ਆਲੂ ਦੇ ਪਰੌਂਠੇ ਪੰਜਾਬੀਆਂ ਦਾ ਮਨਪਸੰਦ ਭੋਜਨ ਹਨ, ਘਰ ਹੋਵੇ ਜਾਂ ਢਾਬਾ, ਦਹੀਂ ਨਾਲ ਆਲੂ ਦੇ ਪਰੌਂਠੇ ਤੇ ਨਾਲ ਅੰਬ ਦਾ ਆਚਾਰ, ਅਸੀਂ ਬਹੁਤ ਖ਼ੁਸ਼ ਹੋ ਕੇ ਖਾਂਦੇ ਜਾਂਦੇ ਹਾਂ।
ਪਰ ਹੁਣ ਇਹ ਸ਼ਾਇਦ ਅਜਿਹਾ ਜ਼ਿਆਦਾ ਦੇਰ ਨਹੀਂ ਚੱਲੇਗਾ, ਕਿਉਂਕਿ ਬਦਲਦੇ ਜਾਂ ਕਹਿ ਲਈਏ ਵਿਗੜਦੇ ਜਾ ਰਹੇ ਵਾਤਾਵਰਣ ਸਦਕਾ ਇਹ ਸਭ ਸਾਡੇ ਨਾਸ਼ਤੇ ਦੀ ਥਾਲੀ ਵਿੱਚ ਗਾਇਬ ਹੋ ਸਕਦੇ ਹਨ।
ਇਕੱਲੇ ਇਹੀ ਨਹੀਂ ਹੋਰ ਵੀ ਕਈ ਖਾਧ ਪਦਾਰਥ ਹਨ, ਲੁਪਤ ਹੋਣ ਦੀ ਕਗਾਰ ‘ਤੇ ਹਨ। ਜਿਵੇਂ-ਜਿਵੇਂ ਤਾਪਮਾਨ ਅਤੇ ਵਾਤਾਵਰਨ ਵਿੱਚ ਬਦਲਾਅ ਆ ਰਹੇ ਹਨ, ਕੁਝ ਫ਼ਸਲਾਂ ਨੂੰ ਉਗਾਉਣ ਵਿੱਚ, ਜੀਵ ਜੋ ਇਨਸਾਨਾਂ ਦੀ ਖ਼ੁਰਾਕ ਬਣਦੇ ਹਨ ਉਹ ਖ਼ਤਰੇ ਵਿੱਚ ਹਨ।
ਇੱਕ ਅਧਿਐਨ ਵਿੱਚ ਕਿਹਾ ਗਿਆ ਕਿ ਜੇ ਪੰਜਾਬ ਦਾ ਔਸਤ ਤਾਪਮਾਨ 2 ਡਿਗਰੀ ਵਧਿਆ ਤਾਂ ਝੋਨੇ ਦਾ ਝਾੜ ਨੌਂ ਫ਼ੀਸਦੀ ਘਟ ਜਾਵੇਗਾ ਅਤੇ ਕਣਕ ਦਾ ਝਾੜ 23 ਫ਼ੀਸਦੀ ਘਟ ਜਾਵੇਗਾ ਅਤੇ ਜੇ ਇਹੀ ਤਾਪਮਾਨ 2 ਤੋਂ 3 ਡਿਗਰੀ ਵਧਿਆ ਤਾਂ ਕਣਕ ਦਾ ਝਾੜ 33 ਫ਼ੀਸਦੀ ਘਟ ਜਾਵੇਗਾ।
ਭਾਵ ਕਿ ਜੇ ਪਹਿਲਾਂ ਇੱਕ ਏਕੜ ਕਣਕ ਦਾ ਝਾੜ ਵੀਹ ਕੁਇੰਟਲ ਸੀ ਤਾਂ ਇਹ ਘਟ ਕੇ 12 ਕੁਇੰਟਲ ਰਹਿ ਜਾਵੇਗੀ।
