ਵਿਲੱਖਣ ਪਛਾਣ
ਚਿਰਾਂ ਤੋਂ ਸੁਣਦੇ ਆਏ ਹਾਂ ਕਿ ਨਾਂ ਵਿੱਚ ਕੀ ਪਿਆ ਹੈ? ਕਿਸੇ ਨੂੰ ਕਿਸੇ ਵੀ ਨਾਂ ਨਾਲ ਬੁਲਾ ਲਵੋ, ਕੀ ਫ਼ਰਕ ਪੈਂਦਾ ਹੈ! ਅੱਜ ਵਿਗਿਆਨਕ ਪੱਖੋਂ ਵੇਖਦੇ ਹਾਂ ਕਿ ਨਾਂ ਵਿੱਚ ਅਸਲ ’ਚ ਕੀ ਪਿਆ ਹੈ? ਜਦੋਂ ਕਿਸੇ ਨੂੰ ਐਵੇਂ ਹੀ ਕਾਕਾ, ਬੇਬੀ, ਗੁੱਡੀ ਜਾਂ ਫਿਰ ਉਸ ਦੇ ਸਹੀ ਨਾਂ ਨਾਲ ਬੁਲਾਇਆ ਜਾਵੇ ਤਾਂ ਇਸ ਨਾਲ ਕਿਵੇਂ ਫ਼ਰਕ ਪੈਂਦਾ ਹੈ।
ਦਰਅਸਲ, ਦਿਮਾਗ਼ ਬਹੁਤ ਗੁੰਝਲਦਾਰ ਅੰਗ ਹੈ। ਇਸ ਉੱਤੇ ਕਿਸੇ ਨੂੰ ਉਸ ਦਾ ਨਾਂ ਲੈ ਕੇ ਬੁਲਾਉਂਦੇ ਸਾਰ ਬਹੁਤ ਹਿੱਸਿਆਂ ਵਿੱਚ ਹਲਚਲ ਹੋਣ ਲੱਗਦੀ ਹੈ। ਕਿਸੇ ਵੀ ਵਿਅਕਤੀ ਦੇ ਦਿਮਾਗ਼ ਦੇ ਖੱਬੇ ਪਾਸੇ ਵਿੱਚ ਵਿਚਕਾਰਲੇ ਫਰੰਟਲ ਕੌਰਟੈਕਸ, ਟੈਂਪੋਰਲ ਕੌਰਟੈਕਸ ਤੇ ਕਿਊਨੀਅਸ ਹਿੱਸਿਆਂ ਵਿੱਚ ਆਪਣਾ ਨਾਂ ਸੁਣਦੇ ਸਾਰ ਸਾਰੇ ਸੈੱਲ ਹਰਕਤ ਵਿੱਚ ਆ ਜਾਂਦੇ ਹਨ।
ਜਨਮ ਤੋਂ ਪਹਿਲੇ ਸਾਲ ਦੇ ਅੰਦਰ ਹੀ ਬੱਚੇ ਦਾ ਦਿਮਾਗ਼ ਬੁਲਾਏ ਜਾ ਰਹੇ ਨਾਂ ਨੂੰ ਸਮੋਣਾ ਸ਼ੁਰੂ ਕਰ ਦਿੰਦਾ ਹੈ। ਦੂਜੇ ਸਾਲ ਦੇ ਅੱਧ ਤੋਂ ਬਾਅਦ ਉਹ ਆਪਣੇ ਆਪ ਨੂੰ ਪਛਾਣਨਾ ਸ਼ੁਰੂ ਕਰਦਾ ਹੈ ਤੇ ਆਪਣੇ ਆਪ ਨੂੰ ਵੀ ਆਪਣੇ ਨਾਂ ਨਾਲ ਸੰਬੋਧਨ ਕਰਨ ਲੱਗਦਾ ਹੈ। ਮਸਲਨ, ਫੋਨ ਚੁੱਕ ਕੇ ਕਹਿਣਾ, ‘‘ਮੈਂ ਜੌਲੀ ਬੋਲਦਾਂ,’’ ‘‘ਜੌਲੀ ਨੇ ਖਾਣੈ’’ ਆਦਿ। ਇਸ ਪਛਾਣ ਨਾਲ ਬੱਚੇ ਦੇ ਦਿਮਾਗ਼ ਦੇ ਖੱਬੇ ਹਿੱਸੇ ਦਾ ਵਿਕਾਸ ਛੇਤੀ ਹੋਣ ਲੱਗ ਪੈਂਦਾ ਹੈ। ਇਸੇ ਹਿੱਸੇ ਨਾਲ ਅੱਗੋਂ ਜਾ ਕੇ ਵਿਸ਼ਵਾਸ ਤੇ ਤਰਕ ਵੱਲ ਰੁਚੀ ਵਧਦੀ ਹੈ। ਬੱਚਾ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਨਿਹਾਰ ਕੇ ਆਪਣਾ ਨਾਂ ਨਾਲ ਜੋੜ ਕੇ ਆਪਣੀ ਪਛਾਣ ਬਣਾਉਂਦਾ ਹੈ। ਯਾਨੀ ਇਹ ਸਪਸ਼ਟ ਹੈ ਕਿ ਬੱਚੇ ਨੂੰ ਸਿਰਫ਼ ਗੁਗਲੂ, ਮੁਗਲੂ ਕਹਿਣ ਨਾਲੋਂ ਉਸ ਦੇ ਨਾਂ ਨਾਲ ਸੰਬੋਧਨ ਕਰਨਾ ਪਹਿਲੇ ਸਾਲ ਤੋਂ ਹੀ ਬਹੁਤ ਜ਼ਰੂਰੀ ਹੈ। ਕੁਝ ਬੱਚਿਆਂ ਨੂੰ ਨੀਮ ਬੇਹੋਸ਼ ਕਰ ਕੇ 1995 ਵਿੱਚ ਡਾ. ਮੇਰੋਲਾ ਨੇ ਐੱਮਆਰਆਈ ਸਕੈਨ ਕਰ ਕੇ ਉਨ੍ਹਾਂ ਦੇ ਨਾਂ ਨਾਲ ਬੁਲਾਉਣ ਬਾਅਦ ਦਿਮਾਗ਼ ਦੇ ਕਈ ਹਿੱਸਿਆਂ ਵਿੱਚ ਹਲਚਲ ਰਿਕਾਰਡ ਕੀਤੀ। ਡਾ. ਸੋਵੀਡੇਨ ਨੇ 1999 ਵਿੱਚ ਅਜਿਹੀ ਹੀ ਖੋਜ ਰਾਹੀਂ ਸਾਬਿਤ ਕੀਤਾ ਕਿ ਪੂਰੇ ਨਾਂ ਦੀ ਥਾਂ ਘਰ ਵਿਚਲਾ ਛੋਟਾ ਨਾਂ ਵੀ ਮਾਪਿਆਂ ਵੱਲੋਂ ਲਾਡ ਨਾਲ ਬੁਲਾਇਆ ਜਾਵੇ ਤਾਂ ਬੱਚੇ ਦੇ ਦਿਮਾਗ਼ ਵਿੱਚ ਹਲਚਲ ਰਿਕਾਰਡ ਹੋ ਜਾਂਦੀ ਹੈ, ਪਰ ਕਿਸੇ ਹੋਰ ਦੇ ਨਾਂ ਨਾਲ ਬੁਲਾਉਣ ਉੱਤੇ ਉੱਕਾ ਹੀ ਕੋਈ ਹਲਚਲ ਨਹੀਂ ਹੁੰਦੀ।
ਵੱਡਿਆਂ ਵਿੱਚ ਹੋਏ ਪੈੱਟ ਸਕੈਨ ਰਾਹੀਂ ਪਤਾ ਲੱਗਿਆ ਕਿ ਸਿਰਫ਼ ਨਾਂ ਲੈ ਕੇ ਬੁਲਾਉਣ ਉੱਤੇ ਦਿਮਾਗ਼ ਦੇ ਮੀਡੀਅਲ ਪ੍ਰੀਫਰੰਟਲ ਕੌਰਟੈਕਸ, ਟੈਂਪੋਰੋ ਪੈਰਾਈਟਲ ਜੋੜ, ਸੁਪੀਰੀਅਰ ਟੈਂਪੋਰਲ ਗਾਇਰਸ, ਮੀਡੀਅਲ ਫਰੰਟਲ ਗਾਇਰਸ, ਖੱਬੇ ਪਾਸੇ ਦਾ ਸੁਪੀਰੀਅਰ ਟੈਂਪੋਰਲ ਕੌਰਟੈਕਸ, ਇਨਫੀਰੀਅਰ ਪੈਰਾਈਟਲ ਕੌਰਟੈਕਸ, ਸੁਪੀਰੀਅਰ ਫਰੰਟਲ ਗਾਇਰਸ ਤੇ ਮੀਡੀਅਲ ਫਰੰਟਲ ਕੌਰਟੈਕਸ ਹਿੱਸਿਆਂ ਦੇ ਲਗਭਗ ਸਾਰੇ ਹੀ ਸੈੱਲ ਰਵਾਂ ਹੋਏ। ਇਹ ਸਾਰੇ ਹਿੱਸੇ ਮਿਲਾ ਕੇ ਦਿਮਾਗ਼ ਦਾ ਇੰਨਾ ਵੱਡਾ ਹਿੱਸਾ ਬਣ ਜਾਂਦਾ ਹੈ ਕਿ ਨੀਮ ਬੇਹੋਸ਼ ਆਦਮੀ ਵੀ ਆਪਣਾ ਨਾਂ ਸੁਣ ਕੇ ਉਸ ਦੀ ਹਾਮੀ ਭਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਦਾ ਸੁਸਤ ਪਿਆ ਦਿਮਾਗ਼ ਰਵਾਂ ਹੋਣ ਲੱਗਦਾ ਹੈ। ਇਹ ਸਾਰੇ ਹਿੱਸੇ ਕਿਸੇ ਨੂੰ ਵੀ ਫ਼ੈਸਲਾ ਲੈਣ, ਆਤਮ ਪੜਚੋਲ ਕਰਨ ਤੇ ਤਰਕ ਦੇ ਆਧਾਰ ਉੱਤੇ ਗੱਲ ਕਰਨ ਯੋਗ ਬਣਾਉਂਦੇ ਹਨ।
1998 ਵਿੱਚ ਟੂਰਨੋ ਨੇ ਇੱਕ ਵੱਖਰੀ ਕਿਸਮ ਦੀ ਖੋਜ ਵਿੱਚ ਦਿਮਾਗ਼ ਦੇ ਇਨ੍ਹਾਂ ਸਾਰੇ ਵੱਖ ਵੱਖ ਹਿੱਸਿਆਂ ਦੀ ਹਰਕਤ ਮਾਪੀ। ਸਾਰੇ ਹਿੱਸੇ ਆਪਣਾ ਨਾਂ ਬੁਲਾਏ ਜਾਣ ਉੱਤੇ ਬੇਹੋਸ਼ ਇਨਸਾਨ ਵਿੱਚ ਵੀ ਹਰਕਤ ਵਿੱਚ ਦਿਸੇ ਜਦੋਂਕਿ ਹੋਸ਼ੋ ਹਵਾਸ ਵਿੱਚ ਬੈਠੇ ਲੋਕਾਂ ਦੀ ਵੀ ਕਿਸੇ ਹੋਰ ਨਾਂ ਨਾਲ ਬੁਲਾਏ ਜਾਣ ਉੱਤੇ ਕੋਈ ਹਰਕਤ ਨਹੀਂ ਲੱਭੀ। ਫਿਰ ਪੂਰੇ ਨਾਵਾਂ ਦੀ ਥਾਂ ਉਨ੍ਹਾਂ ਦੀਆਂ ਮਾਵਾਂ ਵੱਲੋਂ ਪਿਆਰ ਦੁਲਾਰ ਨਾਲ ਬੁਲਾਏ ਨਾਂ ਨਾਲ ਤਬਦੀਲ ਕਰ ਕੇ ਸੱਦਿਆ ਗਿਆ। ਇਸ ਨਾਲ ਨਾ ਸਿਰਫ਼ ਦਿਮਾਗ਼ ਦੇ ਸਾਰੇ ਹਿੱਸੇ ਝਟਪਟ ਰਵਾਂ ਹੋ ਗਏ ਸਗੋਂ ਧੜਕਣ ਵੀ ਵਧ ਗਈ ਤੇ ਸਿਰ ਵੱਲ ਜਾਂਦਾ ਲਹੂ ਵੀ ਵਧਿਆ।
ਜਦੋਂ ਬੇਹੋਸ਼ ਪਏ ਬੰਦੇ ਨਾਲ ਇਹੀ ਕੁਝ ਕੀਤਾ ਗਿਆ ਅਤੇ ਉਸ ਦੇ ਹੱਥ ਨਾਲ ਮਾਂ ਦਾ ਹੱਥ ਵੀ ਛੋਹਿਆ ਗਿਆ ਤਾਂ ਦਿਮਾਗ਼ ਵਿਚਲੇ ਸੈੱਲਾਂ ਤੋਂ ਹੱਥਾਂ ਵੱਲ ਸੁਨੇਹਾ ਜਾਣ ਦਾ ਵੀ ਪਤਾ ਲੱਗਿਆ। ਹੱਥ ਦੀ ਹਲਕੀ ਹਿਲਜੁਲ ਵੀ ਹੋ ਗਈ। ਅਜਿਹਾ ਕੁਝ ਵੀ ਕਿਸੇ ਹੋਰ ਨਾਂ ਨਾਲ ਬੁਲਾਉਣ ਉੱਤੇ ਨਹੀਂ ਲੱਭਿਆ ਗਿਆ। ਨਾ ਸਿਰਫ਼ ਦਿਮਾਗ਼ ਦੀ ਉੱਪਰੀ ਪਰਤ ਸਗੋਂ ਡੂੰਘੀਆਂ ਪਰਤਾਂ ਤਕ ਦੀ ਹਿਲਜੁਲ ਰਿਕਾਰਡ ਕੀਤੀ ਗਈ ਤੇ ਹਿਲਜੁਲ ਦਾ ਇਹ ਪੂਰਾ ਸਰਕਟ ਨਾਂ ਬੁਲਾਏ ਜਾਣ ਤੋਂ ਅੱਧਾ ਘੰਟਾ ਬਾਅਦ ਤਕ ਜਾਰੀ ਰਿਹਾ।
ਇੱਕ ਹੋਰ ਨੁਕਤਾ ਵੀ ਲੱਭਿਆ ਗਿਆ। ਜਦੋਂ ਸਾਹਮਣੇ ਖੜ੍ਹਾ ਕੋਈ ਸਾਨੂੰ ਸਾਡੇ ਨਾਂ ਨਾਲ ਬੁਲਾਉਂਦਾ ਹੈ ਤਾਂ ਦਿਮਾਗ਼ ਵਿੱਚ ਉਸ ਵਿਅਕਤੀ ਦੀ ਤਸਵੀਰ ਵੀ ਨਾਲੋ-ਨਾਲ ਛਪਣ ਲੱਗ ਪੈਂਦੀ ਹੈ ਤੇ ਦਿਮਾਗ਼ ਉਸ ਬੰਦੇ ਨੂੰ ਆਪਣਾ ਮੰਨ ਕੇ ਇੱਕ ਸਾਂਝ ਜਿਹੀ ਗੰਢ ਲੈਂਦਾ ਹੈ। ਇਸ ਨੂੰ ‘ਮੈਂਟਾਲਾਈਜ਼ਿੰਗ’ ਕਹਿੰਦੇ ਹਨ। ਨਾਂ ਨਾਲ ਬੁਲਾਏ ਜਾਣ ਉੱਤੇ ਇਸ ਤਰ੍ਹਾਂ ਦੀ ਅਜੀਬ ਜਿਹੀ ਨਿੱਘੀ ਸਾਂਝ ਨਾ ਸਿਰਫ਼ ਸਾਹਮਣੇ ਖੜ੍ਹੇ ਬੰਦੇ ਨਾਲ ਸਗੋਂ ਟੈਲੀਫੋਨ ਉੱਤੇ ਨਾਂ ਸੁਣਨ ਨਾਲ ਵੀ ਗੰਢੀ ਜਾਂਦੀ ਹੈ।
ਖੋਜਕਾਰ ਪਲੈਟਿਕ ਨੇ 2004 ਵਿੱਚ ਇਹ ਸਾਬਿਤ ਕੀਤਾ ਕਿ ਸਾਹਮਣੇ ਬੈਠੇ ਵਿਅਕਤੀ ਨੂੰ ਨਾਂ ਨਾਲ ਬੁਲਾਉਣ ਉੱਤੇ ਦਿਮਾਗ਼ ਦੇ ਅਗਲੇ ਸਿਰੇ, ਮੀਡੀਅਲ ਪ੍ਰੀਫਰੰਟਲ ਹਿੱਸੇ ਵਿਚਲੀ ਹਲਚਲ ਰਾਹੀਂ ਬੰਦੇ ਦੇ ਹੱਥ ਵੀ ਹਲਕੀ ਹਰਕਤ ਕਰਨ ਲੱਗਦੇ ਹਨ। ਅਜਿਹਾ ਨਾਂ ਨਾਲ ਨਾ ਬੁਲਾਏ ਜਾਣ ਉੱਤੇ ਆਮ ਤੌਰ ’ਤੇ ਦਿਮਾਗ਼ ਨੂੰ ਸੁਨੇਹਾ ਘੱਲਣ ਅਤੇ ਹੱਥ ਹਿਲਾਉਣ ਵਾਸਤੇ ਕਹਿਣ ਲਈ ਪੜਚੋਲ ਕਰਨ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ ਹੈ।
ਇੱਕ ਹੋਰ ਖੋਜ ਵਿੱਚ ਵਿਅਕਤੀ ਨੂੰ ਉਸ ਦੇ ਆਖ਼ਰੀ ਨਾਂ ਯਾਨੀ ਉਪਨਾਮ ਨਾਲ ਬੁਲਾਉਣ ਦੀ ਕੋਸ਼ਿਸ਼ ਕੀਤੀ ਗਈ। ਮਸਲਨ ਰੰਧਾਵਾ, ਸਚਦੇਵਾ, ਢੀਂਡਸਾ ਆਦਿ। ਇਹ ਵੇਖਣ ਵਿੱਚ ਆਇਆ ਕਿ ਦਿਮਾਗ਼ ਦੇ ਅੱਧ ਤੋਂ ਵੱਧ ਹਿੱਸਿਆਂ ਵਿੱਚ ਹਰਕਤ ਨਹੀਂ ਹੋਈ। ਫਿਰ ਕੁਝ ਦਫ਼ਤਰਾਂ ਵਿੱਚ ਕਾਮਿਆਂ ਵੱਲੋਂ ਅਫ਼ਸਰਾਂ ਨੂੰ ਸਰ ਜਾਂ ਬੌਸ ਕਹਿ ਕੇ ਸੰਬੋਧਨ ਕਰਵਾਇਆ ਗਿਆ ਤੇ ਕੁਝ ਥਾਵਾਂ ਉੱਤੇ ਉਨ੍ਹਾਂ ਦਾ ਨਾਂ ਜਿਵੇਂ ਜੌਨ, ਸੁਰਿੰਦਰ, ਬ੍ਰਹਮ ਆਦਿ ਕਹਿ ਕੇ ਬੁਲਾਉਣ ਨੂੰ ਕਿਹਾ ਗਿਆ। ਇਹ ਵੇਖਣ ਵਿੱਚ ਆਇਆ ਕਿ ਜਿੱਥੇ ਅਫ਼ਸਰ ਨੂੰ ਸਰ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਸੀ, ਉੱਥੇ ਅਫ਼ਸਰਾਂ ਦਾ ਰਵੱਈਆ ਵੀ ਕਾਮਿਆਂ ਪ੍ਰਤੀ ਕੁਝ ਸਖ਼ਤ ਦਿਸਿਆ ਤੇ ਕਾਮੇ ਵੀ ਕੰਮ ਨੂੰ ਬੋਝ ਮੰਨ ਕੇ ਕਰਦੇ ਮਿਲੇ।
ਜਦੋਂ ਅਫ਼ਸਰ ਨੂੰ ਨਾਂ ਨਾਲ ਬੁਲਾਇਆ ਗਿਆ ਤੇ ਅਫ਼ਸਰ ਵੀ ਆਪਣੇ ਅਧੀਨ ਕਰਮਚਾਰੀਆਂ ਨੂੰ ਨਾਂ ਨਾਲ ਬੁਲਾਉਣ ਲੱਗਿਆ ਤਾਂ ਕੰਮ-ਕਾਰ ਵਾਲੀ ਥਾਂ ਕਾਫ਼ੀ ਸੁਹਿਰਦ ਦਿਸੀ। ਅਜਿਹੇ ਦਫ਼ਤਰਾਂ ਵਿੱਚ ਸਾਰੇ ਭੱਜ-ਦੌੜ ਕੇ ਬਿਨਾਂ ਥਕਾਵਟ ਦੁੱਗਣਾ ਕੰਮ ਕਰ ਸਕੇ ਸਨ ਤੇ ਉਨ੍ਹਾਂ ਦੇ ਦਿਮਾਗ਼ ਵਿੱਚ ਵੀ ਥਕਾਵਟ ਦੇ ਕੋਈ ਲੱਛਣ ਨਹੀਂ ਲੱਭੇ। ਲਗਭਗ ਸਾਰੇ ਹੀ ਅਜਿਹੀ ਥਾਂ ਉੱਤੇ ਕੰਮ ਕਰਨ ਵਾਲਿਆਂ ਦੀ ਘਰ ਵਾਪਸ ਜਾ ਕੇ ਵੀ ਘਰ ਵਿੱਚ ਲੜਾਈ ਨਾ ਬਰਾਬਰ ਹੋਈ ਤੇ ਉਹ ਘੱਟ ਥੱਕੇ-ਟੁੱਟੇ ਘਰ ਮੁੜੇ। ਬਹੁਤਿਆਂ ਨੇ ਕੰਮ ਤੋਂ ਵਾਪਸ ਜਾ ਕੇ ਆਪਣੇ ਬੱਚਿਆਂ ਨਾਲ ਵੀ ਹੱਸ ਖੇਡ ਕੇ ਸਮਾਂ ਬਿਤਾਇਆ।
ਡੂੰਘੀ ਸੋਚ ਵਿਚਾਰ ਕਰਨ ਵਿੱਚ ਲੱਗੇ ਹਿੱਸੇ ਖੱਬਾ ਵਿਚਕਾਰਲਾ ਤੇ ਉੱਪਰਲਾ ਟੈਂਪੋਰਲ ਕੌਰਟੈਕਸ ਵੀ ਨਾਂ ਨਾਲ ਬੁਲਾਏ ਜਾਣ ਉੱਤੇ ਕਾਫ਼ੀ ਚਿਰ ਹਰਕਤ ਕਰਦੇ ਰਹਿੰਦੇ ਹਨ। ਬੱਚਿਆਂ ਵਿੱਚ ਇਹ ਹਿੱਸੇ ਅੱਖਰ ਪਛਾਣਨ ਵਿੱਚ ਮਦਦ ਕਰਦੇ ਹਨ। ਪਿਛਲਾ ਸਿੰਗੂਲੇਟ ਹਿੱਸਾ ਦੂਜੇ ਬਾਰੇ ਨਿਰਣਾ ਕਰਨ ਵਿੱਚ ਮਦਦ ਕਰਦਾ ਹੈ ਜੋ ਸਿਰਫ਼ ਨਾਂ ਨਾਲ ਬੁਲਾਉਣ ਉੱਤੇ ਹੀ ਰਵਾਂ ਹੋ ਜਾਂਦਾ ਹੈ। ਯਾਦ ਸ਼ਕਤੀ, ਚਿਹਰਿਆਂ ਨੂੰ ਯਾਦ ਰੱਖ ਸਕਣਾ, ਲੈਅ ਬੰਨ੍ਹ ਸਕਣਾ, ਸੰਗੀਤ ਦੀ ਪ੍ਰਸ਼ੰਸਾ ਕਰਨਾ, ਚੀਜ਼ਾਂ ਤਰਤੀਬਵਾਰ ਯਾਦ ਰੱਖਣੀਆਂ, ਕੰਨਾਂ ਰਾਹੀਂ ਸੁਣੀ ਚੀਜ਼ ਯਾਦ ਰੱਖਣੀ, ਔਖੀ ਗੱਲਬਾਤ ਸਮਝ ਸਕਣੀ, ਖ਼ੁਸ਼ਬੂ ਯਾਦ ਰੱਖਣੀ, ਵੇਖੀ ਚੀਜ਼ ਦਿਮਾਗ਼ ਵਿੱਚ ਛਪਣੀ, ਜਜ਼ਬਾਤ ਉਘਾੜਨੇ, ਠਹਿਰਾਓ ਮਹਿਸੂਸ ਕਰਨਾ ਆਦਿ ਕੰਮ ਕਰਨ ਵਾਲੇ ਦਿਮਾਗ਼ ਦੇ ਸਾਰੇ ਹੀ ਹਿੱਸਿਆਂ ਵਿੱਚ ਸਿਰਫ਼ ਨਾਂ ਨਾਲ ਬੁਲਾਏ ਜਾਣ ਨਾਲ ਹਲਚਲ ਹੁੰਦੀ ਦਿਸੀ।
ਖੋਜ ਰਾਹੀਂ ਇਹ ਵੀ ਪਤਾ ਲੱਗਿਆ ਕਿ ਕੋਈ ਜਣਾ ਔਖਾ ਕੰਮ ਕਰਨ ਦਾ ਢੰਗ ਨਾ ਸਮਝ ਸਕ ਰਿਹਾ ਹੋਵੇ ਤਾਂ ਉਸ ਕੰਮ ਨੂੰ ਸਮਝਾਉਣ ਲੱਗਿਆਂ ਵਾਰ ਵਾਰ ਉਸ ਨੂੰ ਨਾਂ ਨਾਲ ਸੰਬੋਧਨ ਕੀਤਾ ਜਾਵੇ ਤਾਂ ਉਹ ਸੌਖਿਆਂ ਸਮਝ ਲੈਂਦਾ ਹੈ। ਇਹ ਸਭ ਦਿਮਾਗ਼ ਵਿਚਲੇ ਰਿਵਾਰਡ ਸਿਸਟਮ ਮੁਤਾਬਿਕ ਚਲਦਾ ਹੈ ਜਿਸ ਵਿੱਚ ਆਪਣੀ ਪਛਾਣ ਮਿਲ ਜਾਣ ਦਾ ਅਹਿਸਾਸ ਦਿਮਾਗ਼ ਰਵਾਂ ਕਰ ਕੇ ਦੁੱਗਣਾ ਕੰਮ ਕਰਨ ਦੀ ਤਾਕਤ ਬਖ਼ਸ਼ ਦਿੰਦਾ ਹੈ।
ਬੱਚਿਆਂ ਵਿੱਚ ਵੀ ਨਾਂ ਲਏ ਬਗ਼ੈਰ ਬੁਲਾਉਣ ਉੱਤੇ ਅਜਿਹੇ ਕਿਸੇ ਹਿੱਸੇ ਵਿੱਚ ਕੋਈ ਹਰਕਤ ਹੁੰਦੀ ਰਿਕਾਰਡ ਨਹੀਂ ਹੋਈ। ਤਕਰੀਬਨ 1000 ਬੱਚਿਆਂ ਨੂੰ ਨਾਂ ਨਾਲ ਬੁਲਾਏ ਜਾਣ ਉੱਤੇ ਜਦੋਂ ਉਨ੍ਹਾਂ ਨੂੰ ਪਛਾਣ ਮਿਲ ਗਈ ਤਾਂ ਉਨ੍ਹਾਂ ਦਾ ਦਿਮਾਗ਼ ਜ਼ਿਆਦਾ ਪ੍ਰਫੁੱਲਿਤ ਹੋਣ ਦਾ ਪਤਾ ਲੱਗਿਆ ਤੇ ਉਨ੍ਹਾਂ ਵਿੱਚ ਆਪਸੀ ਨਿੱਘ ਵਾਲਾ ਰਿਸ਼ਤਾ ਵੀ ਜੁੜਿਆ। ਇਹ ਵੀ ਵੇਖਣ ਵਿੱਚ ਆਇਆ ਕਿ ਮਾਂ ਜਾਂ ਪਿਓ ਵੱਲੋਂ ਰੱਖਿਆ ਪਿਆਰ ਭਿੱਜਿਆ ਨਾਂ ਬੱਚੇ ਦੇ ਮਨ ਅੰਦਰ ਵਾਧੂ ਕੁਤਕੁਤਾੜੀਆਂ ਪੈਦਾ ਕਰਦਾ ਹੈ। ਵੱਡੇ ਹੋ ਜਾਣ ਉੱਤੇ ਤੇ ਨੀਮ ਬੇਹੋਸ਼ੀ ਵਿੱਚ ਵੀ ਉਹੀ ਪਿਆਰ ਨਾਲ ਲਏ ਜਾਣ ਵਾਲੇ ਨਾਂ ਬੁਲਾਉਣ ਉੱਤੇ ਦਿਮਾਗ਼ ਵਿੱਚ ਹੁੰਦੀ ਹਰਕਤ ਨੇ ਇਹ ਸਭ ਸਾਬਤ ਕਰ ਦਿੱਤਾ ਹੈ। ਇਸ ਦਾ ਸਪਸ਼ਟ ਮਤਲਬ ਨਿਕਲਦਾ ਹੈ ਕਿ ਸਭ ਕੁਝ ਨਾਂ ਵਿੱਚ ਹੀ ਪਿਆ ਹੈ।
ਨਵੀਂ ਖੋਜ
ਬਾਈ, ਤੀਹ, ਇਕੱਤੀ ਤੇ ਬੱਤੀ ਸਾਲਾਂ ਦੇ ਵਿਅਕਤੀ ਚੁਣੇ ਗਏ। ਉਨ੍ਹਾਂ ਦੇ ਨਾਂ ਡੈਨ, ਜੇਅ, ਮਾਈਕ ਤੇ ਸੌਲ ਸਨ। ਇਨ੍ਹਾਂ ਸਾਰਿਆਂ ਦੇ ਨਾਂ ਪਹਿਲਾਂ ਤੋਂ ਰਿਕਾਰਡ ਕਰ ਕੇ 15 ਸਕਿੰਟ ਲਈ ਉਨ੍ਹਾਂ ਨੂੰ ਸੁਣਾਏ ਗਏ। ਫਿਰ 12 ਸਕਿੰਟ ਕੋਈ ਆਵਾਜ਼ ਨਾ ਕੱਢ ਕੇ ਬਾਕੀਆਂ ਦੇ ਨਾਂ ਸੁਣਾਏ ਗਏ। ਅਜਿਹਾ 6 ਵਾਰ ਕੀਤਾ ਗਿਆ। ਸਾਰੀ ਖੋਜ 678 ਸਕਿੰਟਾਂ ਵਿੱਚ ਪੂਰੀ ਕੀਤੀ ਗਈ। ਨਾਲੋ ਨਾਲ ਸਿਰ ਦੀ ਸਕੈਨਿੰਗ ਵੀ ਕੀਤੀ ਗਈ।
ਕਮਾਲ ਦੀ ਗੱਲ ਇਹ ਸੀ ਕਿ ਇਨ੍ਹਾਂ ਵਿੱਚੋਂ ਕੋਈ ਵੀ ਆਪਣਾ ਨਾਂ ਵਾਰ ਵਾਰ ਸੁਣਨ ਨਾਲ ਔਖਾ ਨਹੀਂ ਹੋਇਆ ਤੇ ਹਰ ਵਾਰ ਦਿਮਾਗ਼ ਦੇ ਸਾਰੇ ਹਿੱਸੇ ਉਸੇ ਤਰ੍ਹਾਂ ਹਰਕਤ ਵਿੱਚ ਆਉਂਦੇ ਰਹੇ, ਪਰ ਜਿੰਨੀ ਵਾਰ ਦੂਜਿਆਂ ਦਾ ਨਾਂ ਸੁਣਿਆ ਤਾਂ ਉਨ੍ਹਾਂ ਦੇ ਦਿਮਾਗ਼ ਵਿੱਚ ਕੋਈ ਹਰਕਤ ਨਹੀਂ ਦਿਸੀ।
ਨਤੀਜਾ
