ਫੋਨ ਤੇ ਮਾਰੀ ਇੰਨੀਂ ਵੱਡੀ ਠੱਗੀ

0
899

ਹਾਂਗਕਾਂਗ (ਪਚਬ):: ਹਾਂਗਕਾਂਗ ਵਿਚ ਕੁਝ ਸ਼ਾਤਿਰ ਚੋਰਾਂ ਨੇ ਇਕ 90 ਸਾਲਾ ਮਹਿਲਾ ਨੂੰ 32 ਮਿਲੀਅਨ ਡਾਲਰ ਮਤਲਬ 240 ਕਰੋੜ ਰੁਪਏ ਦਾ ਚੂਨਾ ਲਗਾ ਦਿੱਤਾ। ਇਸ ਮਾਮਲੇ ਨੂੰ ਹਾਂਗਕਾਂਗ ਦੇ ਇਤਿਹਾਸ ਦਾ ਸਭ ਤੋਂ ਵੱਡਾ ਫੋਨ ਸਕੈਮ ਮੰਨਿਆ ਜਾ ਰਿਹਾ ਹੈ। ਇਹ ਮਹਿਲਾ ਹਾਂਗਕਾਂਗ ਦੇ ਪ੍ਰਭਾਵਸ਼ਾਲੀ ਲੋਕਾਂ ਵਿਚ ਸ਼ਾਮਲ ਕੀਤੀ ਜਾਂਦੀ ਰਹੀ ਹੈ। ਪੁਲਸ ਨੇ ਇਸ ਮਾਮਲੇ ਵਿਚ ਇਕ 19 ਸਾਲਾ ਯੂਨੀਵਰਸਿਟੀ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਫੋਨ ਸਕੈਮਰਜ਼ ਦੇ ਇਕ ਅਕਾਊਂਟ ਤੋਂ 8 ਕਰੋੜ ਰੁਪਏ ਬਰਾਮਦ ਕੀਤੇ ਹਨ। ਪੁਲਸ ਨੇ ਇਸ ਅਕਾਊਂਟ ਨੂੰ ਫ੍ਰੀਜ਼ ਕਰ ਦਿੱਤਾ ਹੈ ਪਰ ਫੋਨ ਸਕੈਮਰਜ਼ ਬਾਕੀ ਪੈਸਾ ਖਰਚ ਕਰ ਚੁੱਕੇ ਹਨ।

ਪੁਲਸ ਮੁਤਾਬਕ, ਇਸ ਮਹਿਲਾ ਨੂੰ ਇਕ ਫੋਨ ਆਇਆ ਸੀ ਅਤੇ ਇਸ ਸ਼ਖਸ ਨੇ ਆਪਣੇ ਆਪ ਨੂੰ ਕਾਨੂੰਨ ਲਾਗੂ ਕਰਨ ਵਾਲਾ ਅਧਿਕਾਰੀ ਦੱਸਿਆ। ਪੁਲਸ ਦੇ ਸੂਤਰਾਂ ਨੇ ਕਿਹਾ ਕਿ ਇਸ ਮਹਿਲਾ ਨੂੰ ਕਿਹਾ ਗਿਆ ਸੀ ਕਿ ਉਹਨਾਂ ਦੀ ਪਛਾਣ ਦੀ ਵਰਤੋਂ ਕੁਝ ਖਤਰਨਾਕ ਅਪਰਾਧੀ ਕਰ ਰਹੇ ਹਨ ਅਤੇ ਇਸ ਕਾਰਨ ਉਹਨਾਂ ਨੂੰ ਕਾਫੀ ਮੁਸ਼ਕਲਾਂ ਹੋ ਸਕਦੀਆਂ ਹਨ। ਇਸ ਮਗਰੋਂ ਉਹਨਾਂ ਨੂੰ ਪੈਸੇ ਟਰਾਂਸਫਰ ਕਰਨ ਦੀ ਸਲਾਹ ਦਿੱਤੀ ਗਈ ਤਾਂ ਜੋ ਇਸ ਗੱਲ ਦੀ ਜਾਂਚ ਕੀਤੀ ਜਾ ਸਕੇ ਕਿ ਉਹਨਾਂ ਦਾ ਪੈਸਾ ਗੈਰ ਕਾਨੂੰਨੀ ਤਾਂ ਨਹੀਂ ਹੈ। ਇਸ ਮਹਿਲਾ ਨੂੰ ਕਿਹਾ ਗਿਆ ਸੀ ਕਿ ਚੀਨ ਦੇ ਇਕ ਬਹੁਤ ਗੰਭੀਰ ਅਪਰਾਧਕ ਮਾਮਲੇ ਵਿਚ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਸੁਣਨ ਮਗਰੋਂ ਮਹਿਲਾ ਬਹੁਤ ਜ਼ਿਆਦਾ ਡਰ ਗਈ ਸੀ। ਭਾਵੇਂਕਿ ਮਹਿਲਾ ਨੂੰ ਕਿਹਾ ਗਿਆ ਸੀ ਕਿ ਉਸ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਅਤੇ ਉਹਨਾਂ ਦਾ ਸਾਰਾ ਪੈਸਾ ਜਾਂਚ ਦੇ ਬਾਅਦ ਵਾਪਸ ਭੇਜ ਦਿੱਤਾ ਜਾਵੇਗਾ ਪਰ ਜਦੋਂ ਅਜਿਹਾ ਨਹੀਂ ਕੀਤਾ ਗਿਆ ਤਾਂ ਮਹਿਲਾ ਨੂੰ ਸ਼ੱਕ ਹੋਇਆ ਅਤੇ ਉਸ ਨੇ ਇਸ ਮਾਮਲੇ ਬਾਰੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਦੇ ਸੂਤਰਾਂ ਮੁਤਾਬਕ ਕੁਝ ਸਮਾਂ ਪਹਿਲਾਂ ਪਲੰਕੇਟ ਰੋਡ ‘ਤੇ ਸਥਿਤ ਇਸ ਮਹਿਲਾ ਦੇ ਘਰ ਇਕ ਵਿਦਿਆਰਥੀ ਪਹੁੰਚਿਆ ਸੀ। ਪੁਲਸ ਮੁਤਾਬਕ ਇਸ ਵਿਦਿਆਰਥੀ ਨੇ ਮਹਿਲਾ ਨਾਲ ਸੰਪਰਕ ਕਰਨ ਲਈ ਉਸ ਨੂੰ ਫੋਨ ਨੰਬਰ ਵੀ ਦਿੱਤਾ ਸੀ। ਇਸੇ ਨੰਬਰ ‘ਤੇ ਇਸ ਮਹਿਲਾ ਨੂੰ ਫੋਨ ਸਕੈਮਰ ਨੇ ਫੋਨ ਕੀਤਾ ਸੀ।