ਆਓ ਦੇਖੀਏ ਖਾਣੇ ਦੀ ਮੇਜ਼ ਤੋਂ ਕੀ ਕੁਝ ਗਾਇਬ ਹੋ ਸਕਦਾ ਹੈ:
ਕਾਫ਼ੀ ਤੇ ਚਾਹ
ਸਵੇਰੇ ਉੱਠ ਕੇ ਚਾਹ ਜਾਂ ਕਾਫ਼ੀ ਪੀਣੀ ਪਸੰਦ ਕੀਤੀ ਜਾਂਦੀ ਹੈ। ਮਾਨਸਿਕ ਤੇ ਸਰੀਰਕ ਥਕਾਨ ਉਤਾਰਨ ਲਈ ਚਾਹ ਜਾਂ ਕਾਫ਼ੀ ਦਾ ਕੋਈ ਬਦਲ ਨਹੀਂ ਪਰ ਇਹ ਜ਼ਿਆਦਾ ਦੇਰ ਸੰਭਵ ਨਹੀਂ ਰਹੇਗਾ।
ਗਰਮੀ ਦੇ ਵਧਣ ਨਾਲ 2050 ਤੱਕ ਕਾਫ਼ੀ ਉਤਪਾਦਨ ਕਰ ਸਕਣ ਵਾਲਾ ਖੇਤਰ ਅੱਧਾ ਰਹਿ ਜਾਵੇਗਾ। ਸਾਇੰਸਦਾਨਾਂ ਦਾ ਕਹਿਣਾ ਹੈ ਕਿ 2080 ਤੱਕ ਕਾਫ਼ੀ ਦੀਆਂ ਜੰਗਲੀ ਪ੍ਰਜਾਤੀਆਂ ਬਿਲਕੁਲ ਲੋਪ ਹੋ ਜਾਣਗੀਆਂ।
ਦੁਨੀਆਂ ਵਿੱਚ ਸਭ ਤੋਂ ਵਧੇਰੇ ਕਾਫ਼ੀ ਦਾ ਉਤਪਾਦਨ ਤਨਜ਼ਾਨੀਆ ਵਿੱਚ ਹੁੰਦਾ ਹੈ। ਤਨਜ਼ਾਨੀਆ ਵਿੱਚ ਕਾਫ਼ੀ ਹੇਠਲਾ ਰਕਬਾ ਪਿਛਲੇ ਪੰਜਾਹ ਸਾਲਾਂ ਵਿੱਚ ਅੱਧਾ ਰਹਿ ਗਿਆ ਹੈ।
ਹੁਣ ਜੇ ਤੁਹਾਨੂੰ ਲਗਦਾ ਹੈ ਕਿ ਅਸੀਂ ਕਾਫ਼ੀ ਛੱਡ ਕੇ ਚਾਹ ਪੀਣੀ ਸ਼ੁਰੂ ਕਰ ਦਿਆਂਗੇ ਜਾਂ ਅਸੀਂ ਤਾਂ ਪਹਿਲਾਂ ਹੀ ਚਾਹ ਪੀਂਦੇ ਹਾਂ। ਸਾਨੂੰ ਕੀ, ਤਾਂ ਰੁਕੋ।
ਭਾਰਤ ਵਿੱਚ ਖੇਤੀ ਮਾਹਰਾਂ ਦਾ ਮੰਨਣਾ ਹੈ ਕਿ ਆਸਾਮ ਵਿੱਚ ਉਗਾਈ ਜਾਂਦੀ ਚਾਹ ਲਈ ਜੋ ਅਨਕੂਲ ਵਾਤਾਵਰਨ ਮੌਨਸੂਨ ਬਣਾਉਂਦੀ ਹੈ, ਉਹ ਬਦਲ ਰਿਹਾ ਹੈ। ਢੁਕਵੇਂ ਵਾਤਾਵਰਨ ਦੀ ਅਣਹੋਂਦ ਵਿੱਚ ਚਾਹ ਆਪਣਾ ਸਵਾਦ ਗੁਆ ਦੇਵੇਗੀ।
