ਬੀਜਿੰਗ— ਚੀਨ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਹਾਂਗਕਾਂਗ ਦੀ ਪ੍ਰਸ਼ਾਸਨਿਕ ਵਿਵਸਥਾ ਨੂੰ ਚੁਣੌਤੀ ਦੇਣ ਵਾਲੀ ਕਿਸੇ ਵੀ ਗਤੀਵਿਧੀ ਨੂੰ ਤੇ ਇਸ ਖੇਤਰ ‘ਚ ਕਿਸੇ ਵੀ ਵਿਦੇਸ਼ੀ ਦਖਲ ਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰੇਗਾ। ਚੀਨ ਨੇ ਇਹ ਵੀ ਕਿਹਾ ਹੈ ਕਿ ਉਹ ਇਸ ਸ਼ਹਿਰ ‘ਚ ਦੇਸ਼ ਭਗਤੀ ਦੀ ਭਾਵਨਾ ਨੂੰ ਵਧਾਉਣ ਦੀਆਂ ਯੋਜਨਾਵਾਂ ਲੈ ਕੇ ਆਇਆ ਹੈ।
ਕਮਿਊਨਿਸਟ ਪਾਰਟੀ ਆਫ ਚਾਈਨਾ ਦੇ ਇਕ ਸੀਨੀਅਰ ਅਧਿਕਾਰੀ ਦੇ ਮੁਤਾਬਕ ਰਾਸ਼ਟਰਪਤੀ ਸ਼ੀ ਜਿਨਫਿੰਗ ਦੀ ਪ੍ਰਧਾਨਗੀ ‘ਚ ਹੋਈ ਪਾਰਟੀ ਦੀ ਚਾਰ ਦਿਨਾਂ ਮੀਟਿੰਗ ‘ਚ ਇਸ ਖੇਤਰ ‘ਚ ਸ਼ਾਂਤੀ ‘ਤੇ ਵੀ ਚਰਚਾ ਹੋਈ। ਬੀਜਿੰਗ ਨੇ ਇਹ ਵੀ ਕਿਹਾ ਕਿ ਹਾਂਗਕਾਂਗ ਦੇ ਮਾਮਲਿਆਂ ‘ਚ ਕੋਈ ਵੀ ਵਿਦੇਸ਼ੀ ਦਖਲ ਅੰਦਾਜ਼ੀ ਉਹ ਬਰਦਾਸ਼ਤ ਨਹੀਂ ਕਰੇਗਾ। ਬੀਜਿੰਗ ਕੇਂਦਰ ਸਰਕਾਰ ਨੇ ਅਜੇ ਤੱਕ ਹਾਂਗਕਾਂਗ ਦੀ ਪ੍ਰਸ਼ਾਸਕ ਕੇਰੀ ਲਾਮ ‘ਤੇ ਭਰੋਸਾ ਜਤਾਇਆ ਹੈ ਤੇ ਸ਼ਹਿਰ ਦੀ ਪੁਲਸ ਨੇ ਹਿੰਸਕ ਪ੍ਰਦਰਸ਼ਨਾਂ ਦੇ ਵਧਣ ‘ਤੇ ਵੀ ਰੋਕ ਲਗਾਈ ਹੈ। ਹਾਲਾਂਕਿ ਸਾਰਿਆਂ ਦੀਆਂ ਨਜ਼ਰਾਂ ਇਸ ਪਾਸੇ ਲੱਗੀਆਂ ਹੋਈਆਂ ਹਨ ਕਿ ਪ੍ਰਦਰਸ਼ਨਾਂ ਦੇ ਕੰਟਰੋਲ ਤੋਂ ਬਾਹਰ ਹੋਣ ਦੀ ਸਥਿਤੀ ‘ਚ ਕੀ ਪਾਰਟੀ ਅਗਵਾਈ ਹੋਰ ਸਖਤ ਕਦਮ ਚੁੱਕੇਗੀ। ਜ਼ਿਕਰਯੋਗ ਹੈ ਕਿ ਕਦੇ ਬ੍ਰਿਟੇਨ ਦੇ ਉਪਨਿਵੇਸ਼ ਰਹੇ ਹਾਂਗਕਾਂਗ ‘ਚ ਨਾਗਰਿਕਾਂ ਦੇ ਬੁਨਿਆਦੀ ਅਧਿਕਾਰਾਂ ਨੂੰ ਲੈ ਕੇ ਮਹੀਨਿਆਂ ਤੋਂ ਪ੍ਰਦਰਸ਼ਨ ਹੋ ਰਹੇ ਹਨ। ਪਿਛਲੇ ਕੁਝ ਮਹੀਨਿਆਂ ਤੋਂ ਲੋਕ ਸੜਕਾਂ ‘ਤੇ ਉਤਰ ਕੇ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਇਕ ਬਿੱਲ ਦੇ ਖਿਲਾਫ ਇਹ ਪ੍ਰਦਰਸ਼ਨ ਹੋਏ ਹਨ।
ਹਾਂਗਕਾਂਗ, ਮਕਾਓ ਤੇ ਬੁਨਿਆਦੀ ਕਾਨੂੰਨ ਕਮਿਸ਼ਨ ਦੇ ਨਿਰਦੇਸ਼ਕ ਸ਼ੇਨ ਚੁਨਯਾਓ ਨੇ ਕਿਹਾ ਕਿ ਬੀਜਿੰਗ ਦੀ ਬੈਠਕ ‘ਚ ਪਾਰਟੀ ਦੀ ਅਗਵਾਈ ਇਸ ਗੱਲ ‘ਤੇ ਸਹਿਮਤ ਹੋਈ ਕਿ ਖੇਤਰ ‘ਤੇ ਸ਼ਾਸਨ ਦੀ ਕੇਂਦਰ ਸਰਕਾਰ ਦੀ ਪ੍ਰਣਾਲੀ ਨੂੰ ਬਿਹਤਰ ਕੀਤਾ ਜਾਵੇ ਤੇ ਇਸ ਦੀ ਸਥਿਰਤਾ ਨੂੰ ਕਾਇਮ ਰੱਖਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਚੀਨ ਅਜਿਹੀ ਕਿਸੇ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕਰੇਗਾ, ਜੋ ਦੇਸ਼ ਦੇ ਟੁਕੜੇ ਕਰਦੀ ਹੋਵੇ ਜਾਂ ਰਾਸ਼ਟਰੀ ਸੁਰੱਖਿਆ ਨੂੰ ਖਤਰੇ ‘ਚ ਪਾਉਂਦੀ ਹੋਵੇ। ਉਥੇ ਹੀ ਲੋਕਤੰਤਰ ਸਮਰਥਕ ਜਨਤਾ ਦੀ ਪ੍ਰਤੀਨਿਧੀ ਕਲਾਊਡੀਆ ਮੋ ਨੇ ਕਿਹਾ ਕਿ ਸ਼ਹਿਰ ਦੇ ਪ੍ਰਸ਼ਾਸਕ ਨੂੰ ਚੁਣਨ ਦੇ ਤਰੀਕੇ ‘ਚ ਸੁਧਾਰ ਕਰਨ ਸਬੰਧੀ ਬੀਜਿੰਗ ਦੀ ਟਿੱਪਣੀ ਜ਼ੁਬਾਨੀ ਹੈ।