(ਬਠਿੰਡਾ) : ਸੂਬੇ ਵਿਚ ਵਿਧਾਨ ਸਭਾ ਚੋਣਾਂ ਦੇ ਐਲਾਨ ਹੋਣ ਤੋਂ ਇਕ ਦਿਨ ਬਾਅਦ ਹੀ ਐਤਵਾਰ ਨੂੰ ਡੇਰਾ ਸੱਚਾ ਸੌਦਾ ਦੇ ਪੰਜਾਬ ਦੇ ਮੁੱਖ ਦਫਤਰ ਪਿੰਡ ਸਲਾਬਤਪੁਰਾ ਵਿਚ ਭੰਡਾਰਾ ਕੀਤਾ ਗਿਆ। ਹਾਲਾਂਕਿ ਇਹ ਪ੍ਰੋਗਰਾਮ ਪਹਿਲਾਂ ਤੋਂ ਹੀ ਤੈਅ ਸੀ ਪਰ ਪੰਜਾਬ ਵਿਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਹੋਏ ਇਸ ਸਮਾਗਮ ਨੂੰ ਸਿਆਸੀ ਗਲਿਆਰਿਆਂ ਵਿਚ ਡੇਰੇ ਦੇ ਸ਼ਕਤੀ ਪ੍ਰਦਰਸ਼ਨ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਇਸ ਸਮਾਗਮ ਵਿਚ ਕਾਂਗਰਸ, ‘ਆਪ’, ਅਕਾਲੀ ਦਲ ਅਤੇ ਭਾਜਪਾ ਦੇ ਕਈ ਵੱਡੇ ਨੇਤਾ ਵੀ ਪਹੁੰਚੇ। ਵੱਡੀ ਗਿਣਤੀ ਵਿਚ ਡੇਰਾ ਪ੍ਰੇਮੀ ਤਾਂ ਪਹੁੰਚੇ ਹੀ ਸਨ।
ਡੇਰੇ ਪਾਉਂਦੇ ਹਨ ਪੰਜਾਬ ਦੀ ਸਿਆਸਤ ’ਤੇ ਪ੍ਰਭਾਵ
ਪੰਜਾਬ ’ਚ ਕਰੀਬ 300 ਡੇਰੇ ਹਨ, ਪਰ ਕਰੀਬ 10 ਡੇਰਿਆਂ ਦੇ ਹਮਾਇਤੀਆਂ ਦੀ ਗਿਣਤੀ ਲੱਖਾਂ ’ਚ ਹੈ। ਇਨ੍ਹਾਂ ’ਚ ਰਾਧਾ ਸਵਾਮੀ ਬਿਆਸ, ਡੇਰਾ ਸੱਚਾ ਸੌਦਾ, ਨਿਰੰਕਾਰੀ, ਨਾਮਧਾਰੀ, ਦਿਵਿਆ ਜੋਤੀ ਜਾਗਿਕ੍ਰਤੀ ਸੰਸਥਾ, ਡੇਰਾ ਸੱਚਖੰਡ ਬੱਲਾਂ, ਡੇਰਾ ਬੇਗੋਵਾਲ ਮੁਖ ਹਨ। ਚੋਣਾਂ ’ਚ ਜੇਕਰ ਡੇਰਿਆਂ ਦੀ ਹਮਾਇਤ ਮਿਲ ਜਾਵੇ ਤਾਂ ਪਾਰਟੀਆਂ ਨੂੰ ਵੱਡਾ ਵੋਟ ਬੈਂਕ ਹਾਸਲ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਿਛਲੇ ਦਿਨੀਂ ਡੇਰਾ ਬਿਆਸ ਤੇ ਡੇਰਾ ਸੱਚਖੰਡ ਬੱਲਾਂ ’ਚ ਨਤਮਸਤਕ ਹੋਣ ਪਹੁੰਚੇ ਸਨ। ਹਾਲਾਂਕਿ ਇਨ੍ਹਾਂ ’ਚੋਂ ਕੋਈ ਵੀ ਨੇਤਾ ਇਸ ਵਾਰ ਹੁਣ ਤਕ ਕੋਈ ਡੇਰਾ ਸੱਚਾ ਸੌਦਾ ਨਹੀਂ ਗਿਆ।
ਭੰਡਾਰੇ ’ਚ ਇਹ ਨੇਤਾ ਪਹੁੰਚੇ
ਕਾਂਗਰਸ : ਮੰਤਰੀ ਵਿਜੈ ਇੰਦਰ ਸਿੰਗਲਾ, ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਤੇ ਸਾਧੂ ਸਿੰਘ ਧਰਮਸੋਤ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਮੌੜ ਤੋਂ ਕਾਂਗਰਸ ਦੀ ਟਿਕਟ ਦੀ ਦਾਅਵੇਦਾਰ ਮਨੋਜ ਬਾਲਾ ਬਾਂਸਲ ਅਤੇ ਰਾਹੁਲ ਇੰਦਰ ਸਿੱਧੂੂ।
ਭਾਜਪਾ : ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਸੁਨੀਤਾ ਗਰਗ, ਐਡਵੋਕੇਟ ਮੋਹਨ ਲਾਲ ਗਰਗ, ਵੀਨਾ ਗਰਗ, ਹਰਜੀਤ ਗਰੇਵਾਲ।
ਆਪ : ਬਠਿੰਡਾ ਤੋਂ ਉਮੀਦਵਾਰ ਜਗਰੂਪ ਗਿੱਲ।
ਅਕਾਲੀ ਦਲ (ਬ) : ਦਿੜ੍ਹਬਾ ਤੋਂ ਉਮੀਦਵਾਰ ਗੁਲਜਾਰ ਮੂਨਕ।