ਹੁਣ ਤੱਕ 1110 ਜਾਨਾਂ ਲੈਣ ਵਾਲੇ ਵਾਇਰਸ ਤੋਂ ਦੁਨੀਆ ਨੂੰ ਗੰਭੀਰ ਖ਼ਤਰਾ : ਡਬਲਯੂਐੱਚਓ

0
451

ਬੀਜਿੰਗ (ਏਜੰਸੀਆਂ) : ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਚੀਨ ‘ਚ ਫੈਲੇ ਕੋਰੋਨਾ ਵਾਇਰਸ ਨਾਲ ਦੁਨੀਆ ਨੂੰ ਗੰਭੀਰ ਖ਼ਤਰਾ ਦੱਸਿਆ ਹੈ। ਚੀਨ ਵਿਚ ਇਸ ਰਹੱਸਮਈ ਵਾਇਰਸ ਦੀ ਲਪੇਟ ‘ਚ ਆ ਕੇ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਇਕ ਹਜ਼ਾਰ ਦੇ ਪਾਰ ਹੋ ਗਈ ਹੈ। ਹੁਣ ਤਕ 42 ਹਜ਼ਾਰ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਪਾਏ ਜਾ ਚੁੱਕੇ ਹਨ। ਚੀਨ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁਬੇਈ ਸੂਬੇ ਦੇ ਦੋ ਸੀਨੀਅਰ ਸਿਹਤ ਅਧਿਕਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਹੈ। ਇਸੇ ਸੂਬੇ ਦੀ ਰਾਜਧਾਨੀ ਵੁਹਾਨ ਤੋਂ ਪੂਰੇ ਚੀਨ ਸਮੇਤ ਦੁਨੀਆ ਦੇ 30 ਤੋਂ ਜ਼ਿਆਦਾ ਦੇਸ਼ਾਂ ਵਿਚ ਵਾਇਰਸ ਫੈਲ ਚੁੱਕਾ ਹੈ।
ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਅਨੁਸਾਰ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਕੇ ਦਮ ਤੋੜਨ ਵਾਲਿਆਂ ਦੀ ਗਿਣਤੀ ਵੱਧ ਕੇ 1,110 ਹੋ ਗਈ ਹੈ। 2,478 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਮਿਲਾ ਕੇ ਇਸ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦਾ ਅੰਕੜਾ 42,638 ਹੋ ਗਿਆ ਹੈ। ਸਰਕਾਰੀ ਸੀਸੀਟੀਵੀ ਨੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਹੁਬੇਈ ਇਕਾਈ ਦੇ ਹਵਾਲੇ ਨਾਲ ਦੱਸਿਆ ਕਿ ਰਾਜ ਵਿਚ ਪਾਰਟੀ ਦੇ ਸਿਹਤ ਕਮਿਸ਼ਨ ਦੇ ਮੁਖੀ ਝਾਂਗ ਜਿਨ ਅਤੇ ਨਿਰਦੇਸ਼ਕ ਲਿਊ ਯਿੰਗਜੀ ਨੂੰ ਸੋਮਵਾਰ ਨੂੰ ਬਰਖ਼ਾਸਤ ਕਰ ਦਿੱਤਾ ਗਿਆ। ਕੋਰੋਨਾ ਵਾਇਰਸ ਨਾਲ ਨਿਪਟਣ ‘ਚ ਅਸਮਰਥਤਾ ਨੂੰ ਲੈ ਕੇ ਰਾਜ ਦੇ ਅਧਿਕਾਰੀਆਂ ‘ਤੇ ਦਬਾਅ ਵੱਧਦਾ ਜਾ ਰਿਹਾ ਹੈ। ਵਾਇਰਸ ਦੀ ਸਭ ਤੋਂ ਪਹਿਲੇ ਚਿਤਾਵਨੀ ਦੇਣ ਵਾਲੇ ਵੁਹਾਨ ਦੇ ਡਾਕਟਰ ਲੀ ਵੇਨਲਿਯਾਂਗ ਦੀ ਪਿਛਲੇ ਵੀਰਵਾਰ ਨੂੰ ਹੋਈ ਮੌਤ ਪਿੱਛੋਂ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਲੀ ਨੇ ਜਨਵਰੀ ਦੇ ਸ਼ੁਰੂ ਵਿਚ ਹੀ ਵਾਇਰਸ ਦੀ ਚਿਤਾਵਨੀ ਦਿੱਤੀ ਸੀ ਪ੍ਰੰਤੂ ਉਸ ਸਮੇਂ ਪੁਲਿਸ ਨੇ ਉਸ ਦੀ ਚਿਤਾਵਨੀ ਨੂੰ ਅਫ਼ਵਾਹ ਮੰਨ ਕੇ ਉਸ ਨੂੰ ਕਾਰਵਾਈ ਦੀ ਧਮਕੀ ਦਿੱਤੀ ਸੀ। ਮਾਮਲਾ ਸਾਹਮਣੇ ਆਉਣ ਪਿੱਛੋਂ ਸਰਕਾਰ ਨੇ ਜਾਂਚ ਦਾ ਆਦੇਸ਼ ਦਿੱਤਾ ਸੀ।

ਵਾਇਰਸ ‘ਤੇ ਡਬਲਯੂਐੱਚਓ ਦੀ ਬੈਠਕ

ਕੋਰੋਨਾ ਵਾਇਰਸ ਨੂੰ ਲੈ ਕੇ ਡਬਲਯੂਐੱਚਓ ਦੀ ਮੰਗਲਵਾਰ ਤੋਂ ਜਨੇਵਾ ‘ਚ ਦੋ ਰੋਜ਼ਾ ਬੈਠਕ ਸ਼ੁਰੂ ਹੋਈ। ਇਸ ਬੈਠਕ ‘ਚ ਵਾਇਰਸ ਨਾਲ ਨਿਪਟਣ ਲਈ ਦਵਾਈਆਂ, ਜਾਂਚ ਅਤੇ ਵੈਕਸੀਨ ਦੇ ਵਿਕਾਸ ਵਿਚ ਤੇਜ਼ੀ ਲਿਆਉਣ ‘ਤੇ ਚਰਚਾ ਚੱਲ ਰਹੀ ਹੈ। ਡਬਲਯੂਐੱਚਓ ਦੇ ਡਾਇਰੈਕਟਰ ਜਨਰਲ ਟੈਡਰੋਸ ਅਦਨੋਮ ਨੇ ਬੈਠਕ ਵਿਚ ਸ਼ਾਮਲ 400 ਤੋਂ ਜ਼ਿਆਦਾ ਖੋਜਕਰਤਾਵਾਂ ਨੂੰ ਕਿਹਾ ਕਿ ਚੀਨ ਵਿਚ 99 ਫ਼ੀਸਦੀ ਮਾਮਲੇ ਸਾਹਮਣੇ ਆਉਣ ਨਾਲ ਨਾ ਸਿਰਫ਼ ਇਸ ਦੇਸ਼ ਸਗੋਂ ਬਾਕੀ ਦੁਨੀਆ ਲਈ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ। ਡਬਲਯੂਐੱਚਓ ਵਾਇਰਸ ਨੂੰ ਲੈ ਕੇ ਪਹਿਲੇ ਹੀ ਗਲੋਬਲ ਹੈਲਥ ਐਮਰਜੈਂਸੀ ਐਲਾਨ ਕਰ ਚੁੱਕਾ ਹੈ।