ਮਾਰਸ਼ਲ ਅਰਜਨ ਸਿੰਘ ਦਾ ਪਿੰਡ ਕੋਹਾਲੀ ਅੱਜ ਉਦਾਸ ਹੈ

0
1175

ਰਾਮ ਤੀਰਥ, 17 ਸਤੰੰਬਰ (ਧਰਵਿੰਦਰ ਸਿੰਘ ਔਲਖ)- ਹਿੰਦੁਸਤਾਨ ਦੀ ਨਾਮੀ ਪ੍ਰਮੁੱਖ ਹਸਤੀ ਏਅਰ ਮਾਰਸ਼ਲ ਅਤੇ 5 ਸਟਾਰ ਰੈਂਕ ਪ੍ਰਾਪਤ ਅਰਜਨ ਸਿੰਘ (98) ਦੇ ਤੁਰ ਜਾਣ ਨਾਲ ਅੱਜ ਉਨ੍ਹਾਂ ਦਾ ਸਮੁੱਚਾ ਪਿੰਡ ਕੋਹਾਲੀ ਉਦਾਸ ਹੈ | ਹਰ ਇਕ ਦੀ ਜ਼ੁਬਾਨ ‘ਤੇ ਅੱਜ ਅਰਜਨ ਸਿੰਘ ਦਾ ਜ਼ਿਕਰ ਹੈ | ਉਨ੍ਹਾਂ ਦੇ ਇਕ ਹੋਰ ਸਾਥੀ ਸਾਬਕਾ ਸਰਪੰਚ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਲਖਬੀਰ ਸਿੰਘ ਨਾਮਧਾਰੀ ਵੀ ਪਿਛਲੇ ਸਾਲ 28 ਅਕਤੂਬਰ 2016 ਨੂੰ ਇਸ ਜਹਾਨ ਤੋਂ ਕੂਚ ਕਰ ਗਏ ਸਨ | ਉਨ੍ਹਾਂ ਦੇ ਘਰ ਵਿਚ ਲਖਬੀਰ ਸਿੰਘ ਦੇ ਨਾਲ ਅਰਜਨ ਸਿੰਘ ਦੀ ਇਕ ਦੁਰਲੱਭ ਤਸਵੀਰ ਵੀ ਪ੍ਰਾਪਤ ਹੋਈ ਹੈ | 15 ਸਾਲ ਪਿੰਡ ਕੋਹਾਲੀ ਦੇ ਸਰਪੰਚ ਰਹੇ ਲਖਬੀਰ ਸਿੰਘ ਜਦੋਂ ਪਹਿਲੀ ਵਾਰ ਸਰਪੰਚ ਬਣੇ ਤਾਂ ਉਨ੍ਹਾਂ ਅਰਜਨ ਸਿੰਘ ਨੂੰ ਆਪਣੇ ਪਿੰਡ ਬੁਲਾ ਕੇ ਉਨ੍ਹਾਂ ਨੂੰ ਪਿੰਡ ਤੇ ਪੰਚਾਇਤ ਵਲੋਂ ਇਕ ਸਨਮਾਨ ਪੱਤਰ ਭੇਟ ਕੀਤਾ | ਉਨ੍ਹਾਂ ਦੇ ਜੱਦੀ ਪਿੰਡ ਵਿਚ ਅੱਜ-ਕੱਲ੍ਹ ਡਾ: ਕਰਨੈਲ ਸਿੰਘ ਦਾ ਬੇਟਾ ਸੁਰਿੰਦਰ ਸਿੰਘ ਨਾਮਧਾਰੀ ਅਤੇ ਉਨ੍ਹਾਂ ਦਾ ਪਰਿਵਾਰ ਰਹਿ ਰਿਹਾ ਹੈ | ਅਰਜਨ ਸਿੰਘ ਦੇ ਪਰਿਵਾਰ ਦਾ ਕੋਈ ਜੀਅ ਅੱਜ ਕੱਲ੍ਹ ਪਿੰਡ ਵਿਚ ਨਹੀਂ ਰਹਿੰਦਾ, ਉਨ੍ਹਾਂ ਦੇ ਚਾਚੇ-ਤਾਏ ਦੇ ਪੁੱਤਰਾਂ ਦੇ ਪਰਿਵਾਰ ਅੱਜ ਵੀ ਪ੍ਰੀਤਨਗਰ ਦੇ ਕੋਲ ਪਿੰਡ ਚੱਕ ਮਿਸ਼ਰੀ ਖਾਂ ਵਿਖੇ ਰਹਿ ਰਹੇ ਹਨ | ਏਅਰ ਫੋਰਸ ਵਿਚੋਂ ਸੇਵਾ ਮੁਕਤ ਹੋਏ ਮਨਜੀਤ ਸਿੰਘ ਸੈਕਟਰੀ ਨੇ ਦੱਸਿਆ ਕਿ ਅਰਜਨ ਸਿੰਘ ਦੇ ਦਾਦਾ ਭਗਵਾਨ ਸਿੰਘ ਸੈਨਾ ਵਿਚ ਰਸਾਲਦਾਰ ਸਨ ਅਤੇ ਅਰਜਨ ਸਿੰਘ ਦੇ ਪਿਤਾ ਕਿਸ਼ਨ ਸਿੰਘ ਇੰਗਲੈਂਡ ਤੋਂ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕਰਕੇ ਆਏ, ਜਿਨ੍ਹਾਂ ਸ੍ਰੀਲੰਕਾ ਵਿਚ ਰੇਲਵੇ ਵਿਭਾਗ ਵਿਚ ਨੌਕਰੀ ਕੀਤੀ | ਅਰਜਨ ਸਿੰਘ ਦਾ ਜਨਮ 15 ਅਪ੍ਰੈਲ 1919 ਨੂੰ ਪਿੰਡ ਕੋਹਾਲੀ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ | ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਨ੍ਹਾਂ ਦਾ ਕੁਝ ਪਰਿਵਾਰ ਪਿੰਡ ਕੋਹਾਲੀ (ਜ਼ਿਲ੍ਹਾ ਅੰਮਿ੍ਤਸਰ) ਆ ਕੇ ਰਹਿਣ ਲੱਗਾ, ਪਰ ਅਰਜਨ ਸਿੰਘ ਉਦੋਂ ਦਿੱਲੀ ਹੀ ਨੌਕਰੀ ਕਰ ਰਹੇ ਸਨ | ਉਹ ਪਹਿਲੀ ਵਾਰ ਆਜ਼ਾਦੀ ਤੋਂ ਬਾਅਦ 1965 ਵਿਚ ਜਨਰਲ ਹਰਬਖ਼ਸ਼ ਸਿੰਘ ਦੇ ਨਾਲ ਆਪਣੇ ਪਿੰਡ ਕੋਹਾਲੀ ਆਏ | ਉਨ੍ਹਾਂ ਦੇ ਨਾਲ ਸੰਸਦ ਮੈਂਬਰ ਗੁਰਦਿਆਲ ਸਿੰਘ ਢਿੱਲੋਂ ਵੀ ਸਨ | ਉਨ੍ਹਾਂ ਪਿੰਡ ਦਾ ਪ੍ਰਾਇਮਰੀ ਸਕੂਲ ਮਿਡਲ ਤੱਕ ਅਤੇ ਮਿਡਲ ਤੋਂ ਹਾਈ ਤੱਕ ਅਪਗੇ੍ਰਡ ਕਰਵਾਇਆ | ਦੂਸਰੀ ਵਾਰ 1968-69 ਅਤੇ ਫੇਰ 1978-79 ਵਿਚ ਪਿੰਡ ਆਏ, ਉਦੋਂ ਵਿਧਾਇਕ ਕਾਮਰੇਡ ਦਲੀਪ ਸਿੰਘ ਟਪਿਆਲਾ ਵੀ ਉਨ੍ਹਾਂ ਦੇ ਨਾਲ ਸਨ | ਉਨ੍ਹਾਂ ਅੱਡੇ ਵਿਚ ਸਕੂਲ ਦੇ ਸਾਹਮਣੇ ਮਾਰਕੀਟ ਦਾ ਉਦਘਾਟਨ ਕੀਤਾ ਪਰ ਅੱਜ ਉਸ ਮਾਰਕੀਟ ਦੀ ਹੋਂਦ ਲਗਭਗ ਖ਼ਤਮ ਹੋ ਰਹੀ ਹੈ | ਲਖਬੀਰ ਸਿੰਘ ਦੇ ਬੇਟੇ ਡਾ: ਜਸਮੇਲ ਸਿੰਘ ਬਿੱਲਾ ਨੇ ਦੱਸਿਆ ਕਿ ਅਰਜਨ ਸਿੰਘ ਪਿੰਡ ਵਿਚ ਡਿਗਰੀ ਕਾਲਜ ਮਨਜ਼ੂਰ ਕਰਵਾਇਆ ਸੀ ਪਰ ਪੰਚਾਇਤ ਨੇ ਕਾਲਜ ਵਾਸਤੇ ਜ਼ਮੀਨ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਉਹ ਕਾਲਜ ਹਰਜਨ ਸਿੰਘ ਅਜਨਾਲਾ ਦੇ ਯਤਨਾਂ ਸਦਕਾ ਅਜਨਾਲੇ ਚਲਾ ਗਿਆ, ਜਿਸ ਤੋਂ ਨਿਰਾਸ਼ ਹੋ ਕੇ ਅਰਜਨ ਸਿੰਘ ਨੇ ਪਿੰਡ ਨਾਲੋਂ ਵੀ ਆਪਣਾ ਨਾਤਾ ਤੋੜ ਲਿਆ ਅਤੇ ਫੇਰ ਕਦੇ ਉਹ ਪਿੰਡ ਨਾ ਆਏ | ਉਨ੍ਹਾਂ ਆਪਣੀ 80 ਏਕੜ ਜ਼ਮੀਨ ਵੇਚ ਕੇ 2 ਕਰੋੜ ਰੁਪਏ ਗਰੀਬ ਬੱਚਿਆਂ ਦੀ ਸਹਾਇਤਾ ਲਈ ਟਰੱਸਟ ਬਣਾ ਕੇ ਉਸ ਵਿਚ ਜਮ੍ਹਾਂ ਕਰਵਾ ਦਿੱਤੇ | ਡਾ: ਗੁਰਮੀਤ ਸਿੰਘ ਕੋਹਾਲੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਵਿਚ ਅਰਜਨ ਸਿੰਘ ਦੀ ਯਾਦਗਾਰ ਸਥਾਪਤ ਕੀਤੀ ਜਾਵੇ | ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਤਸਵੀਰ ਸ. ਸ. ਸ. ਸਕੂਲ ਕੋਹਾਲੀ ਵਿਚ ਲੱਗੀ ਹੁੰਦੀ ਸੀ, ਜੋ ਹੁਣ ਗਾਇਬ ਸੀ | ਪੰਚਾਇਤ ਨੇ ਸਕੂਲ ਵਿਚ ਉਨ੍ਹਾਂ ਦੀ ਤਸਵੀਰ ਲਾਉਣ ਦਾ ਫ਼ੈਸਲਾ ਕੀਤਾ ਹੈ |