ਇਸ ਲਈ ਜਲਦੀ ਹੀ ਬੇਸੁਆਦ ਅਤੇ ਪਾਣੀ ਵਰਗੀ ਚਾਹ ਪੀਣ ਦੀ ਆਦਤ ਪਾਉਣੀ ਪੈ ਸਕਦੀ ਹੈ।
ਚਾਕਲੇਟ
ਚਾਕਲੇਟ ਦੇ ਪੌਦੇ, ਜਿਨ੍ਹਾਂ ਨੂੰ ਕੋਕੋ ਪਲਾਂਟ ਕਿਹਾ ਜਾਂਦਾ ਹੈ, ਨੂੰ ਵਿਕਸਿਤ ਹੋਣ ਲਈ ਬਹੁਤ ਜ਼ਿਆਦਾ ਗਰਮੀ ਤੇ ਹੁੰਮਸ ਦੀ ਲੋੜ ਹੁੰਦੀ ਹੈ। ਉਸ ਨਜ਼ਰੀਏ ਤੋਂ ਚਾਕਲੇਟ ਵਧ ਰਹੇ ਵਾਤਾਵਰਣ ਦਾ ਅਣਕਿਆਸਿਆ ਪੀੜਤ ਹੈ।
ਕਾਰਨ ਚਾਕਲੇਟ ਦੇ ਪੌਦਿਆਂ ਨੂੰ ਸਥਿਰਤਾ ਪਸੰਦ ਹੈ।
ਕੋਕੋ ਪਲਾਂਟ ਵੀ ਕਾਫ਼ੀ ਦੇ ਪੌਦਿਆਂ ਜਿੰਨ੍ਹੇ ਹੀ ਨਾਜੁਕ ਹੁੰਦੇ ਹਨ। ਮੀਂਹ, ਤਾਪਮਾਨ, ਮਿੱਟੀ ਦੀ ਗੁਣਵੱਤਾ, ਧੁੱਪ ਤੇ ਹਵਾ ਦੇ ਵਹਾਅ ਵਿੱਚ ਰਤਾ ਜਿੰਨੀ ਵੀ ਤਬਦੀਲੀ ਨਾਲ ਵੀ ਫ਼ਸਲ ਉੱਪਰ ਮਾਰੂ ਅਸਰ ਪੈ ਸਕਦਾ ਹੈ।
ਇੰਡੋਨੇਸ਼ੀਆ ਅਤੇ ਅਫ਼ਰੀਕੀ ਕਿਸਾਨਾਂ ਨੇ ਕੋਕੋ ਦੀ ਖੇਤੀ ਛੱਡ ਕੇ ਹੋਰ ਫਸਲਾਂ ਬੀਜਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਹ ਕਿਸਾਨ ਹੁਣ ਪਾਮ ਅਤੇ ਰਬੜ ਪਲਾਂਟ ਦੀ ਖੇਤੀ ਵੱਲ ਵਧ ਰਹੇ ਹਨ।
