ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ‘ਚ ਵੋਟਾਂ ਦੀ ਗਿਣਤੀ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨੀ ਤੈਅ ਹੈ। ਇੱਥੇ 70 ‘ਚੋਂ 62 ਸੀਟਾਂ ਜਿੱਤੀਆਂ ਹਨ। ਇਸ ਤੋਂ ਪਹਿਲਾਂ 2015 ਦੀਆਂ ਚੋਣਾਂ ‘ਚ ਆਮ ਆਦਮੀ ਪਾਰਟੀ ਨੇ 70 ‘ਚੋਂ 67 ਸੀਟਾਂ ਜਿੱਤੀਆਂ ਸਨ। ਆਓ ਜਾਣਦੇ ਹਾਂ ਉਹ ਦਸ ਕਾਰਨ ਜਿਨ੍ਹਾਂ ਕਰਕੇ ਆਮ ਆਦਮੀ ਪਾਰਟੀ ਦਿੱਲੀ ਫ਼ਤਿਹ ਕਰਨ ‘ਚ ਕਾਮਯਾਬ ਰਹੀ। ਦਿੱਲੀ ’ਚ 1998 ਤੋਂ ਲਗਾਤਾਰ ਸੱਤਾ ਤੋਂ ਬਾਹਰ ਰਹਿ ਰਹੀ ਭਾਜਪਾ ਨੂੰ ਇੱਕ ਵਾਰ ਫਿਰ ਵਿਧਾਨ ਸਭਾ ਚੋਣਾਂ–2020 ’ਚ ਵੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਨਵੀਂ ਰਣਨੀਤੀ, ਅਹਿਮ ਰਾਸ਼ਟਰੀ ਮੁੱਦੇ ਤੇ ਪੂਰੀ ਤਾਕਤ ਲਾਉਣ ਦੇ ਬਾਵਜੂਦ ਭਾਜਪਾ ਦੇ ਹਿੱਸੇ ਪਿਛਲੀ ਵਾਰ ਦੇ ਮੁਕਾਬਲੇ 5 ਹੀ ਸੀਟਾਂ ਵੱਧ ਆਈਆਂ ਹਨ। ਉਸ ਦਾ ਵੋਟ ਹਿੱਸਾ ਵੀ ਛੇ ਫ਼ੀ ਸਦੀ ਤੋਂ ਵੱਧ ਵਧਿਆ ਹੈ ਪਰ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਮੁਫ਼ਤ ਬਿਜਲੀ, ਪਾਣੀ ਅਤੇ ਔਰਤਾਂ ਨੂੰ ਡੀਟੀਸੀ ਦੀਆਂ ਬੱਸਾਂ ’ਚ ਮੁਫ਼ਤ ਯਾਤਰਾ ਦੇ ਮੁੱਦੇ ਦਾ ਭਾਜਪਾ ਕੋਈ ਤੋੜ ਨਹੀਂ ਕੱਢ ਸਕੀ।