ਸਮਰਾਲਾ: ਪੰਜਾਬ ਸਾਹਿਤ ਦੇ ਉੱਘੇ ਸਾਹਿਤਕਾਰ ਤੇ ਸਮਰਾਲਾ ਦਾ ਮਾਣ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਉਰਫ਼ ਬੂਟਾ ਸਿੰਘ ਪੰਨੂ ਅੱਜ ਮੰਗਲਵਾਰ ਤੜਕੇ 3 ਵਜੇ ਹਾਰਟ ਅਟੈਕ ਕਾਰਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨੂੰ ਕੱਲ੍ਹ ਦਿਨ ‘ਚ ਸਾਹ ਦੀ ਤਕਲੀਫ਼ ਹੋਈ ਸੀ ਅਤੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ ਸੀ ਪਰ ਅੱਧੀ ਰਾਤ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਫਿਰ ਖ਼ਰਾਬ ਹੋ ਗਈ।
25 ਤੋਂ ਵੱਧ ਕਿਤਾਬਾਂ ਦੇ ਲੇਖਤ ਤੇ ਅਖ਼ਬਾਰਾਂ, ਰਸਾਲਿਆਂ ‘ਚ ਲਿਖਣ ਵਾਲੇ ਹਮਦਰਦਵੀਰ ਨੌਸ਼ਹਿਰਵੀ ਨੇ 84 ਸਾਲ ਦੇ ਉਮਰ ‘ਚ ਸਥਾਨਕ ਮਾਛੀਵਾੜਾ ਰੋਡ ਦੇ ਕਵਿਤਾ ਭਵਨ ਆਖਰੀ ਸਾਹ ਲਏ। ਪ੍ਰੋ. ਨੌਸ਼ਹਿਰਵੀ ਨੂੰ ਸਾਹਿਤਕ ਖੇਤਰ ‘ਚ ਸ਼ਾਂਤ ਵਗਦਾ ਦਰਿਆ ਆਖਿਆ ਜਾਂਦਾ ਰਿਹਾ ਹੈ, ਜੋ ਹੁਣ ਸਦਾ ਲਈ ਸਾਂਤ ਹੋ ਗਏ ਅਤੇ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ।
ਉਨ੍ਹਾਂ ਦੀ ਰਿਹਾਇਸ਼ ਵਾਲੀ ਕੋਠੀ ਦਾ ਨਾਂਅ ਕਵਿਤਾ ਭਵਨ ਹੈ। ਭਾਵੇਂ ਉਨ੍ਹਾਂ ਵੱਲੋਂ ਆਪਣੀ ਦੇਹ ਦਾਨ ਕੀਤੀ ਗਈ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਡਾਕਟਰਾਂ ਵੱਲੋਂ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਮੌਤ ਨਾਲ ਜਿੱਥੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ, ਉਥੇ ਬਹੁਤ ਸਾਰੇ ਸਿਆਸੀ ਤੇ ਸਮਾਜੀ ਆਗੂਆਂ ਵੱਲੋਂ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ।































