ਨਾਸਾ ਨੇ ਰੋਬੋਟਿਕ ਮਾਰਸ ਲੈਂਡਰ ਸੋਮਵਾਰ ਰਾਤ 1:24 ਵਜੇ ਮੰਗਲ ਗ੍ਰਹਿ ‘ਤੇ ਉਤਾਰਿਆ ਹੈ। ਨਾਸਾ ਮੁਤਾਬਕ, ਪਹਿਲੀ ਵਾਰ ਦੋ ਐਕਸਪੈਰੀਮੈਂਟ ਸੈਟੇਲਾਈਟ ਨੇ ਸਪੇਸਕ੍ਰਾਫਟ ਦਾ ਪਿੱਛਾ ਕਰਦੇ ਹੋਏ ਉਸ ‘ਤੇ ਨਜ਼ਰ ਰੱਖੀ। ਇਸ ਪੂਰੇ ਮਿਸ਼ਨ ‘ਚ 99.3 ਕਰੋੜ ਡਾਲਰ ਕਰੀਬ 7044 ਕਰੋੜ ਰੁਪਏ ਦਾ ਖਰਚ ਆਇਆ ਹੈ। ਇਹ ਦੋਵੇਂ ਸੈਟੇਲਾਈਟ ਮੰਗਲ ‘ਤੇ ਪਹੁੰਚ ਰਹੇ ਸਪੇਸਕ੍ਰਾਫਟ ਤੋਂ 6 ਹਜ਼ਾਰ ਮੀਲ ਪਿੱਛੇ ਚਲ ਰਹੇ ਸੀ। ਨਾਸਾ ਨੇ ਇਸੇ ਸਾਲ 5 ਮਈ ਨੂੰ ਕੈਲੀਫੋਰਨੀਆ ਦੇ ਵੰਡੇਨਬਰਗ ਏਅਰਫੋਰਸ ਸਟੇਸ਼ਨ ਤੋਂ ਰਾਕੇਟ ਰਾਹੀਂ ਮਾਰਸ ਲੈਂਡਰ ਲੌਂਚ ਕੀਤਾ ਸੀ।
ਇਨਸਾਈਟ ਲਈ ਲੈਂਡਿੰਗ ‘ਚ ਲੱਗਣ ਵਾਲਾ 6 ਤੋਂ 7 ਮਿੰਟ ਦਾ ਸਮਾਂ ਬੇਹੱਦ ਅਹਿਮ ਰਿਹਾ। ਇਸ ਦੌਰਾਨ ਇਸ ਦਾ ਪਿੱਛਾ ਕਰ ਰਹੇ ਦੋਨੋਂ ਸੈਟੇਲਾਈਟਸ ਰਾਹੀਂ ਦੁਨੀਆ ਭਰ ਦੇ ਵਿਗਿਆਨੀਆਂ ਦੀਆਂ ਨਜ਼ਰਾਂ ਇਨਸਾਈਟ ‘ਤੇ ਰਹੀਆਂ। ਡਿਜ਼ਨੀ ਦੇ ਕਿਰਦਾਰਾਂ ਦੇ ਨਾਂ ਵਾਲੇ ਇਹ ਸੈਟਲਾਈਟਸ ‘ਵਾਲ-ਈ ਉੱਤੇ ‘ਈਵ’ ਨੇ ਅੱਠ ਮਿੰਟ ‘ਚ ਇਨਸਾਈਟ ਦੇ ਮੰਗਲ ‘ਤੇ ਉਤਰਣ ਦੀ ਜਾਣਕਾਰੀ ਧਰਤੀ ‘ਤੇ ਪਹੁੰਚਾ ਦਿੱਤੀ। ਨਾਸਾ ਨੇ ਇਸ ਮਿਸ਼ਨ ਦੀ ਪੂਰੀ ਲਾਈਵ ਕਵਰੇਜ ਕੀਤੀ।
ਹੁਣ ਤੁਹਾਨੂੰ ਦੱਸਦੇ ਹਾਂ ਇਨਸਾਈਟ ਨਾਲ ਜੁੜੀਆਂ ਕੁਝ ਅਹਿਮ ਗੱਲਾਂ
358 ਕਿਲੋ ਦੇ ਇਸ ਇਨਸਾਈਟ ਦਾ ਪੂਰਾ ਨਾਂ ‘ਇੰਟੀਰੀਅਰ ਐਕਸਪਲੋਰੇਸ਼ਨ ਯੂਜਿੰਗ ਸਿਸਮਿਕ ਇੰਵੈਸਟੀਗੇਸ਼ਨਸ’ ਹੈ। ਸੌਰ ਐਨਰਜੀ ਨਾਲ ਚੱਲਣ ਵਾਲਾ ਇਹ ਯਾਨ 26 ਮਹੀਨੇ ਕੰਮ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ।
