ਹਾਂਗਕਾਂਗ ਦੇ ਗੁਰਦੁਆਰਿਆਂ ‘ਚ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਦੇ ਕਾਰਜ ਜ਼ੋਰਾਂ ‘ਤੇ

0
532

ਹਾਂਗਕਾਂਗ (ਜੰਗ ਬਹਾਦਰ ਸਿੰਘ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਹਾਂਗਕਾਂਗ ਦੇ ਦੋਵਾਂ ਗੁਰਦੁਆਰਿਆਂ ਖ਼ਾਲਸਾ ਦੀਵਾਨ ਅਤੇ ਗੁਰੂ ਨਾਨਕ ਦਰਬਾਰ ਵਿਖੇ ਨਵੀਂ ਪੀੜ੍ਹੀ ਨੂੰ ਸਿੱਖ ਵਿਰਸੇ ਨਾਲ ਜੋੜਨ ਦੇ ਕਾਰਜ ਜ਼ੋਰਾਂ-ਸ਼ੋਰਾਂ ‘ਤੇ ਚੱਲ ਰਹੇ ਹਨ | ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਚੱਲ ਰਹੇ ਇਨ੍ਹਾਂ ਕਾਰਜਾਂ ਤਹਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ, ਜਿਸ ਵਿਚ 60 ਦੇ ਕਰੀਬ ਬੱਚਿਆਂ ਵਲੋਂ ਹਿੱਸਾ ਲੈਂਦਿਆਂ ਸੰਪੂਰਨ ਜਪੁਜੀ ਸਾਹਿਬ ਅਤੇ ਹੋਰ ਬਾਣੀਆਂ ਸੁਣਾਈਆਂ ਗਈਆਂ ਅਤੇ ਛੋਟੇ ਬਾਲਕਾਂ ਵਲੋਂ ਪੰਜ ਪਾਉੜੀਆਂ ਅਤੇ ਮੂਲ ਮੰਤਰ ਯਾਦ ਕਰਕੇ ਸੁਣਾਏ ਗਏ | ਇਸੇ ਤਰ੍ਹਾਂ ਗੁਰੂ ਨਾਨਕ ਦਰਬਾਰ ਤੁੰਗ-ਚੁੰਗ ਵਿਖੇ ਬੱਚਿਆਂ ਦੇ ਚੱਲ ਰਹੇ ਦਸਤਾਰ ਸਿਖਲਾਈ ਕੈਂਪ ਵਿਚ ਤੀਸਰੇ ਸੈਸ਼ਨ ਦੌਰਾਨ ਬੱਚਿਆਂ ਵਲੋਂ ਹੁੰਮ-ਹੁਮਾ ਕੇ ਸ਼ਿਰਕਤ ਕੀਤੀ ਗਈ ਅਤੇ ਪੰਜਾਬੀ ਭਾਸ਼ਾ ਦੀ ਸਿਖਲਾਈ ਦੀਆਂ ਕਲਾਸਾਂ ਵੀ ਬੱਚਿਆਂ ਵਲੋਂ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ ਗਿਆ |