‘ਹਾਂਗਕਾਂਗ-ਮਕਾਓ-ਜ਼ੁਹਾਈ-ਪੁਲ’ : ਅੰਕੜਿਆਂ ਦੀ ਜਬਾਨੀ

0
1117

ਹਾਂਗਕਾਂਗ: ਹਾਂਗਕਾਂਗ, ਜ਼ੁਹਾਈ ਅਤੇ ਮਕਾਓ ਨੂੰ ਜੋੜਨ ਵਾਲੇ ਦੁਨੀਆ ਦੇ ਸਭ ਤੋਂ ਲੰਬੇ ਸਮੁੰਦਰੀ ਪੁਲ ‘ਤੇ ਮੁਖ ਕੰਮ ਅਧਿਕਾਰਿਕ ਤੌਰ ‘ਤੇ ਮੁਕਮੰਲ ਹੋ ਗਿਆ ਹੈ। 55 ਕਿਲੋਮੀਟਰ ਲੰਬੇ ਇਸ ਪੁਲ ਦਾ ਨਾਂ ‘ਹਾਂਗਕਾਂਗ-ਮਕਾਓ-ਜ਼ੁਹਾਈ-ਸੀਅ-ਬ੍ਰਿਜ’ ਹੈ। ਇਸ ਪੁਲ ਦੇ ਬਨਣ ਨਾਲ ਪਰਲ ਰੀਵਰ ਡੈਲਟਾ ‘ਤੇ ਸਥਿਤ ਇਨ੍ਹਾਂ ਤਿੰਨ ਵੱਡੇ ਸ਼ਹਿਰਾਂ ਦੀ ਦੂਰੀ ਚਾਰ ਘੰਟੇ ਤੋਂ ਘੱਟ ਕੇ 30 ਮਿੰਟ ਰਹਿ ਗਈ ਹੈ। ਬੀਤੇ 7 ਸਾਲਾਂ ਤੋਂ ਬਣ ਰਹੇ ਇਸ ਪੁਲ ‘ਤੇ ਇਸ ਸਾਲ ਵਿਚ ਆਵਾਜਾਈ ਚਾਲੂ ਹੋ ਜਾਵੇਗੀ। ਇਸ ਪੁਲ ਨੂੰ ਬਣਾਉਣ ਵਿਚ ਕਰੀਬ 1 ਲੱਖ ਕਰੋੜ ਰੁਪਏ  ਖਰਚ ਹੋਏ ਹਨ।
4.2 ਟਨ ਸਟੀਲ ਦੀ ਹੋਈ ਵਰਤੋਂ: ਚੀਨ ਦਾ ਮੰਨਣਾ ਹੈ ਕਿ ਇਸ ਪੁਲ ਦੇ ਬਨਣ ਨਾਲ ਹਾਂਗਕਾਂਗ ਦੀ ਸੁਸਤ ਪਈ ਆਰਥਿਕਤਾ ਨੂੰ ਵਧਾਵਾ ਮਿਲੇਗਾ। ਨਾਲ ਹੀ ਇਲਾਕੇ ਦੇ ਦੋ ਸਭ ਤੋਂ ਵੱਡੇ ਆਰਥਿਕ ਸ਼ਹਿਰ ਗੁਆਂਗਝੂ ਅਤੇ ਸ਼ੇਨਝੇਨ ਨੂੰ ਇਕ ਹੋਕ ਕਨੈਕਟੀਵਿਟੀ ਮਿਲੇਗੀ। ਹਾਲਾਂਕਿ ਇਹ ਦੋਵੇਂ ਸ਼ਹਿਰ ਹਾਂਗਕਾਂਗ ਨਾਲ ਸੜਕ, ਰੇਲ, ਜਲ ਅਤੇ ਹਵਾਈ ਮਾਰਗ ਨਾਲ ਪਹਿਲਾਂ ਹੀ ਜੁੜੇ ਹੋਏ ਹਨ। ਪਰਲ ਰੀਵਰ ਡੈਲਟਾ ਦੁਨੀਆ ਦੇ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਆਰਥਿਕ ਖੇਤਰਾਂ ਵਿਚੋਂ ਇਕ ਹੈ। ਇਸ ਪੁਲ ਨੂੰ ਬਣਾਉਣ ਵਿਚ 4.2 ਲੱਖ ਟਨ ਸਟੀਲ ਦੀ ਵਰਤੋਂ ਹੋਈ ਹੈ।
