ਹਾਂਗਕਾਂਗ (ਜੰਗ ਬਹਾਦਰ ਸਿੰਘ)-ਫ਼ਿਲਮ ਅਦਾਕਾਰਾ ਕੰਗਨਾ ਰਣੌਤ ਦੀ ਬੇਤੁਕੀ ਬਿਆਨਬਾਜ਼ੀ ਕਾਰਨ ਦੇਸ਼-ਵਿਦੇਸ਼ ਵਿਚ ਵਸਦੇ ਭਾਰਤੀਆਂ ਅੰਦਰ ਗੁੱਸੇ ਅਤੇ ਹੋਰ ਦੀ ਲਹਿਰ ਫੈਲਦੀ ਜਾ ਰਹੀ ਹੈ। ਪਹਿਲਾਂ ਕਿਸਾਨ ਅੰਦੋਲਨ ਖ਼ਿਲਾਫ਼ ਅਤੇ ਹੁਣ ਦੇਸ਼ ਦੀ ਆਜ਼ਾਦੀ ਨੂੰ ਭੀਖ ਦੱਸਣ ਵਾਲੇ ਇਸ ਦੇ ਬਿਆਨਾਂ ਨੇ 1857 ਤੋਂ 1947 ਤੱਕ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਮਹਾਂਨਾਇਕਾਂ ਦੀ ਤੋਹੀਨ ਕੀਤੀ ਹੈ ਅਤੇ ਸਰਕਾਰ ਵਲੋਂ ਇਸ ਨੂੰ ਦਿੱਤੇ ਸਨਮਾਨ ਵਾਪਸ ਲੈ ਕੇ ਇਸ ‘ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਨਾ ਚਾਹੀਦਾ ਹੈ। ਉਪਰੋਕਤ ਪ੍ਰਗਟਾਵਾ ਕਰਦਿਆਂ ਪੰਜਾਬ ਯੂਥ ਕਲੱਬ ਦੇ ਨੁਮਾਇੰਦੇ ਮਾਸਟਰ ਜਗਤਾਰ ਸਿੰਘ ਢੁਡੀਕੇ ਨੇ ਕੰਗਨਾ ਰਣੌਤ ਵਲੋਂ ਦਿੱਤੇ ਬਿਆਨਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਪਰਮਿੰਦਰ ਸਿੰਘ ਗਰੇਵਾਲ, ਸਕੱਤਰ ਨਵਤੇਜ ਸਿੰਘ ਅਟਵਾਲ, ਅਮਰਜੀਤ ਸਿੰਘ ਗਰੇਵਾਲ, ਬਾਵਾ ਸਿੰਘ ਢਿੱਲੋਂ, ਗਾਇਕ ਗੁਰਦੀਪ ਜਵੱਦੀ, ਗਾਇਕ ਰਣਜੀਤ ਔਜਲਾ, ਗੀਤਕਾਰ ਜੱਸੀ ਤੁਗਲਵਾਲਾ, ਸਤਰੰਗ ਇੰਟਰਟੇਨਰ ਦੇ ਮਾਲਕ ਕਸ਼ਮੀਰ ਸਿੰਘ ਸੋਹਲ, ਗੀਤਕਾਰ ਚਮਕੌਰ ਗਿੱਲ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਪਤਵੰਤਿਆਂ ਵਲੋਂ ਇਨ੍ਹਾਂ ਵਿਚਾਰਾਂ ਨਾਲ ਦ੍ਰਿੜ ਸਹਿਮਤੀ ਦਾ ਪ੍ਰਗਟਾਵਾ ਕੀਤਾ।