ਘੱਲੂਘਾਰਾ ਦਿਵਸ ਸਬੰਧੀ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਕੌਮ ਦੇ ਨਾਂ ਜਾਰੀ ਕੀਤਾ ਸੰਦੇਸ਼

0
166

ਤਲਵੰਡੀ ਸਾਬੋ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ 6 ਜੂਨ ਨੂੰ ਮਨਾਏ ਜਾਣ ਵਾਲੇ ਘੱਲੂਘਾਰਾ ਦਿਵਸ ਸਬੰਧੀ ਅੱਜ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਘੱਲੂਘਾਰਾ ਦਿਵਸ ਸ਼ਾਂਤੀ ਤੇ ਸਦਭਾਵਨਾ ਨਾਲ ਮਨਾਉਣ ਦੀ ਅਪੀਲ ਕੀਤੀ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ 6 ਜੂਨ 1984 ਦਾ ਘੱਲੂਘਾਰਾ ਸਿੱਖ ਮਾਨਸਿਕਤਾ ‘ਤੇ ਗਹਿਰਾ ਜ਼ਖ਼ਮ ਹੈ ਜਿਸ ਦੀ ਭਰਪਾਈ ਕਦੇ ਵੀ ਨਹੀਂ ਹੋ ਸਕੇਗੀ।ਉਨ੍ਹਾਂ ਕਿਹਾ ਕਿ ਹਰ ਸਾਲ ਸਿੱਖ ਕੌਮ 6 ਜੂਨ ਨੂੰ ਘੱਲੂਘਾਰਾ ਦਿਵਸ ਵਜੋਂ ਮਨਾਂਉਦੀ ਹੈ ਤੇ ਇਸ ਵਾਰ 6 ਜੂਨ ਨੂੰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਵੀ ਮਨਾਉਣਾ ਹੈ। ਸਿੰਘ ਸਾਹਿਬ ਨੇ ਕਿਹਾ ਕਿ ਭਾਰਤ ਸਰਕਾਰ ਨੇ 8 ਜੂਨ ਤੋਂ ਧਾਰਮਿਕ ਸਥਾਨ ਖੋਲ੍ਹਣ ਦਾ ਐਲਾਨ ਕੀਤਾ ਹੈ ਜਿਸ ਦੇ ਚਲਦਿਆਂ ਵੱਡੀ ਗਿਣਤੀ ‘ਚ ਸੰਗਤਾਂ ਦਾ 6 ਜੂਨ ਨੂੰ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਪਹੁੰਚਣਾ ਸੰਭਵ ਨਹੀਂ ਜਾਪਦਾ। ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਹਰ ਜਗ੍ਹਾ ਜਿੱਥੇ ਵੀ ਘੱਲੂਘਾਰਾ ਦਿਵਸ ਮਨਾਉਣਾ ਹੈ ਉੱਥੇ ਸ਼ਾਂਤੀ ਤੇ ਸਦਭਾਵਨਾ ਨਾਲ ਮਨਾਉਣਾ ਹੈ ਤੇ ਕੌਮ ਦੇ ਸ਼ਹੀਦਾਂ ਨੂੰ ਯਾਦ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਸੰਗਤ ਇਸ ਦਿਨ ਦਰਬਾਰ ਸਾਹਿਬ ਜਾਂ ਅਕਾਲ ਤਖ਼ਤ ਸਾਹਿਬ ਨਹੀ ਪੁੱਜ ਸਕੇਗੀ ਉਹ ਘਰਾਂ ਵਿੱਚ ਹੀ ਸ੍ਰੀ ਹਰਿਮੰਦਰ ਸਾਹਿਬ ਤੋਂ ਹੋਣ ਵਾਲੇ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਨਾਲ ਜੁੜੇ।