ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ 902 ਹੋਈ

0
270

ਬੀਜਿੰਗ (ਚੀਨ) : ਚੀਨ ’ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 902 ਹੋ ਚੁੱਕੀ ਹੈ। ਇਸ ਵਾਇਰਸ ਤੋਂ ਉਸ ਦੇਸ਼ ਵਿੱਚ 40,000 ਤੋਂ ਵੱਧ ਲੋਕਾਂ ਦੇ ਪੀੜਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਚੀਨ ’ਚ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਸਮੁੱਚੀ ਦੁਨੀਆ ਦੀ ਚਿੰਤਾ ਵੀ ਵਧਦੀ ਜਾ ਰਹੀ ਹੈ।
ਸਿੰਗਾਪੁਰ ’ਚ ਹੋਣ ਜਾ ਰਹੇ ਏਸ਼ੀਆ ਦੇ ਸਭ ਤੋਂ ਵੱਡੇ ਹਵਾਬਾਜ਼ੀ ਤੇ ਰੱਖਿਆ ਸਮਾਰੋਹ – ‘ਏਅਰ ਸ਼ੋਅ’ ’ਚੋਂ ਅਮਰੀਕੀ ਏਅਰੋਸਪੇਸ ਕੰਪਨੀ ਲੌਕਹੀਡ ਮਾਰਟਿਨ ਤੇ 12 ਚੀਨੀ ਕੰਪਨੀਆਂ ਸਮੇਤ 70 ਤੋਂ ਵੱਧ ਕੰਪਨੀਆਂ ਨੇ ਆਪਣੇ ਨਾਂਅ ਵਾਪਸ ਲੈ ਲਏ ਹਨ।
ਚੀਨ ਨੇ ਵਾਇਰਸ ਦੇ ਡਰ ਕਾਰਨ ਉਡਾਣਾਂ ਰੱਦ ਕੀਤੇ ਜਾਣ ’ਤੇ ਕਈ ਦੇਸ਼ਾਂ ਸਾਹਵੇਂ ਕੂਟਨੀਤਕ ਵਿਰੋਧ ਵੀ ਦਰਜ ਕਰਵਾਇਆ ਹੈ। ਇੱਕ ਬੁਲਾਰੇ ਨੇ ਦੱਸਿਆ ਕਿ ਕੁਝ ਦੇਸ਼ਾਂ ਨੇ ਉਡਾਣਾਂ ਰੱਦ ਕਰਨ ਜਿਹੇ ਕਦਮ ਚੁੱਕੇ ਹਨ। ਕੌਮਾਂਤਰੀ ਸ਼ਹਿਰੀ ਹਵਾਬਾਜ਼ੀ ਸੰਗਠਨ (ICAO) ਨੇ ਵੀ ਬੁਲੇਟਿਨ ਜਾਰੀ ਕੀਤੇ ਹਨ ਤੇ ਸਾਰੇ ਦੇਸ਼ਾਂ ਨੂੰ WHO ਭਾਵ ਵਿਸ਼ਵ ਸਿਹਤ ਸੰਗਠਨ ਦੀਆਂ ਸਿਫ਼ਾਰਸ਼ਾਂ ਦਾ ਪਾਲਣ ਕਰਨ ਲਈ ਪ੍ਰੇਰਿਤ ਕੀਤਾ ਹੈ।
ਏਅਰ ਇੰਡੀਆ ਤੇ ਇੰਡੀਗੋ ਸਮੇਤ ਕਈ ਕੌਮਾਂਤਰੀ ਏਅਰਲਾਈਨਜ਼ ਨੇ ਵਾਇਰਸ ਦੁਨੀਆ ਭਰ ਵਿੱਚ ਫੈਲਣ ਦੇ ਡਰ ਤੋਂ ਚੀਨ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆ ਹਨ। ਭਾਰਤ ਤੇ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਯਾਤਰਾ ਉੱਤੇ ਪਾਬੰਦੀਆਂ ਦਾ ਵੀ ਐਲਾਨ ਕੀਤਾ ਹੈ।
ਕੋਰੋਨਾ ਅਸਲ ਵਿੱਚ ਵਾਇਰਸਾਂ ਦਾ ਇੱਕ ਵੱਡਾ ਸਮੂਹ ਹੈ, ਜੋ ਜਾਨਵਰਾਂ ’ਚ ਆਮ ਪਾਇਆ ਜਾਂਦਾ ਹੈ। ਅਮਰੀਕਾ ਦੇ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (CDS) ਮੁਤਾਬਕ ਕੋਰੋਨਾ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਤੱਕ ਪੁੱਜਦਾਾ ਹੈ। ਨਵਾਂ ਚੀਨੀ ਕੋਰੋਨਾ ਵਾਇਰਸ ਇੱਕ ਤਰ੍ਹਾਂ ਸਾਰਸ ਵਾਇਰਸ ਵਾਂਗ ਹੀ ਹੈ।
ਇਸ ਵਾਇਰਸ ਦੀ ਲਾਗ ਨਾਲ ਬੁਖ਼ਾਰ, ਜ਼ੁਕਾਮ, ਸਾਹ ਲੈਣ ’ਚ ਤਕਲੀਫ਼, ਨੱਕ ਵਹਿਣਾ ਤੇ ਗਲ਼ੇ ’ਚ ਖ਼ਰਾਸ਼ ਜਿਹੀਆਂ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ। ਇਹ ਨਿਮੋਨੀਆ ਦਾ ਕਾਰਨ ਵੀ ਬਣ ਸਕਦਾ ਹੈ।