ਸ਼ੁੱਕਰਵਾਰ ਸਾਂਝੀਵਾਲਤਾ ਦੀ ਮਹਾਨ ਜਿੱਤ ਦਾ ਦਿਨ ਹੋ ਨਿੱਬੜਿਆ। ਇਕ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਨੇ ਅਨੇਕ ਨੈਤਿਕ ਜਿੱਤਾਂ ਤੋਂ ਬਾਅਦ ਅਮਲੀ ਰੂਪ ਵਿਚ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਅਤੇ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ। ਇਹ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੇ ਦਰਸਾਏ ਸਾਂਝੀਵਾਲਤਾ ਦੇ ਰਸਤੇ ’ਤੇ ਇਹ ਅੰਦੋਲਨ ਚੱਲਿਆ, ਦਾ 552ਵਾਂ ਪ੍ਰਕਾਸ਼ ਪੁਰਬ ਸੀ। ਬਾਬਾ ਜੀ ਦਾ ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਇਸ ਅੰਦੋਲਨ ਨੂੰ ਲਗਾਤਾਰ ਊਰਜਿਤ ਕਰਦਾ ਰਿਹਾ ਹੈ। 26 ਨਵੰਬਰ 2020 ਤੋਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਦੀਆਂ ਬਰੂਹਾਂ ’ਤੇ ਮੋਰਚੇ ਲਾਏ ਹੋਏ ਹਨ। ਇਹ ਇਨ੍ਹਾਂ ਜਥੇਬੰਦੀਆਂ, ਕਿਸਾਨ ਆਗੂਆਂ, ਕਿਸਾਨਾਂ ਅਤੇ ਹੋਰ ਵਰਗਾਂ ਦੇ ਲੋਕਾਂ ਦੇ ਸਿਦਕ, ਸਿਰੜ ਤੇ ਹੌਸਲੇ ਦਾ ਇਮਤਿਹਾਨ ਸੀ ਜਿਸ ਵਿਚ ਲੋਕਾਈ ਦੀ ਜਿੱਤ ਹੋਈ ਅਤੇ ਲੋਕ-ਵਿਰੋਧੀ ਤਾਕਤਾਂ ਨੂੰ ਮੂੰਹ ਦੀ ਖਾਣੀ ਪਈ। ਇਕ ਪਾਸੇ ਕਿਸਾਨਾਂ ਦਾ ਅਜ਼ੀਮ ਧੀਰਜ, ਸਹਿਜ, ਸੰਜਮ ਤੇ ਹਿੰਮਤ ਸੀ ਅਤੇ ਦੂਸਰੇ ਪਾਸੇ ਕਾਰਪੋਰੇਟ ਜਮਾਤ ਤੇ ਸੱਤਾਧਾਰੀ ਧਿਰਾਂ ਦਾ ਘੁਮੰਡ, ਹਉਮੈ ਅਤੇ ਸਮਾਜ ਦੀਆਂ ਜੜ੍ਹਾਂ ਖੋਖਲੀਆਂ ਕਰਨ ਵਾਲੀ ਤਾਕਤ। ਇਸ ਸੰਘਰਸ਼ ਵਿਚ ਸਾਂਝੀਵਾਲਤਾ, ਸਿਦਕ ਅਤੇ ਸੰਜਮ ਦੀ ਜਿੱਤ ਹੋਈ ਹੈ ਅਤੇ ਇਸ ਲਈ ਸਮੂਹ ਕਿਸਾਨ ਜਥੇਬੰਦੀਆਂ, ਕਿਸਾਨ ਆਗੂ, ਕਿਸਾਨ, ਖੇਤ ਮਜ਼ਦੂਰ ਅਤੇ ਹੋਰ ਵਰਗਾਂ ਦੇ ਲੋਕ ਵਧਾਈ ਦੇ ਹੱਕਦਾਰ ਹਨ। ਇਹ ਜਿੱਤ ਪ੍ਰਮੁੱਖ ਕਿਸਾਨ ਜਥੇਬੰਦੀਆਂ ਦੀ ਏਕਤਾ ਸਦਕਾ ਸੰਭਵ ਹੋਈ ਹੈ। ਜੇ ਇਹ ਏਕਤਾ ਨਾ ਪਨਪਦੀ ਤਾਂ ਕਿਸਾਨ ਅੰਦੋਲਨ ਦਾ ਸਰੂਪ ਉਹ ਨਹੀਂ ਸੀ ਹੋਣਾ ਜਿਹੜਾ ਅਸੀਂ ਦੇਖਿਆ। ਇਸ ਏਕਤਾ ਨੂੰ ਤੋੜਨ ਦੀਆਂ ਅਨੇਕ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਕਿਸਾਨ ਆਗੂਆਂ ਦੀ ਪੁਖ਼ਤਾ ਸਮਝ ਨੇ ਅਜਿਹੀਆਂ ਸਭ ਕੋਸ਼ਿਸ਼ਾਂ ਦੇ ਖ਼ਾਸੇ ਨੂੰ ਪਛਾਣਿਆ ਅਤੇ ਵਿਚਾਰਧਾਰਕ ਮੱਦਭੇਦਾਂ ਦੇ ਬਾਵਜੂਦ ਸੰਘਰਸ਼ ਦੀ ਇਮਾਰਤ ਵਿਚ ਤਰੇੜ ਨਹੀਂ ਆਉਣ ਦਿੱਤੀ। ਇਸ ਅੰਦੋਲਨ ਦੀ ਸਭ ਤੋਂ ਵੱਡੀ ਪ੍ਰਾਪਤੀ ਕੇਂਦਰ ਸਰਕਾਰ ਦੇ ਉਸ ਵਿਸ਼ਵਾਸ ਨੂੰ ਚੁਣੌਤੀ ਦੇਣਾ ਸੀ ਕਿ ਉਹ ਜਿਹੜਾ ਮਰਜ਼ੀ ਫ਼ੈਸਲਾ ਕਰ ਸਕਦੀ ਹੈ ਅਤੇ ਕੋਈ ਵੀ ਉਸ ਫ਼ੈਸਲੇ ’ਤੇ ਉਜ਼ਰ ਨਹੀਂ ਕਰੇਗਾ। ਇਸ ਤੋਂ ਪਹਿਲਾਂ ਸ਼ਾਹੀਨ ਬਾਗ਼ ਅਤੇ ਹੋਰ ਥਾਵਾਂ ’ਤੇ ਨਾਨੀਆਂ, ਦਾਦੀਆਂ, ਮਾਵਾਂ, ਚਾਚੀਆਂ, ਤਾਈਆਂ ਅਤੇ ਹਰ ਉਮਰ ਦੀਆਂ ਔਰਤਾਂ ਨੇ ਇਕੱਠੇ ਹੋ ਕੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕੀਤਾ ਸੀ ਪਰ ਉਸ ਅੰਦੋਲਨ ਦੇ ਪਾਸਾਰ ਇੰਨੇ ਵਿਰਾਟ ਅਤੇ ਵਿਆਪਕ ਨਹੀਂ ਸਨ ਹੋ ਸਕੇ। ਕਿਸਾਨ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ ਅਤੇ ਬਾਅਦ ਵਿਚ ਇਸ ਦੀ ਲੋਅ ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਹੋਰ ਸੂਬਿਆਂ ਵਿਚ ਪਸਰੀ। ਅੰਦੋਲਨ ਦੀ ਗੂੰਜ ਕੌਮੀ ਅਤੇ ਕੌਮਾਂਤਰੀ ਮੰਚਾਂ ’ਤੇ ਸੁਣਾਈ ਦਿੱਤੀ ਅਤੇ ਦੁਨੀਆ ਦੇ ਕੋਨੇ ਕੋਨੇ ’ਚੋਂ ਚਿੰਤਕ, ਵਿਦਵਾਨ, ਲੇਖਕ, ਰੰਗਕਰਮੀ, ਗਾਇਕ, ਵਿਦਿਆਰਥੀ, ਨੌਜਵਾਨ ਅਤੇ ਸਮਾਜਿਕ ਕਾਰਕੁਨ ਇਸ ਅੰਦੋਲਨ ਦੀ ਹਮਾਇਤ ਲਈ ਨਿੱਤਰੇ। ਉੱਘੇ ਚਿੰਤਕ ਨੌਮ ਚੌਮਸਕੀ ਦੇ ਸ਼ਬਦ ਕਿ ਇਹ ਅੰਦੋਲਨ ਇਨ੍ਹਾਂ ਹਨੇਰੇ ਸਮਿਆਂ ਵਿਚ ਚਾਨਣ ਮੁਨਾਰਾ ਹੈ, ਅੰਦੋਲਨ ਦੀ ਸਜੀਵਤਾ ਅਤੇ ਅਹਿਮੀਅਤ ਦੀ ਸਹੀ ਤਰਜਮਾਨੀ ਕਰਦੇ ਹਨ। ਅੰਦੋਲਨ ਦੇ ਸ਼ਾਂਤਮਈ ਰਹਿਣ ਨੇ ਇਸ ਦੀ ਜਿੱਤ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਕਿਸਾਨ ਆਗੂਆਂ ਨੇ ਵਾਰ ਵਾਰ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਅੰਦੋਲਨ ਨੂੰ ਸ਼ਾਂਤਮਈ ਢੰਗ ਨਾਲ ਹੀ ਚਲਾਇਆ ਜਾਵੇਗਾ। ਕਿਸਾਨ ਵਿਰੋਧੀ ਤਾਕਤਾਂ ਨੇ ਅੰਦੋਲਨ ਨੂੰ ਸ਼ਾਂਤਮਈ ਲੀਹਾਂ ਤੋਂ ਲਾਹੁਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਉਹ ਕਾਮਯਾਬ ਨਾ ਹੋਈਆਂ। ਪੰਜਾਬ ਦੇ ਇਤਿਹਾਸ ਦੇ ਪ੍ਰਸੰਗ ਵਿਚ 1920ਵਿਆਂ ਦੀ ਗੁਰਦੁਆਰਾ ਸੁਧਾਰ ਲਹਿਰ ਦੇ ਸ਼ਾਂਤਮਈ ਮੋਰਚਿਆਂ ਤੋਂ ਬਾਅਦ ਕਿਸਾਨ ਸੰਘਰਸ਼ ਨੇ 100 ਸਾਲਾਂ ਬਾਅਦ ਫਿਰ ਇਤਿਹਾਸ ਸਿਰਜਿਆ। ਅੰਦੋਲਨ ਨੂੰ ਸ਼ੁਰੂ ਕਰਨ ਅਤੇ ਇਸ ਨੂੰ ਸਿਖਰ ’ਤੇ ਪਹੁੰਚਾਉਣ ਵਿਚ ਪੰਜਾਬ ਦੀ ਭੂਮਿਕਾ ਫ਼ੈਸਲਾਕੁਨ ਰਹੀ। ਇਹ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਸਨ ਜਿਨ੍ਹਾਂ ਨੇ 5 ਜੂਨ 2020 ਨੂੰ ਜਾਰੀ ਕੀਤੇ ਗਏ ਖੇਤੀ ਆਰਡੀਨੈਂਸਾਂ (ਜੋ ਬਾਅਦ ਵਿਚ ਕਾਨੂੰਨ ਬਣੇ) ਦੇ ਕਿਸਾਨ-ਵਿਰੋਧੀ ਕਿਰਦਾਰ ਨੂੰ ਸਮਝਿਆ ਅਤੇ ਕਿਸਾਨੀ ਨੂੰ ਇਸ ਮੁੱਦੇ ’ਤੇ ਅੰਦੋਲਿਤ ਕੀਤਾ। ਕਿਸਾਨਾਂ ਦੇ ਅੰਦੋਲਿਤ ਹੋਣ ਦੇ ਨਾਲ ਨਾਲ ਸਾਰਾ ਪੰਜਾਬ ਊਰਜਿਤ ਹੋਇਆ ਅਤੇ ਪੰਜਾਬ ਵਿਚਲੀ ਸਾਂਝੀਵਾਲਤਾ ਨੇ ਨਵੀਂ ਅੰਗੜਾਈ ਲਈ। ਔਰਤਾਂ ਤੇ ਨੌਜਵਾਨਾਂ ਦੀ ਸ਼ਮੂਲੀਅਤ ਨੇ ਅੰਦੋਲਨ ਨੂੰ ਨਿਵੇਕਲੀ ਜਮਹੂਰੀ ਨੁਹਾਰ ਬਖ਼ਸ਼ੀ। ਪੰਜਾਬ ਵਿਚ ਪੈਦਾ ਹੋਈ ਊਰਜਾ ਨੇ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਵਿਚ ਨਵਾਂ ਜੋਸ਼ ਭਰਿਆ। 