ਹਾਂਗਕਾਂਗ (ਜੰਗ ਬਹਾਦਰ ਸਿੰਘ)-ਗੁਰਦੁਆਰਾ ਖ਼ਾਲਸਾ ਦੀਵਾਨ ਦੇ ਪ੍ਰਬੰਧਕਾਂ ਵਲੋਂ ਹਾਂਗਕਾਂਗ ਵਸਦੇ ਪੰਜਾਬੀ ਭਾਈਚਾਰੇ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ ਭਾਰਤ ਸਰਕਾਰ ਵਲੋਂ ਬਣਾਏ ਨਵੇਂ ਖੇਤੀ ਬਿੱਲਾਂ ਦਾ ਵਿਰੋਧ ਕਰਦਿਆਂ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਵਿਦੇਸ਼ ਵਿਭਾਗ ਦੇ ਨਾਂਅ ਮੈਮੋਰੰਡਮ ਹਾਂਗਕਾਂਗ ਸਥਿਤ ਇੰਡੀਅਨ ਕੌਸਲੇਟ ਵਿਖੇ ਸੌਪਿਆ ਗਿਆ | ਮੈਮੋਰੰਡਮ ਵਿਚ ਭਾਈਚਾਰੇ ਵਲੋਂ ਨਵੇਂ ਖੇਤੀ ਬਿੱਲਾਂ ‘ਤੇ ਕਿਸਾਨਾਂ ਦੀਆਂ ਭਾਵਨਾਵਾਂ ਅਨੁਸਾਰ ਮੁੜ ਵਿਚਾਰ ਕਰਨ ਅਤੇ ਖੇਤੀ ਵਸਤਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਲਾਜ਼ਮੀ ਕਰਨ ਦੀ ਮੰਗ ਕਰਦਿਆਂ ਪੰਜਾਬ ਸਮੇਤ ਭਾਰਤ ਭਰ ਵਿਚ ਇਸ ਬਿੱਲ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਡਟਵੀਂ ਹਮਾਇਤ ਦਾ ਪ੍ਰਗਟਾਵਾ ਕੀਤਾ ਗਿਆ | ਇੰਡੀਅਨ ਕੌਸਲੇਟ ਪੋਲੀਟਿਕਲ ਕਾਮਰਸ ਐਾਡ ਪ੍ਰੈੱਸ ਮਿਸਟਰ ਅਜੀਤ ਜੌਹਨ ਜੋਸ਼ੂਆ ਵਲੋਂ ਭਾਈਚਾਰੇ ਦੇ ਆਗੂਆਂ ਵਲੋਂ ਦਿੱਤਾ ਮੈਮੋਰੰਡਮ ਪ੍ਰਾਪਤ ਕੀਤਾ ਗਿਆ | ਮੈਮੋਰੰਡਮ ਦੇਣ ਮੌਕੇ ਖ਼ਾਲਸਾ ਦੀਵਾਨ ਬੋਰਡ ਚੇਅਰਮੈਨ ਅਮਰਜੀਤ ਸਿੰਘ ਸਿੱਧੂ, ਪ੍ਰਧਾਨ ਸੁੱਖਾ ਸਿੰਘ ਗਿੱਲ ਬੋਰਡ ਮੈਂਬਰ ਗੁਰਨਾਮ ਸਿੰਘ ਸ਼ਾਹਪੁਰ, ਅਵਤਾਰ ਸਿੰਘ ਪਟਿਆਲਾ, ਵੱਸਣ ਸਿੰਘ ਮੱਲਮੋਹਰੀ ਅਤੇ ਅਰਜਨ ਸਿੰਘ ਤਾਰਕ ਹਾਜ਼ਰ ਸਨ |