40 ਸਾਲਾਂ ਦੇ ਸਮੇਂ ਵਿੱਚ ਘਾਨਾ ਤੇ ਆਇਵਰੀ ਕੋਸਟ ਦੇ ਤਾਪਮਾਨ ਵਿੱਚ ਔਸਤ ਦੋ ਡਿਗਰੀ ਦਾ ਹੋਰ ਵਾਧਾ ਹੋ ਸਕਦਾ ਹੈ। ਦੁਨੀਆਂ ਦੇ ਕੁਲ ਕੋਕੋ ਉਤਪਾਦਨ ਦਾ ਦੋ ਤਿਹਾਈ ਉਤਪਾਦਨ ਇਨ੍ਹਾਂ ਦੋਹਾਂ ਦੇਸ਼ਾਂ ਵਿੱਚ ਹੀ ਹੁੰਦਾ ਹੈ।
ਜ਼ਾਹਿਰ ਹੈ ਇਸ ਨਾਲ ਚਾਕਲੇਟ ਮਹਿੰਗੀ ਸ਼ੈਅ ਬਣ ਜਾਵੇਗੀ ਅਤੇ ਹਰੇਕ ਬੱਚੇ ਨੂੰ ਇਸ ਦਾ ਸਵਾਦ ਨਹੀਂ ਮਿਲ ਸਕੇਗਾ ਜਿਵੇਂ ਅਸੀਂ ਤੁਸੀਂ ਮਾਣਿਆ ਹੈ।
ਮੱਛੀ ਤੇ ਚਿਪਸ
ਹੁਣ ਤੁਸੀਂ ਕਹੋਗੇ ਕਿ ਠੀਕ ਹੈ, ਇਹ ਮਾੜਾ ਹੋ ਰਿਹਾ ਹੈ ਪਰ ਮੱਛੀ ਤੇ ਆਲੂਆਂ ਉੱਤੇ ਕੀ ਆਫ਼ਤ ਆਉਣ ਵਾਲੀ ਹੈ? ਇਹ ਤਾਂ ਹਰ ਥਾਂ ਹੀ ਹੋ ਜਾਂਦੇ ਹਨ ਤੇ ਐਨੇ ਨਾਜ਼ੁਕ ਵੀ ਨਹੀਂ ਹਨ।
ਤਾਂ ਫਿਰ ਸੁਣੋ, ਮੱਛੀ ਛੋਟੀ ਹੋ ਰਹੀ ਹੈ ਕਿਉਂਕਿ ਉਨ੍ਹਾਂ ਦਾ ਵਿਕਾਸ ਨਹੀਂ ਹੋ ਰਿਹਾ। ਇਸ ਦੀ ਵਜ੍ਹਾ ਹੈ ਕਿ ਗਰਮੀ ਵਧਣ ਨਾਲ ਸਮੁੰਦਰਾਂ ਵਿੱਚ ਆਕਸੀਜ਼ਨ ਦਾ ਪੱਧਰ ਡਿੱਗ ਰਿਹਾ ਹੈ।
ਸਮੁੰਦਰ ਵਾਤਾਵਰਨ ਵਿੱਚੋਂ ਪਹਿਲਾਂ ਨਾਲੋਂ ਵਧੇਰੇ ਕਾਰਬਨ ਡਾਇਕਸਾਇਡ ਪੀ ਰਹੇ ਹਨ, ਜਿਸ ਕਾਰਨ ਸਾਡੇ ਸਮੁੰਦਰ ਤੇਜ਼ਾਬੀ ਹੋ ਰਹੇ ਹਨ, ਨਤੀਜਤਨ ਮੱਛੀਆਂ ਦਾ ਵਿਕਾਸ ਨਹੀਂ ਹੋ ਰਿਹਾ।
ਸਮੁੰਦਰਾਂ ਵਿੱਚੋਂ ਫੜੀਆਂ ਜਾ ਰਹੀਆਂ ਮੱਛੀਆਂ ਦੀ ਮਾਤਰਾ ਵਿੱਚ ਪਹਿਲਾਂ ਹੀ 5 ਫ਼ੀਸਦੀ ਦੀ ਕਮੀ ਆ ਚੁੱਕੀ ਹੈ।
ਅਤੇ ਆਲੂਆਂ ਦਾ ਕੀ?
ਬੇਸ਼ੱਕ ਭਾਵੇਂ ਆਲੂ ਜ਼ਮੀਨ ਦੇ ਅੰਦਰ ਹੁੰਦੇ ਹਨ ਤੇ ਵਾਤਾਵਰਨ ਦੀ ਸਿੱਧੀ ਮਾਰ ਤੋਂ ਬਚੇ ਰਹਿੰਦੇ ਹਨ ਪਰ ਜਿਵੇਂ-ਜਿਵੇਂ ਅਕਾਲ ਵਧਣਗੇ ਆਲੂਆਂ ਦੀ ਫ਼ਸਲ ‘ਤੇ ਵੀ ਅਸਰ ਪਵੇਗਾ।
ਯੂਕੇ ਵਿੱਚ 2018 ਦੀਆਂ ਗਰਮੀਆਂ ਉੱਥੋਂ ਦੇ ਇਤਿਹਾਸ ਦੀਆਂ ਗਰਮ, ਗਰਮੀਆਂ ਮੰਨੀਆਂ ਜਾਂਦੀਆਂ ਹਨ। ਇਸ ਦੌਰਾਨ ਆਲੂਆਂ ਦੇ ਝਾੜ ਵਿੱਚ ਇੱਕ ਚੌਥਾਈ ਕਮੀ ਆਈ ਅਤੇ ਉੱਥੋਂ ਦੇ ਮੀਡੀਆ ਨੇ ਆਲੂ ਦੇ ਸਾਈਜ਼ ਵਿੱਚ 3 ਸੈਂਟੀਮੀਟਰ ਦੀ ਕਮੀ ਰਿਪੋਰਟ ਕੀਤੀ।
ਬਰਾਂਡੀ, ਵਿਸਕੀ ਅਤੇ ਬੀਅਰ
ਫਰਾਂਸ ਵਿੱਚ ਇੱਕ ਬਰਾਂਡੀ ਕੱਢੀ ਜਾਂਦੀ ਹੈ, ਜਿਸ ਨੂੰ ਕਾਗਨੈਕ ਕਿਹਾ ਜਾਂਦਾ ਹੈ। ਉੱਥੇ ਕਾਗਨੈਕ ਦੀ ਸਨਅਤ 600 ਸਾਲ ਪੁਰਾਣੀ ਹੈ, ਜੋ ਇਸ ਸਮੇਂ ਸੰਕਟ ਵਿੱਚ ਹੈ। ਤਾਪਮਾਨ ਦੇ ਵਧਣ ਕਾਰਨ ਅੰਗੂਰ ਜ਼ਿਆਦਾ ਮਿੱਠੇ ਹੋ ਗਏ ਹਨ ਤੇ ਉਨ੍ਹਾਂ ਨੂੰ ਕਾਗਨੈਕ ਲਈ ਕਸ਼ੀਦਿਆ ਨਹੀਂ ਜਾ ਸਕਦਾ।
ਕਾਗਨੈਟਿਕ ਨਿਰਮਾਤਾ ਇਨ੍ਹਾਂ ਅੰਗੂਰਾਂ ਦਾ ਬਦਲ ਤਲਾਸ਼ ਰਹੇ ਹਨ। ਇਨ੍ਹਾਂ ਬਦਲਾਂ ਦੇ ਖੋਜ ਕਾਰਜਾਂ ਵਿੱਚ ਉਹ ਸਾਲਾਨਾ ਹਜ਼ਾਰਾਂ ਯੂਰੋ ਖਰਚ ਕਰਦੇ ਹਨ ਪਰ ਹਾਲੇ ਤੱਕ ਬਹੁਤੀ ਸਫ਼ਲਤਾ ਹੱਥ ਨਹੀਂ ਲੱਗੀ।
ਇਸ ਤੋਂ ਇਲਾਵਾ ਸਕਾਟਲੈਂਡ ਵਿੱਚ ਵਿਸਕੀ ਨਿਰਾਮਾਤਾ ਵੀ ਆਪਣੇ ਸਿਰ ਖ਼ੁਰਕ ਰਹੇ ਹਨ। ਵਿਸ਼ਵੀ ਗਰਮੀ ਅਤੇ ਅਕਾਲ ਨੇ ਉਨ੍ਹਾਂ ਲਈ ਪਾਣੀ ਦੀ ਕਮੀ ਪੈਦਾ ਕਰ ਦਿੱਤੀ ਹੈ।
ਪਿਛਲੀਆਂ ਗਰਮੀਆਂ ਵਿੱਚ ਕਈ ਵਿਸਕੀ ਨਿਰਮਾਤਿਆਂ ਨੂੰ ਆਪਣੇ ਸ਼ਰਾਬ ਦੇ ਕਾਰਖਾਨੇ ਬੰਦ ਕਰਨੇ ਪਏ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਵਾਤਾਵਰਨ ਹੋਰ ਵੀ ਭਿਆਨਕ ਹੋਵੇਗਾ।
ਯੂਕੇ ਤੇ ਆਇਰਲੈਂਡ ਵਿੱਚ ਹੁਣ ਕਿਹਾ ਜਾ ਰਿਹਾ ਹੈ ਕਿ ਹਰ ਅੱਠ ਸਾਲਾਂ ਬਾਅਦ ਭਿਆਨਕ ਗਰਮੀ ਪਿਆ ਕਰੇਗੀ ਅਤੇ ਇਹ ਭਵਿੱਖਬਾਣੀ ਹੋਰ ਵੀ ਕਈ ਦੇਸ਼ਾਂ ਲਈ ਸੱਚ ਹੈ।
ਇਹ ਸਮੱਸਿਆ ਚੈਕ-ਗਣਰਾਜ ਤੋਂ ਲੈ ਕੇ ਅਮਰੀਕੀ ਬੀਅਰ ਨਿਰਮਾਤਾਵਾਂ ਤੱਕ ਸਾਂਝੀ ਹੈ। ਉਨ੍ਹਾਂ ਦੀ ਦੂਹਰੀ ਸਮੱਸਿਆ ਹੈ, ਪਹਿਲੀ ਪਾਣੀ ਤੇ ਦੂਸਰੀ ਕੱਚੇ ਮਾਲ ਦੀਆਂ ਫ਼ਸਲਾਂ ਦੀ।
ਫਿਰ ਮੈਂ ਕੀ ਕਰਾਂ, ਮੈਨੂੰ ਕੀ ਫ਼ਰਕ ਪੈਂਦਾ?