7000 ਕਰੋੜ ਦੇ ਇਸ ਮਿਸ਼ਨ ‘ਚ ਯੂਐਸ, ਜਰਮਨੀ, ਫ੍ਰਾਂਸ ਤੇ ਯੂਰਪ ਸਮੇਤ 10 ਤੋਂ ਜ਼ਿਆਦਾ ਦੇਸ਼ਾਂ ਦੇ ਵਿਗਿਆਨੀ ਸ਼ਾਮਲ ਹਨ।
ਇਨਸਾਈਟ ਪ੍ਰੋਜੈਕਟ ਦੇ ਮੁੱਖ ਵਿਗਿਆਨੀ ਬਰੂਸ ਬੈਨਰਟ ਨੇ ਕਿਹਾ ਕਿ ਇਹ ਟਾਈਮ ਮਸ਼ੀਨ ਹੈ, ਜੋ ਇਹ ਪਤਾ ਲਾਵੇਗੀ ਕਿ 4.5 ਅਰਬ ਸਾਲ ਪਹਿਲਾਂ ਮੰਗਲ, ਧਰਤੀ ਤੇ ਚੰਨ ਜਿਹੇ ਪੱਥਰੀਲੇ ਗ੍ਰਹਿ ਕਿਹੋ ਜਿਹੇ ਸੀ।
ਇਸ ਦਾ ਮੁੱਖ ਉਪਕਰਣ ਸਿਸਮੋਮੀਟਰ ਹੈ, ਜਿਸ ਨੂੰ ਫ੍ਰਾਂਸੀਸੀ ਸਪੇਸ ਏਜੰਸੀ ਨੇ ਬਣਾਇਆ ਹੈ। ਲੈਂਡਿੰਗ ਤੋਂ ਬਾਅਦ ‘ਰੋਬੋਟਿਕ ਆਰਮ’ ਸਤ੍ਹਾ ‘ਤੇ ਸਿਸਮੋਮੀਟਰ ਲਾਵੇਗਾ। ਦੂਜਾ ਮੁੱਖ ਟੂਲ ‘ਸੈਲਫ ਹੈਮਰਿੰਗ ਹੈ, ਜੋ ਗ੍ਰਹਿ ਦੀ ਸਤ੍ਹਾ ‘ਚ ਗਰਮੀ ਦੇ ਵਹਾਅ ਨੂੰ ਦਰਜ ਕਰੇਗਾ।
ਨਾਸਾ ਨੇ ਇਨਸਾਈਟ ਨੂੰ ਲੈਂਡ ਕਰਵਾਉਣ ਲਈ ਇਲੀਸ਼ਿਅਮ ਪਲੈਨਿਸ਼ਿਆ ਨਾਂ ਦੀ ਲੈਂਡਿੰਗ ਸਾਈਟ ਚੁਣੀ ਜਿਸ ਦੀ ਸਤ੍ਹਾ ਫਲੈਟ ਸੀ। ਇਸ ਨਾਲ ਸਿਸਮੋਮੀਟਰ ਲਾਉਣ ਤੇ ਸਤ੍ਹਾ ਨੂੰ ਡ੍ਰਿਲ ਕਰਨਾ ਅਸਾਨ ਰਿਹਾ।
ਇਨਸਾਈਟ ਦੀ ਮੰਗਲ ਦੇ ਵਾਤਾਵਰਣ ‘ਚ ਪ੍ਰਵੇਸ਼ ਦੌਰਾਨ ਅੰਦਾਜ਼ਨ ਸਪੀਡ 12 ਹਜ਼ਾਰ 300 ਮੀਲ ਪ੍ਰਤੀ ਘੰਟਾ ਰਹੀ।
ਭੂਚਾਲ ਤੋਂ ਪੈਦਾ ਹੋਣ ਵਾਲੀ ਸਿਸਮੀਕ ਵੇਵ ਨਾਲ ਬਣਾਇਆ ਜਾਵੇਗਾ ਮੰਗਲ ਦਾ ਸਪੇਸ ਨਕਸ਼ਾ। ਪਹਿਲੇ ਭੇਜੇ ਗਏ ਕਿਊਰੋਸਿਟੀ ਸਪੇਸਕ੍ਰਾਫਟ ਦਾ ਫੋਕਸ ਪਾਣੀ ‘ਤੇ ਸੀ, ਇਹ ਸੈਟੇਲਾਈਟ ਮੰਗਲ ਦੀ ਬਨਾਵਟ ਦਾ ਜਾਇਜ਼ਾ ਲਵੇਗਾ।
ਮੰਗਲ ਗ੍ਰਹਿ ਕਈ ਮਾਮਲਿਆਂ ‘ਚ ਧਰਤੀ ਜਿਹਾ ਹੀ ਹੈ। ਦੋਨਾਂ ‘ਤੇ ਪਹਾੜ ਹਨ। ਜਦਕਿ ਧਰਤੀ ਦੀ ਤੁਲਨਾ ‘ਚ ਇਸ ਦੀ ਚੌੜਾਈ ਅੱਧੀ, ਭਾਰ ਇੱਕ ਤਿਹਾਈ ਤੇ ਘਣਤਾ 30% ਤੋਂ ਘੱਟ ਹੈ।