ਹੂਆਂਗਪੂ ’ਚ ਉਤਰੇ ਆਵਾਰਾ ਪਰਿੰਦੇ…

0
422

ਭਾਰਤ ਤੇ ਚੀਨ ਦਰਮਿਆਨ ਸਬੰਧ ਦੋ ਹਜ਼ਾਰ ਸਾਲ ਤੋਂ ਵੱਧ ਪੁਰਾਣੇ ਹਨ। ਚੀਨੀ ਯਾਤਰੀਆਂ ਹਿਊਨਸਾਂਗ ਤੇ ਫਾਹਿਆਨ ਦੀਆਂ ਭਾਰਤ ਫੇਰੀਆਂ ਅਤੇ ਉਨ੍ਹਾਂ ਵੱਲੋਂ ਇਨ੍ਹਾਂ ਫੇਰੀਆਂ ਬਾਰੇ ਲਿਖੀਆਂ ਕਿਤਾਬਾਂ ਇਸ ਹਕੀਕਤ ਦੀਆਂ ਗਵਾਹ ਹਨ। ਰੇਸ਼ਮੀ ਰਾਹ ਭਾਰਤ ਤੋਂ ਆਰੰਭ ਹੁੰਦਾ ਸੀ ਅਤੇ ਇਹ ਹਿੰਦੋਸਤਾਨ ਤੇ ਚੀਨ ਦਾ ਮੱਧ ਏਸ਼ੀਆ, ਮੱਧ ਪੂਰਬ ਤੇ ਯੂਰੋਪ ਨਾਲ ਕਾਰੋਬਾਰੀ ਰਿਸ਼ਤਾ ਜੋੜਦਾ ਸੀ। ਇੰਜ ਹੀ, ਦੱਖਣ ਭਾਰਤੀ ਰਾਜਿਆਂ, ਖ਼ਾਸ ਕਰਕੇ ਚੋਲ ਵੰਸ਼ ਨੇ ਸਮੁੰਦਰ ਦੇ ਰਸਤੇ ਚੀਨ ਨਾਲ ਕਾਰੋਬਾਰੀ ਸਬੰਧ ਸਥਾਪਿਤ ਕੀਤੇ। ਇਨ੍ਹਾਂ ਸਬੰਧਾਂ ਦੀ ਪ੍ਰਾਚੀਨਤਾ ਦੇ ਬਾਵਜੂਦ ਹਿੰਦੋਸਤਾਨੀਆਂ ਦੇ ਚੀਨ ਵਿਚ ਆਬਾਦ ਹੋਣ ਦੀ ਦਾਸਤਾਨ ਕਿਤੇ ਪੜ੍ਹਨ ਨੂੰ ਨਹੀਂ ਮਿਲਦੀ।
ਆਬਾਦ ਹੋਣ ਤੇ ਫਿਰ ਕਈ ਪੀੜ੍ਹੀਆਂ ਬਾਅਦ ਉਜੜਨ ਦਾ ਸਿਲਸਿਲਾ ਦੋ ਕੁ ਸੌ ਸਾਲ ਪਹਿਲਾਂ ਸ਼ੁਰੂ ਹੋਇਆ ਅਤੇ ਇਸ ਨੂੰ ਬ੍ਰਿਟਿਸ਼ ਸਾਮਰਾਜਵਾਦੀਆਂ ਨੇ ਸੰਭਵ ਬਣਾਇਆ। ਇਹ ਹਿੰਦੋਸਤਾਨੀ ਕੌਣ ਸਨ ਅਤੇ ਚੀਨੀ ਸਮਾਜ ਵਿਚ ਇਨ੍ਹਾਂ ਦਾ ਕੀ ਮੁਕਾਮ ਰਿਹਾ, ਇਸ ਦੀ ਸਾਖੀ ਪੇਸ਼ ਕਰਦੀ ਹੈ ਮਿਸ਼ੀ ਸ਼ਰਨ ਤੇ ਡਾ. ਜ਼ਾਂਗ ਚੀ ਵੱਲੋਂ ਸੰਪਾਦਿਤ ਕਿਤਾਬ ‘ਸਟ੍ਰੇਅ ਬਰਡਜ਼ ਔਨ ਦਿ ਹੂਆਂਗਪੂ’ (ਹੂਆਂਗਪੂ ’ਚ ਉਤਰੇ ਆਵਾਰਾ ਪਰਿੰਦੇ)। ਇਹ ਕਿਤਾਬ ਅੰਗਰੇਜ਼ੀ ਤੇ ਮੰਦਾਰਿਨ (ਚੀਨੀ) ਭਾਸ਼ਾਵਾਂ ਵਿਚ ਹੈ। ਇਸ ਦੀ ਕੀਮਤ 350 ਚੀਨੀ ਯੂਆਨ (ਕਰੀਬ 3070 ਰੁਪਏ) ਹੈ। ਇਸ ਦਾ ਭਾਰਤੀ ਐਡੀਸ਼ਨ ਅਜੇ ਰਿਲੀਜ਼ ਹੋਣਾ ਹੈ। ਜਿਸ ਸੱਜਣ ਨੇ ਇਹ ਪੜ੍ਹਨ ਨੂੰ ਦਿੱਤੀ, ਉਸ ਨੇ ਦਸ ਦਿਨਾਂ ਲਈ ਉਧਾਰ ਦਿੱਤੀ ਅਤੇ ਦਸਵੇਂ ਹੀ ਦਿਨ ਵਾਪਸ ਵੀ ਮੰਗਵਾ ਲਈ (ਸ਼ਾਇਦ ਕੀਮਤ ਕਰਕੇ); ਪਰ ਇਸ ਨੂੰ ਪੜ੍ਹਨਾ ਆਪਣੇ ਆਪ ਵਿਚ ਨਿਵੇਕਲਾ ਤਜਰਬਾ ਸਾਬਤ ਹੋਇਆ।

ਹੂਆਂਗਪੂ ਉਹ ਦਰਿਆ ਹੈ ਜੋ ਬੰਦਰਗਾਹੀ ਮਹਾਂਨਗਰ ਸ਼ੰਘਾਈ ਨੂੰ ਦੋ ਹਿੱਸਿਆਂ ਵਿਚ ਵੰਡਦਾ ਹੈ। ਇਸ ਨੂੰ ਸ਼ੰਘਾਈ ਦਾ ਤਰਲ ਦਿਲ ਵੀ ਕਿਹਾ ਜਾਂਦਾ ਹੈ। ‘ਆਵਾਰਾ ਪਰਿੰਦੇ’ (ਸਟ੍ਰੇਅ ਬਰਡਜ਼) ਗੁਰੂਦੇਵ ਰਾਬਿੰਦਰਨਾਥ ਟੈਗੋਰ ਦੀ ਮਸ਼ਹੂਰ ਕਵਿਤਾ ਹੈ- ਪੰਖੇਰੂਆਂ ਦੀ ਹਿਜਰਤੀ ਤਬੀਅਤ ਨੂੰ ਕਾਵਿਕ ਰੋਮਾਂਸ ਪ੍ਰਦਾਨ ਕਰਨ ਵਾਲੀ। ਗੁਰੂਦੇਵ, ਸ਼ੰਘਾਈ ਦੇ ਅਦਬੀ ਹਲਕਿਆਂ ਵਿਚ ਮਕਬੂਲ ਸਨ ਅਤੇ ਉਨ੍ਹਾਂ ਨੇ ਘੱਟੋ-ਘੱਟ ਤਿੰਨ ਵਾਰ ਉਸ ਨਗਰੀ ਦੀ ਯਾਤਰਾ ਕੀਤੀ। ਉਨ੍ਹਾਂ ਦੀਆਂ ਇਨ੍ਹਾਂ ਫੇਰੀਆਂ ਵੇਲੇ ਸ਼ੰਘਾਈ ਵਿਚ 3,500 ਤੋਂ ਵੱਧ ਹਿੰਦੋਸਤਾਨੀ ਵਸ ਚੁੱਕੇ ਸਨ ਜਿਨ੍ਹਾਂ ਵਿਚ ਅੱਛੀ-ਖ਼ਾਸੀ ਵਸੋਂ ਸਿੱਖ ਭਾਈਚਾਰੇ ਦੀ ਸੀ। ਗੁਰੂਦੇਵ ਦਾ ਬੁੱਤ ਅਜੇ ਵੀ ਸ਼ੰਘਾਈ ਦੀ ਮਾਓਮਿੰਗ ਰੋਡ ’ਤੇ ਮੌਜੂਦ ਹੈ।