25 ਅਤੇ 26 ਨਵੰਬਰ 2020 ਦੇ ਦਿਨ ਕਿਸਾਨ ਅੰਦੋਲਨਾਂ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖੇ ਜਾਣਗੇ। 25 ਨਵੰਬਰ ਨੂੰ ਹਰਿਆਣੇ ਦੇ ਕਿਸਾਨ ਪੁਲੀਸ ਤੇ ਪ੍ਰਸ਼ਾਸਨ ਦੀਆਂ ਲਾਈਆਂ ਰੋਕਾਂ ਨੂੰ ਤੋੜਦੇ ਹੋਏ ਅੱਗੇ ਵਧੇ ਅਤੇ 26 ਨਵੰਬਰ ਨੂੰ ਪੰਜਾਬ ਦੇ ਕਿਸਾਨ ਉਨ੍ਹਾਂ ਨੂੰ ਜਾ ਮਿਲੇ। ਉਨ੍ਹਾਂ ਦਿਨਾਂ ਵਿਚ ਬਹੁਤ ਸਾਰੇ ਫ਼ੈਸਲੇ ਸਮੂਹਿਕ ਅਤੇ ਵੇਗਮਈ ਲੋਕ ਸਮਝ ਵਿਚੋਂ ਜਨਮੇ ਅਤੇ ਸਹੀ ਸਾਬਤ ਹੋਏ; ਇਨ੍ਹਾਂ ਵਿਚੋਂ ਇਕ ਮਹੱਤਵਪੂਰਨ ਫ਼ੈਸਲਾ ਦਿੱਲੀ ਦੀਆਂ ਹੱਦਾਂ ’ਤੇ ਮੋਰਚੇ ਲਗਾਉਣਾ ਸੀ। ਵੇਗਮਈ ਤਾਕਤ ਅਤੇ ਸੰਜਮ ਦੇ ਸੰਤੁਲਨ ਨੇ ਅੰਦੋਲਨ ਦੇ ਆਗੂਆਂ ਦੀ ਸਹੀ ਫ਼ੈਸਲੇ ਲੈਣ ਵਿਚ ਵੱਡੀ ਸਹਾਇਤਾ ਕੀਤੀ। 26 ਜਨਵਰੀ 2021 ਦੀਆਂ ਘਟਨਾਵਾਂ ਕਾਰਨ ਅੰਦੋਲਨ ਕੁਝ ਪਲਾਂ ਲਈ ਡਗਮਗਾਇਆ ਪਰ 27 ਜਨਵਰੀ ਨੂੰ ਕਿਸਾਨ ਆਗੂਆਂ ਦੇ ਸਹੀ ਦਖ਼ਲ ਅਤੇ ਭਾਵਨਾਤਮਕ ਭਾਸ਼ਨਾਂ ਸਦਕਾ ਪਹਿਲਾਂ ਤੋਂ ਵੀ ਮਜ਼ਬੂਤ ਹੋ ਕੇ ਉੱਭਰਿਆ। ਅੰਦੋਲਨ ਦਾ ਪੈਂਡਾ ਔਝੜ ਤੇ ਮੁਸ਼ਕਿਲਾਂ ਭਰਿਆ ਸੀ। ਵੱਖ ਵੱਖ ਪੜਾਵਾਂ ’ਤੇ ਇਸ ਅੰਦੋਲਨ ਨੂੰ ‘ਨਕਸਲੀ’, ‘ਖਾਲਿਸਤਾਨੀ’, ‘ਅਤਿਵਾਦੀ’ ਅਤੇ ਹੋਰ ਲਕਬ ਦਿੱਤੇ ਗਏ ਪਰ ਅੰਦੋਲਨ ਦੀ ਲੋਕ-ਪੱਖੀ ਤੋਰ ਸਾਹਮਣੇ ਅਜਿਹੇ ਫ਼ਤਵੇ ਝੂਠੇ ਪੈ ਗਏ। ਇਸੇ ਦੌਰਾਨ 700 ਤੋਂ ਵੱਧ ਕਿਸਾਨਾਂ ਦੀਆਂ ਜਾਨਾਂ ਗਈਆਂ। ਲੋਕਾਂ ਨੇ ਉਨ੍ਹਾਂ ਨੂੰ ਲੋਕ-ਸ਼ਹੀਦ ਮੰਨਿਆ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਸਿੰਜਿਆ ਅੰਦੋਲਨ ਸਾਬਤ ਕਦਮ ਅਗਾਂਹ ਵਧਦਾ ਗਿਆ। ਦੂਜੇ ਪਾਸੇ ਸੱਤਾਧਾਰੀ ਪਾਰਟੀ ਨੇ 22 ਜਨਵਰੀ ਤੋਂ ਬਾਅਦ ਕਿਸਾਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ। ਸੱਤਾਧਾਰੀ ਚੁੱਪ ਦੀ ਇਹ ਸਾਜ਼ਿਸ਼ ਗੈਰ-ਜਮਹੂਰੀ ਅਤੇ ਅਸੰਵਿਧਾਨਕ ਸੀ। ਕਿਸਾਨ ਵਿਰੋਧੀ ਤਾਕਤਾਂ ਚਾਹੁੰਦੀਆਂ ਸਨ ਕਿ ਅੰਦੋਲਨ ਨੂੰ ਥਕਾ ਦਿੱਤਾ ਜਾਵੇ ਪਰ ਕਿਸਾਨ ਆਪਣੇ ਆਗੂਆਂ ਦੇ ਹਰ ਸੱਦੇ ’ਤੇ ਪਹਿਲਾਂ ਨਾਲੋਂ ਜ਼ਿਆਦਾ ਜੋਸ਼ ਨਾਲ ਸ਼ਾਮਿਲ ਹੋਏ। ਇਹ ਲਗਾਤਾਰਤਾ ਅੰਦੋਲਨ ਦਾ ਵਿਲੱਖਣ ਪਹਿਲੂ ਹੋ ਨਿੱਬੜੀ। ਕਿਸਾਨ ਅੰਦੋਲਨ ਨੇ ਸੁਲਤਾਨ ਬਾਹੂ ਦੇ ਸ਼ਬਦਾਂ ‘ਸਾਬਤ ਸਿੱਕ ਤੇ ਕਦਮ ਅਗਾਹਾਂ’ ਨੂੰ ਸੱਚ ਕਰ ਦਿਖਾਇਆ ਹੈ। ਅੰਦੋਲਨ ਦਾ ਇਕ ਪ੍ਰਭਾਵਸ਼ਾਲੀ ਪੱਖ ਸਿਆਸੀ ਆਗੂਆਂ ਨੂੰ ਅੰਦੋਲਨ ਤੋਂ ਅਲੱਗ ਰੱਖਣਾ ਸੀ। ਲੋਕਾਂ ਵਿਚ ਸਿਆਸੀ ਜਮਾਤ ਪ੍ਰਤੀ ਬੇਭਰੋਸਗੀ ਵਧੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਜਦੋਂ ਤੱਕ ਇਹ ਕਾਨੂੰਨ ਸੰਸਦ ਵਿਚ ਰੱਦ ਨਹੀਂ ਕੀਤੇ ਜਾਂਦੇ, ਉਹ ਇੰਤਜ਼ਾਰ ਕਰਨਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਣਸਾਂ ਦੀ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦ ਯਕੀਨੀ ਬਣਾਉਣਾ ਉਨ੍ਹਾਂ ਦੀ ਵੱਡੀ ਮੰਗ ਹੈ। ਇਹ ਸਹੀ ਸਮਝ ਹੈ। ਜਿੱਤ ਦੀਆਂ ਖੁਸ਼ੀਆਂ ਦੇ ਬਾਵਜੂਦ ਕਿਸਾਨੀ ਅਤੇ ਹੋਰ ਲੋਕਾਈ ਦੇ ਸਿਰ ’ਤੇ ਮੰਡਰਾ ਰਹੇ ਖ਼ਤਰੇ ਅਜੇ ਟਲੇ ਨਹੀਂ। ਖੇਤੀ ਖੇਤਰ ਨੂੰ ਵਾਤਾਵਰਨਕ ਸੰਕਟ ਸਮੇਤ ਕਈ ਹੋਰ ਖ਼ਤਰੇ ਦਰਪੇਸ਼ ਹਨ। ਕਿਸਾਨ ਸੰਘਰਸ਼ ਦੀ ਇਹ ਜਿੱਤ ਹੱਕ ਤੇ ਸੱਚ ਦੀ ਜਿੱਤ ਹੈ। ਕਿਸਾਨਾਂ ਨੇ ਸੱਚ ਦੀ ਕਮਾਈ ਕੀਤੀ ਹੈ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ‘‘ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ।।’’ ਕਿਸਾਨਾਂ ਦੀ ਕਮਾਈ ਸੱਚ ਦੀ ਇਹ ਤਹਿਰੀਰ ਕਦੇ ਪੁਰਾਣੀ ਨਹੀਂ ਹੋਵੇਗੀ; ਇਹ ਸਦਾ ਯਾਦ ਰੱਖੀ ਜਾਵੇਗੀ।
-ਸਵਰਾਜਬੀਰ ( ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਾਹਿਤ)