ਨਿਰੰਜਣ ਸਿੰਘ ਨੂੰ ਫਸਾਉਣ ਦੀ ਕੋਸ਼ਿਸ?

0
209

ਮੋਹਾਲੀ : ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ `ਚ ਅੱਜ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਤੋਂ ਦੋ ਸਾਲ ਪਹਿਲਾਂ 2016 `ਚ ਆਪਣੀ ਧੀ ਦੇ ਵਿਆਹ `ਤੇ ਕੀਤੇ ਗਏ ਹੱਦੋਂ ਵੱਧ ਖ਼ਰਚੇ ਬਾਰੇ ਕਾਫ਼ੀ ਬਾਰੀਕਬੀਨੀ ਨਾਲ ਪੁੱਛਗਿੱਛ ਕੀਤੀ ਗਈ। ਉਸ ਵਿਆਹ `ਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੀ ਵਿਸ਼ੇਸ਼ ਸੱਦੇ `ਤੇ ਗੀਤ ਗਾ ਕੇ ਗਿਆ ਸੀ।

ਇਹ ਸੁਣਵਾਈ ਬਹੁ-ਚਰਚਿਤ ਭੋਲਾ ਨਾਲ ਜੁੜੇ ਬਹੁ-ਕਰੋੜੀ ਨਸ਼ਾ ਘੁਟਾਲ਼ੇ ਦੀ ਸੀ। ਮੁਲਜ਼ਮਾਂ ਅਨੂਪ ਸਿੰਘ ਕਾਹਲੋਂ ਤੇ ਮਨਪ੍ਰੀਤ ਸਿੰਘ ਗਿੱਲ ਦੇ ਬਚਾਅ ਪੱਖ ਦੇ ਵਕੀਲਾਂ ਨੇ ਅੱਜ ਨਿਰੰਜਣ ਸਿੰਘ ਹੁਰਾਂ ਤੋਂ ਸੁਆਲ ਕੀਤੇ। ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਇਸ ਡ੍ਰੱਗ ਕੇਸ ਵਿੱਚ ਧਨ ਦੇ ਗ਼ੈਰ-ਕਾਨੂੰਨੀ ਲੈਣ-ਦੇਣ ਦਾ ਮਾਮਲਾ ਦਰਜ ਕੀਤਾ ਸੀ। ਸ੍ਰੀ ਨਿਰੰਜਣ ਸਿੰਘ ਉਸ ਮਾਮਲੇ ਦੇ ਜਾਂਚ ਅਧਿਕਾਰੀ ਸਨ।
ਸ੍ਰੀ ਨਿਰੰਜਣ ਸਿੰਘ ਨੇ ਬਚਾਅ ਪੱਖ ਵੱਲੋਂ ਪੁੱਛੇ ਗਏ ਸੁਆਲਾਂ ਦਾ ਜੁਆਬ ਦਿੰਦਿਆਂ ਕਿਹਾ,‘ਮੈਂ ਗਾਇਕਾਂ ਦਿਲਜੀਤ ਦੋਸਾਂਝ, ਮਿਸ ਪੂਜਾ, ਗਿੱਪੀ ਗਰੇਵਾਲ ਤੇ ਜੈਜ਼ੀ ਬੀ ਖਿ਼ਲਾਫ਼ ਦਾਇਰ ਹੋਈਆਂ ਸਿ਼ਕਾਇਤਾਂ ਦੀ ਜਾਂਚ ਕੀਤੀ ਸੀ। ਦਿਲਜੀਤ ਨੇ ਤਾਂ ‘ਵਿਦੇਸ਼ੀ ਵਟਾਂਦਰਾ ਪ੍ਰਬੰਧ ਕਾਨੂੰਨ` (ਫ਼ੇਮਾ) ਦੀ ਉਲੰਘਣਾ ਵੀ ਕੀਤੀ ਸੀ ਤੇ ਉਸ `ਤੇ ਜੁਰਮਾਨਾ ਲਾਇਆ ਗਿਆ ਸੀ। ਮੈਂ ਪਰਿਵਾਰ ਦਾ ਇਕਲੌਤਾ ਕਮਾਊ ਮੈਂਬਰ ਹਾਂ ਤੇ ਸਾਲ 2018 `ਚ ਮੇਰੀ ਆਮਦਨ 1.50 ਲੱਖ ਰੁਪਏ ਪ੍ਰਤੀ ਮਹੀਨਾ ਸੀ।`
ਸ੍ਰੀ ਨਿਰੰਜਣ ਸਿੰਘ ਨੇ ਦੱਸਿਆ ਕਿ ਦਿਲਜੀਤ ਸਿੰਘ ਨੇ 5 ਨਵੰਬਰ, 2016 ਨੂੰ ਫ਼ਗਵਾੜਾ ਸਥਿਤ ਹੈਰਿਟੇਜ ਹਵੇਲੀ `ਚ ਉਨ੍ਹਾਂ ਦੀ ਧੀ ਦੇ ਵਿਆਹ ਸਮਾਰੋਹ `ਚ ਸਿ਼ਰਕਤ ਕੀਤੀ ਸੀ। ‘ਦਿਲਜੀਤ ਨੇ ਤਦ ਉੱਥੇ ਮੌਜੂਦ ਕੁਝ ਮਹਿਮਾਨਾਂ ਦੀ ਮੰਗ `ਤੇ ਕੁਝ ਗੀਤ ਗਾਏ ਸਨ। ਮੈਨੂੰ ਯਾਦ ਨਹੀਂ ਕਿ ਮੈਂ ਉਸ ਨੂੰ ਕਿੰਨੀ ਰਕਮ ਅਦਾ ਕੀਤੀ ਸੀ। ਪਰ ਉਸ ਨੂੰ ਕੁਝ ਭੁਗਤਾਨ ਤਾਂ ਜ਼ਰੂਰ ਕੀਤਾ ਸੀ।`
ਬਚਾਅ ਪੱਖ ਦੇ ਵਕੀਲਾਂ ਨੇ ਦਾਅਵਾ ਕੀਤਾ ਕਿ ਦਿਲਜੀਤ ਦੋਸਾਂਝ ਨੇ ਤਦ ਆਪਣੀ ਉਸ ਪੇਸ਼ਕਾਰੀ ਲਈ 40 ਲੱਖ ਰੁਪਏ ਲਏ ਸਨ। ਸ੍ਰੀ ਨਿਰੰਜਣ ਸਿੰਘ ਤੋਂ ਪੁੱਛਿਆ ਗਿਆ ਕਿ ਉਸ ਵਿਆਹ `ਚ ਕੁੱਲ ਕਿੰਨੇ ਮਹਿਮਾਨ ਪੁੱਜੇ ਸਨ, ਤਦ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਗਿਣਤੀ ਚੇਤੇ ਨਹੀਂ ਹੈ।
ਸ੍ਰੀ ਨਿਰੰਜਣ ਸਿੰਘ ਨੇ ਦੱਸਿਆ,‘ਮੈਨੂੰ ਚੇਤੇ ਨਹੀਂ ਪਰ ਹੈਰਿਟੇਜ ਹਵੇਲੀ ਦੀ ਸਮਰੱਥਾ 600 ਤੋਂ 700 ਮਹਿਮਾਨਾਂ ਦੀ ਤਾਂ ਹੈ। ਮੇਰੇ ਬਾਰੇ ਇਹ ਕਹਿਣਾ ਵੀ ਗ਼ਲਤ ਹੈ ਕਿ ਮੈਂ ਜਾਣ-ਬੁੱਝ ਕੇ ਹੁਣ ਇਹ ਗੱਲਾਂ ਨਹੀਂ ਦੱਸ ਰਿਹਾ ਜਾਂ ਇਹ ਇਲਜ਼ਾਮ ਵੀ ਗ਼ਲਤ ਹੈ ਕਿ ਮੈਂ ਜਾਅਲੀ ਬਿਲ ਤਿਆਰ ਕੀਤੇ ਸਨ।`
ਸ੍ਰੀ ਨਿਰੰਜਣ ਸਿੰਘ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਆਪਣੇ ਵੱਲੋਂ ਦਰਜ ਕਰਵਾਈ ਸਿ਼ਕਾਇਤ ਵਿੱਚ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂਅ ਕਿਉਂ ਲਿਆ; ਤਾਂ ਉਨ੍ਹਾਂ ਜਵਾਬ ਦਿੱਤਾ ਕਿਹਾ ਕਿ ਮਜੀਠੀਆ ਵਿਰੁੱਧ ਤਾਂ ਜਾਂਚ ਹਾਲੇ ਤੱਕ ਚੱਲ ਰਹੀ ਹੈ।
ਸ੍ਰੀ ਨਿਰੰਜਣ ਸਿੰਘ ਨੇ ਉਨ੍ਹਾਂ ਦੋਸ਼ਾਂ ਨੂੰ ਵੀ ਮੁੱਢੋਂ ਰੱਦ ਕੀਤਾ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਨੇ ਜਲੰਧਰ ਦੇ ਉਸ ਵਕੀਲ ਦੇ ਹੋਟਲ ਵਿੱਚ ਮਜੀਠੀਆ ਨਾਲ ਇੱਕ ਮੁਲਾਕਾਤ ਵੀ ਕੀਤੀ ਸੀ, ਜਿਸ ਦਾ ਪਿਤਾ ਕਾਂਗਰਸ ਦੇ ਮੀਡੀਆ ਪੈਨਲ `ਚ ਸ਼ਾਮਲ ਹੈ ਤੇ ਉਹ ਵਕੀਲ ਵੀ ਉੱਥੇ ਮੌਜੂਦ ਸੀ।
ਅਦਾਲਤ `ਚ ਵਕੀਲਾਂ ਵੱਲੋਂ ਹਾਲੇ 7 ਦਸੰਬਰ ਨੂੰ ਹੋਰ ਪੁੱਛਗਿੱਛ ਕੀਤੀ ਜਾ ਸਕਦੀ ਹੈ।
ਅੱਜ ਦੀ ਸੁਣਵਾਈ ਤੋਂ ਬਾਅਦ ਅੱਜ ਮੀਡੀਆ `ਚ ਕੁਝ ਅਜਿਹੀ ਚਰਚਾ ਵੀ ਰਹੀ ਕਿ ਅੱਜ ‘ਅਦਾਲਤ `ਚ ਇਨਫ਼ੋਰਸਮੈਂਟ ਡਾਇਰੈਕਟੋਰੇਟ ਦਾ ਊਠ ਪਹਾੜ ਹੇਠਾਂ ਆ ਗਿਆ।`