10,000 ਵਰਕਰਾਂ ਨੇ ਕੀਤਾ ਦਿਨ-ਰਾਤ ਕੰਮ : ਇਸ ਪੁਲ ਦੇ ਨਿਰਮਾਣ ਵਿਚ 7 ਸਾਲ ਦਾ ਸਮਾਂ ਲੱਗਾ ਹੈ। ਇਸ ਦੌਰਾਨ 10 ਵਰਕਰਾਂ ਦੀ ਮੌਤ ਹੋਈ ਅਤੇ 600 ਜ਼ਖਮੀ ਹੋਏ। ਮਰਨ ਵਾਲਿਆਂ ਵਿਚ 3 ਆਸਟ੍ਰੇਲੀਆਈ ਇੰਜੀਨੀਅਰ ਵੀ ਹਨ। ਪੁਲ ਦੇ ਨਿਰਮਾਣ ਲਈ ਸਮੁੰਦਰ ਵਿਚ ਪਹਿਲਾ ਟਿਊਬ ਵਿਛਾਉਣ ਵਿਚ 96 ਘੰਟੇ ਲੱਗੇ। ਇੰਜੀਨੀਅਰਾਂ ਅਤੇ ਵਰਕਰਾਂ ਨੇ ਦਿਨ-ਰਾਤ ਕੰਮ ਕੀਤਾ। ਲੱਗਭਗ 10,000 ਵਰਕਰਾਂ ਨੇ ਕੰਮ ਕੀਤਾ। 
ਪੁਲ ਦੀ ਮਜ਼ਬੂਤੀ : 
ਇਹ ਪੁਲ 8 ਦੀ ਤੀਬਰਤਾ ਵਾਲੇ ਭੂਚਾਲ ਸਮੇਂ ਵੀ ਟਿਕਿਆ ਰਹੇਗਾ। ਇਹ 300 ਕਿਲੋਮੀਟਰ ਪ੍ਰਤੀ ਘੰਟੇ ਦਾ ਤੂਫਾਨ ਝੱਲ ਲਵੇਗਾ। 3 ਲੱਖ ਟਨ ਵਜ਼ਨੀ ਜਹਾਜ਼ ਦੇ ਟਕਰਾਉਣ ‘ਤੇ ਵੀ ਇਸ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। 6 ਮਾਰਗੀ ਪੁਲ ਦੀ ਚੌੜਾਈ 108 ਫੁੱਟ ਹੈ। ਇਹ ਪੁਲ ‘Y’ ਆਕਾਰ ਵਿਚ ਬਣਾਇਆ ਗਿਆ ਹੈ। 30 ਹਜ਼ਾਰ ਗੱਡੀਆਂ ਰੋਜ਼ਾਨਾ ਇਸ ‘ਤੇ ਚੱਲ ਸਕਣਗੀਆਂ। ਪੁਲ ਵਿਚ ਦੂਸ਼ਿਤ ਪਾਣੀ ਨੂੰ ਸਾਫ ਕਰਨ ਵਾਲਾ ਪਲਾਂਟ ਵੀ ਲੱਗਿਆ ਹੋਇਆ ਹੈ, ਜਿਸ ਨਾਲ ਗੁਆਂਢੀ ਸ਼ਹਿਰਾਂ ਲਈ ਰੋਜ਼ਾਨਾ 2.7 ਲੱਖ ਟਨ ਪਾਣੀ ਸਾਫ ਕੀਤਾ ਜਾਵੇਗਾ।