ਤੁਸੀਂ ਕਹਿ ਸਕਦੇ ਹੋ ਕਿ ਇਹ ਸਭ ਗੱਲਾਂ ਤੁਹਾਨੂੰ ਨਿੱਜੀ ਤੌਰ ‘ਤੇ ਪ੍ਰਭਾਵਿਤ ਨਹੀਂ ਕਰਨਗੀਆਂ। ਪਰ ਜ਼ਰਾ ਸੋਚੋ: ਜੇ ਐਡੇ ਵਿਸ਼ਾਲ ਪੱਧਰ ਤੇ ਲੋਕਾਂ ਦਾ ਖਾਣ-ਪਾਣ ਬਦਲੇਗਾ ਤਾਂ ਕਿੰਨੇ ਲੋਕਾਂ ਦੇ ਰੁਜ਼ਗਾਰ ਨੂੰ ਸੱਟ ਲੱਗੇਗੀ। ਕਰੋੜਾਂ ਲੋਕ ਬੇਰੁਜ਼ਗਾਰ ਹੋ ਜਾਣਗੇ ਅਤੇ ਉਨ੍ਹਾਂ ਨੂੰ ਖਾਣ ਦੇ ਲਾਲੇ ਪੈ ਜਾਣਗੇ।
ਇਸ ਤੋਂ ਇਲਾਵਾ ਲੋੜੀਂਦੀ ਪੈਦਾਵਾਰ ਨਾ ਹੋ ਸਕਣ ਕਾਰਨ ਮਹਿੰਗਾਈ ਵਧੇਗੀ। ਖ਼ੁਰਾਕ ਦੀ ਕਮੀ ਇੱਕ ਵੱਡਾ ਮਨੁੱਖੀ ਸੰਕਟ ਖੜ੍ਹਾ ਕਰ ਦਿੰਦੀ ਹੈ। ਜਿਸ ਨਾਲ ਸਿਆਸੀ ਸੰਕਟ ਜੋ ਕਿ ਗ੍ਰਹਿ ਯੁੱਧ ਦੀ ਸ਼ਕਲ ਵਿੱਚ ਪੈਦਾ ਹੁੰਦਾ ਹੈ ਖੜ੍ਹਾ ਹੋ ਜਾਂਦਾ ਹੈ।
ਇਸ ਲਿਹਾਜ਼ ਨਾਲ ਮਾਮਲਾ ਸਿਰਫ਼ ਤੁਹਾਡੇ ਆਲੂ ਦੇ ਪਰਾਠਿਆਂ ਦਾ ਜਾਂ ਸਵੇਰ ਦੀ ਕਾਫ਼ੀ ਦਾ ਨਹੀਂ ਹੈ…ਬਾਤ ਨਿਕਲੇਗੀ ਤੋ ਦੂਰ ਤਲਕ ਜਾਏਗੀ। BBC ਤੋਂ ਧੰਨਵਾਦ ਸਾਹਿਤ।