ਕਿਤਾਬ ਵਿਚ 21 ਲੇਖਕਾਂ ਦੀਆਂ 25 ਰਚਨਾਵਾਂ ਸ਼ਾਮਲ ਹਨ। ਮੁੱਖ ਬੰਦ ਦੋਵਾਂ ਸੰਪਾਦਕਾਂ ਦਾ ਸਾਂਝਾ ਹੈ। ਇਨ੍ਹਾਂ ਵਿਚੋਂ ਮਿਸ਼ੀ ਸ਼ਰਨ ਹਾਂਗਕਾਂਗ ਵਿਚ ਵਸੀ ਹੋਈ ਹੈ ਅਤੇ ਅੰਗਰੇਜ਼ੀ ਦੀ ਨਾਮਵਰ ਲੇਖਕ ਹੈ। ਉਹ ਸੱਤ ਵਰ੍ਹੇ ਸ਼ੰਘਾਈ ਵਿਚ ਰਹੀ। ਡਾ. ਜ਼ਾਂਗ ਚੀ ਸ਼ੰਘਾਈ ਦੀ ਮਸ਼ਹੂਰ ਫੂਤਾਨ (ਫੂਦਾਨ) ਯੂਨੀਵਰਸਿਟੀ ਵਿਚ ਇਤਿਹਾਸ ਦੀ ਪ੍ਰੋਫ਼ੈਸਰ ਹੈ। ਉਸ ਦੀ ਚੀਨ ਤੇ ਭਾਰਤ ਦੇ ਇਤਿਹਾਸਕ ਰਿਸ਼ਤੇ ਦਾ ਰਿਕਾਰਡ ਪੇਸ਼ ਕਰਨ ਵਾਲੀ ਇਕ ਕਿਤਾਬ ‘ਚੇਜ਼ਿੰਗ ਦਿ ਮੌਂਕ’ਸ ਸ਼ੈਡੋ: ਏ ਜਰਨੀ ਇਨ ਦਿ ਫੁੱਟਸਟੈੱਪਸ ਆਫ ਜ਼ੂਆਨਜਾਂਗ’ ਪਹਿਲਾਂ ਹੀ ਪ੍ਰਕਾਸ਼ਿਤ ਹੋ ਚੁੱਕੀ ਹੈ। ‘ਸਟ੍ਰੇਅ ਬਰਡਜ਼’ ਦਰਸਾਉਂਦੀ ਹੈ ਕਿ ਸਭ ਤੋਂ ਪਹਿਲਾਂ ਚੀਨ ’ਚ ਪਾਰਸੀ ਆਏ, ਫਿਰ ਭਾਰਤੀ ਯਹੂਦੀ, ਫਿਰ ਇਸਮਾਇਲੀ (ਆਗ਼ਾ ਖਾਨ ਦੇ ਮੁਰੀਦ) ਤੇ ਦਾਊਦੀ ਬੌਹਰੇ (ਮੁਸਲਿਮ), ਫਿਰ ਸਿੰਧੀ ਅਤੇ ਫਿਰ ਸਿੱਖ। 1839 ਵਿਚ ਲਿਨ ਜੇਕਸੂ ਖ਼ਿੱਤੇ ਦੇ ਕਮਿਸ਼ਨਰ ਵੱਲੋਂ ਜ਼ਬਤ ਕੀਤੀ ਗਈ 20 ਹਜ਼ਾਰ ਚੈਸਟ ਅਫ਼ੀਮ ਵਿਚੋਂ ਸੱਤ ਹਜ਼ਾਰ ਚੈਸਟ ਭਾਰਤੀ ਵਪਾਰੀਆਂ ਦੀ ਹੋਣੀ ਇਸ ਹਕੀਕਤ ਦਾ ਇਜ਼ਹਾਰ ਹੈ ਕਿ ਭਾਰਤੀ ਕਾਰੋਬਾਰੀਆਂ ਦੇ ਪੈਰ ਉਦੋਂ ਤਕ ਸ਼ੰਘਾਈ ਵਿਚ ਟਿਕ ਚੁੱਕੇ ਸਨ।
ਅਫ਼ੀਮ ਯੁੱਧਾਂ (1839-1860) ਦੇ ਜ਼ਰੀਏ ਸ਼ੰਘਾਈ ਤੇ ਹੋਰ ਚੀਨੀ ਬੰਦਰਗਾਹੀ ਨਗਰਾਂ ਉੱਤੇ ਬ੍ਰਿਟਿਸ਼ ਕਬਜ਼ੇ ਮਗਰੋਂ 1840 ਵਿਚ ਬ੍ਰਿਟਿਸ਼ ਅਧਿਕਾਰੀਆਂ ਨੇ ਹਿੰਦੋਸਤਾਨੀਆਂ ਨੂੰ ਬਾਕਾਇਦਾ ਤੌਰ ’ਤੇ ਸ਼ੰਘਾਈ ਵਿਚ ਵਸਾਉਣਾ ਸ਼ੁਰੂ ਕੀਤਾ। ਸਿੱਖਾਂ ਦੀ ਆਮਦ 1885 ਤੋਂ ਆਰੰਭ ਹੋਈ। ਉਨ੍ਹਾਂ ਨੂੰ ਮੁੱਖ ਤੌਰ ’ਤੇ ਪੁਲੀਸ ਮੁਲਾਜ਼ਮਾਂ ਵਜੋਂ ਲਿਆਂਦਾ ਗਿਆ। ਉਨ੍ਹਾਂ ਦਾ ਮੁੱਖ ਕਾਰਜ ਬ੍ਰਿਟਿਸ਼ ਠਿਕਾਣਿਆਂ ਦੀ ਰਾਖੀ ਕਰਨਾ ਸੀ। 1940 ਵਿਚ ਸ਼ੰਘਾਈ ਵਿਚ 740 ਤੋਂ 800 ਤਕ ਸਿੱਖ ਪੁਲੀਸ ਮੁਲਾਜ਼ਮ ਹੋਣ ਦਾ ਰਿਕਾਰਡ ਮੌਜੂਦ ਹੈ। ਕਿਉਂਕਿ ਬ੍ਰਿਟਿਸ਼ ਅਧਿਕਾਰੀਆਂ ਵੱਲੋਂ ਸਿੱਖ ਪੁਲੀਸ ਮੁਲਾਜ਼ਮਾਂ ਦੀ ਵਰਤੋਂ ਸਥਾਨਕ ਵਸਨੀਕਾਂ ਉੱਤੇ ਸਖ਼ਤੀ ਕਰਨ ਲਈ ਕੀਤੀ ਜਾਂਦੀ ਸੀ, ਇਸ ਨੇ ਚੀਨੀਆਂ ਦੀਆਂ ਨਜ਼ਰਾਂ ਵਿਚ ਸਿੱਖਾਂ ਦਾ ਅਕਸ ਵਿਗਾੜ ਦਿੱਤਾ। ‘ਲਾਲ ਪਗੜੀਆਂ’ ਤੇ ‘ਕਾਲੇ ਸ਼ੈਤਾਨਾਂ’ ਵਾਲਾ ਇਹ ਅਕਸੀ ਵਿਗਾੜ ਅਜੇ ਵੀ ਪੂਰੀ ਤਰ੍ਹਾਂ ਦੂਰ ਨਹੀਂ ਹੋਇਆ ਅਤੇ ਨਾ ਹੀ ਸ਼ੰਘਾਈ ’ਚ ਸਥਿਤ ਤਿੰਨ ਗੁਰਦੁਆਰਿਆਂ ਦੀਆਂ ਇਮਾਰਤਾਂ ਅਜੇ ਤਾਈਂ ਚੀਨੀ ਬਾਸ਼ਿੰਦਿਆਂ ਤੋਂ ਖਾਲੀ ਕਰਵਾਈਆਂ ਜਾ ਸਕੀਆਂ ਹਨ। ਉਂਜ, ਦਿੱਲੀ ਤੋਂ ਪੇਇੰਚਿੰਗ ’ਚ ਜਾ ਵਸੇ ਅੰਗਰਜ਼ੀ ਲੇਖਕ ਅਵਤਾਰ ਸਿੰਘ (ਜੋ ਉੱਥੇ ਭਾਰਤੀ ਰੈਸਤਰਾਂ ਵੀ ਚਲਾਉਂਦਾ ਹੈ) ਵੱਲੋਂ ਕੁਝ ਪ੍ਰਤਿਸ਼ਠਿਤ ਭਾਰਤੀਆਂ ਨਾਲ ਮਿਲ ਕੇ ਇਹ ਇਮਾਰਤਾਂ ਖਾਲੀ ਕਰਵਾਉਣ ਦੇ ਯਤਨ ਜਾਰੀ ਹਨ। ਕਿਤਾਬ ਵਿਚ ਬੁੱਧ ਸਿੰਘ ਨਾਮੀਂ ਇਕ ਸਿੱਖ ਪੁਲੀਸ ਅਫ਼ਸਰ ਦੇ ਕਤਲ ਦਾ ਮਾਰਮਿਕ ਖੁਲਾਸਾ ਦਰਜ ਹੈ। ਉਹ 1902 ਵਿਚ ਸ਼ੰਘਾਈ ਮੈਟਰੋਪੋਲੀਟਨ ਪੁਲੀਸ ਦਾ ਮੈਂਬਰ ਬਣਿਆ, ਤੇਜ਼ੀ ਨਾਲ ਤਰੱਕੀ ਕੀਤੀ, ਉੱਚ ਅਹੁਦੇ ’ਤੇ ਪਹੁੰਚ ਗਿਆ, ਪਰ 1927 ਵਿਚ ਆਪਣੇ ਹੀ ਕੁਝ ਸਿੱਖ ਸਾਥੀਆਂ ਵੱਲੋਂ ਬੇਦਰਦੀ ਨਾਲ ਕਤਲ ਕਰ ਦਿੱਤਾ ਗਿਆ। ਸ਼ੰਘਾਈ ਦੇ ਕੁਝ ਸਿੱਖਾਂ ਵੱਲੋਂ 1920ਵਿਆਂ ਤੇ 30ਵਿਆਂ ’ਚ ਭਾਰਤੀ ਰਾਸ਼ਟਰਵਾਦ ਉਭਾਰਨ ਦੇ ਯਤਨਾਂ ਦਾ ਵੀ ਇਸ ਕਿਤਾਬ ’ਚ ਜ਼ਿਕਰ ਹੈ। ਚੀਨੀ ਲੇਖਕ ਚਾਓ ਯਿਨ ਦਾ ਪੀਐੱਚ.ਡੀ. ਥੀਸਿਜ਼ ਸ਼ੰਘਾਈ ਦੇ ਸਿੱਖਾਂ ਬਾਰੇ ਹੈ। ਉਸ ਦੇ ਇਸ ਥੀਸਿਜ਼ ਦਾ ਅੰਗਰੇਜ਼ੀ ਤਰਜਮਾ ਮੌਜੂਦ ਹੈ, ਪਰ ਆਸਾਨੀ ਨਾਲ ਉਪਲੱਬਧ ਨਹੀਂ। ਬਹਰਹਾਲ, ‘ਸਟ੍ਰੇਅ ਬਰਡਜ਼’ ਵਿਚ ਵੀ ਜੋ ਜਾਣਕਾਰੀ ਮੌਜੂਦ ਹੈ, ਉਹ ਗਿਆਨ-ਚਕਸ਼ੂ ਖੋਲ੍ਹਣ ਵਾਲੀ ਹੈ।
* * *

ਚੀਨ ਦੇ ਇਕ ਚੌਕ ’ਚ ਖੜ੍ਹਾ ਸਿੱਖ ਪੁਲੀਸ ਕਰਮਚਾਰੀ।

………ਸੁਰਿੰਦਰ ਸਿੰਘ ਤੇਜ