾਣ ਤੋਂ ਪਹੁੰਚੇ ਤਿੰਨ ਲੋਕਾਂ ਦੇ ਐਤਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਲਿਆ ਗਿਆ ਸੀ।