ਇਸ ਖੋਜ ਨੇ ਸਾਬਿਤ ਕਰ ਦਿੱਤਾ ਕਿ ਨਾਂ ਨਾਲ ਬੁਲਾਉਣ ਦੀ ਬਹੁਤ ਭਾਰੀ ਅਹਿਮੀਅਤ ਹੈ। ਵਿਕਸਿਤ ਦੇਸਾਂ ਵਿੱਚ ਇਨ੍ਹਾਂ ਖੋਜਾਂ ਦੇ ਆਧਾਰ ਉੱਤੇ ਸਾਰੇ ਬੱਚਿਆਂ ਨੂੰ ਨਾਵਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ ਤੇ ਸਰ ਜਾਂ ਬੌਸ ਛੱਡ ਕੇ ਆਪਣੇ ਅਧਿਆਪਕਾਂ ਤੇ ਅਫ਼ਸਰਾਂ ਨੂੰ ਵੀ ਨਾਂ ਨਾਲ ਹੀ ਸੰਬੋਧਨ ਕੀਤਾ ਜਾਣ ਲੱਗਿਆ ਹੈ। ਇਸ ਤਰ੍ਹਾਂ ਕੰਮ-ਕਾਰ ਵਾਲੀ ਥਾਂ ਸੁਖਾਵੀਂ ਜਾਪਦੀ ਹੈ ਤੇ ਕੰਮ ਦਾ ਭਾਰ ਵੀ ਨਹੀਂ ਮਹਿਸੂਸ ਹੁੰਦਾ।
ਨਾਂ ਦੀ ਅਹਿਮੀਅਤ ਸਮਝਦਿਆਂ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਨਾਂ ਨਾਲ ਬੁਲਾ ਕੇ ਨਿੱਘਾ ਰਿਸ਼ਤਾ ਗੰਢਣ ਦੇ ਨਾਲ ਨਾਲ ਉਨ੍ਹਾਂ ਨੂੰ ਲਾਇਕ ਵੀ ਬਣਾਇਆ ਜਾ ਸਕਦਾ ਹੈ, ਪਰ ਕੰਮ-ਕਾਰ ਵਾਲੀ ਥਾਂ ਉੱਤੇ ਵੀ ਸਰ ਜਾਂ ਜੀ ਹਜ਼ੂਰ ਕਹਿਣਾ ਛੱਡ ਕੇ ਨਾਂ ਨਾਲ ਬੁਲਾਉਣਾ ਸ਼ੁਰੂ ਕਰੀਏ ਤਾਂ ਜੋ ਕਮਾਲ ਵਾਪਰੇਗਾ, ਉਹ ਤੁਸੀਂ ਪ੍ਰਤੱਖ ਵੇਖ ਸਕੋਗੇ!
ਇਸ ਦੇ ਨਾਲ ਹੀ ਓਏ, ਗਧੇ, ਕੁੱਤੇ, ਵਿਚਾਰੀ, ਕੁਲਹਿਣੀ, ਕੁਲੱਛਣੀ, ਬਥੇਰੀ ਆਦਿ ਵਰਗੇ ਸੰਬੋਧਨ ਉੱਕਾ ਹੀ ਛੱਡਣੇ ਪੈਣੇ ਹਨ। ਇਹ ਸਿਰਫ਼ ਪਾੜ ਪਾਉਂਦੇ ਹਨ ਤੇ ਦਿਮਾਗ਼ ਵਿਕਸਿਤ ਵੀ ਨਹੀਂ ਹੋਣ ਦਿੰਦੇ। ਅੱਜ ਤੋਂ ਹੀ ਅਜਿਹਾ ਬੋਲਣਾ ਸ਼ੁਰੂ ਕਰ ਕੇ ਵੇਖੀਏ! ਕਿਸੇ ਨੂੰ ਫੋਨ ਮਿਲਾ ਕੇ ਇੱਜ਼ਤ ਨਾਲ ਉਸ ਦਾ ਪੂਰਾ ਨਾਂ ਲਓ ਤੇ ਵੇਖੋ ਅੱਗੋਂ ਕਿਵੇਂ ਮੋਹ ਭਿੱਜਿਆ ਹੁੰਗਾਰਾ ਮਿਲਦਾ ਹੈ। ਹੁਣ ਤਾਂ ਮੰਨ ਗਏ ਨਾ ਕਿ ਨਾਂ ਵਿੱਚ ਬਹੁਤ ਕੁਝ ਪਿਆ ਹੈ?##ਡਾ. ਹਰਸ਼ਿੰਦਰ ਕੌਰ, ਸੰਪਰਕ: 0175-2216783