ਹਿੰਸਕ ਪ੍ਰਦਰਸ਼ਨ ਜਾਰੀ,ਚੀਨੀ ਖਬਰ ਏਜ਼ੰਸੀ ਦਫਤਰ ਨੂੰ ਨੁਕਸਾਨ

0
564

ਹਾਂਗਕਾਂਗ (ਏਜੰਸੀ) : ਹਫ਼ਤੇ ਦੇ ਆਖ਼ਰੀ ਦਿਨ ਹਾਂਗਕਾਂਗ ‘ਚ ਇਕ ਵਾਰ ਫਿਰ ਹਿੰਸਕ ਅੰਦੋਲਨ ਭੜਕ ਪਿਆ। ਜਿਵੇਂ-ਜਿਵੇਂ ਸ਼ਾਮ ਹੁੰਦੀ ਗਈ ਸੜਕਾਂ ‘ਤੇ ਅੰਦੋਲਨਕਾਰੀਆਂ ਦੀ ਗਿਣਤੀ ਤੇ ਉਨ੍ਹਾਂ ਦੀਆਂ ਸਰਗਰਮੀਆਂ ਵਧਦੀਆਂ ਗਈਆਂ। ਇਸ ਦੌਰਾਨ ਸੈਂਟ੍ਲ ਹਾਂਗਕਾਂਗ ਸਥਿਤ ਇਕ ਮੈਟਰੋ ਸਟੇਸ਼ਨ ਭੰਨ-ਤੋੜ ਤੋਂ ਬਾਅਦ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੁਆ ਦੇ ਹਾਂਗਕਾਂਗ ਸਥਿਤ ਦਫ਼ਤਰ ‘ਚ ਵੀ ਭੰਨਤੋੜ ਕੀਤੀ ਗਈ। ਦਫ਼ਤਰਾਂ-ਕਾਰੋਬਾਰ ਤੋਂ ਵਾਪਸ ਪਰਤ ਰਹੇ ਲੱਖਾਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਉਹ ਘੰਟਿਆਂ ਦੀ ਦੇਰੀ ਮਗਰੋਂ ਘਰ ਪੁੱਜੇ।

ਸ਼ਨਿਚਰਵਾਰ ਨੂੰ ਹਜ਼ਾਰਾਂ ਨੌਜਵਾਨ ਬਗ਼ੈਰ ਇਜਾਜ਼ਤ ਦੇ ਸੈਂਟ੍ਲ ਹਾਂਗਕਾਂਗ ਸਥਿਤ ਪਾਰਕ ‘ਚ ਇਕੱਠੇ ਹੋਏ। ਪੁਲਿਸ ਨੇ ਜਿਵੇਂ ਹੀ ਉਨ੍ਹਾਂ ਨੂੰ ਉੱਥੋਂ ਹਟਾਉਣ ਦੀ ਕੋਸ਼ਿਸ਼ ਕੀਤੀ, ਟਕਰਾਅ ਸ਼ੁਰੂ ਹੋ ਗਿਆ। ਪਾਰਕ ਤੋਂ ਨਿਕਲੇ ਅੰਦੋਲਨਕਾਰੀ ਨੌਜਵਾਨ ਨੇੜਲੇ ਸੈਂਟ੍ਲ ਬਿਜ਼ਨਸ ਡਿਸਟਿ੍ਕਟ ‘ਚ ਫੈਲ ਗੇ ਤੇ ਭੰਨ ਤੋੜ ਕਰਨ ਲੱਗੇ। ਇਲਾਕੇ ਦੇ ਮੈਟਰੋ ਸਟੇਸ਼ਨ ‘ਚ ਭੰਨਤੋੜ ਤੋਂ ਬਾਅਦ ਅੱਗ ਲਗਾ ਦਿੱਤੀ ਜਦਕਿ ਕਈ ਬੈਂਕਾਂ ਦੀਆਂ ਇਮਾਰਤਾਂ ਤੇ ਵੱਡੀ ਜਿਊਲਰੀ ਸ਼ਾਪ ਤਬਾਹ ਕਰ ਦਿੱਤੀ ਗਈ। ਪੁਲਿਸ ਨੇ ਅੰਦੋਲਨਕਾਰੀਆਂ ਨੂੰ ਕਾਬੂ ‘ਚ ਕਰਨ ਲਈ ਰਬੜ ਬੁਲੇਟ ਤੇ ਅੱਥਰੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕੀਤਾ ਪਰ ਉਸ ਨੂੰ ਕਾਮਯਾਬੀ ਨਹੀਂ ਮਿਲ ਸਕੀ। ਕਾਲੀ ਪੁਸ਼ਾਕ ਪਾਈ ਤੇ ਫੇਸ ਮਾਸਕ ਲਗਾਈ ਅੰਦੋਲਨਕਾਰੀ ਹਨੇਰੇ ‘ਚ ਥਾਂ-ਥਾਂ ਭੰਨ ਤੋੜ ਕਰਕੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦੇ ਰਹੇ। ਉਨ੍ਹਾਂ ਦੇ ਨਿਸ਼ਾਨੇ ‘ਤੇ ਚੀਨੀ ਬੈਂਕ, ਚੀਨ ਸਰਕਾਰ ਦੀਆਂ ਸੰਸਥਾਵਾਂ ਤੇ ਚੀਨੀ ਲੋਕਾਂ ਦੀ ਮਾਲਕੀ ਵਾਲੇ ਕਾਰੋਬਾਰੀ ਅਦਾਰੇ ਵੀ ਰਹੇ। ਕੁਝ ਘੰਟਿਆਂ ਦੀ ਭੰਨਤੋੜ ਤੇ ਅੱਗਜ਼ਨੀ ਤੋਂ ਬਾਅਦ ਹਾਂਗਕਾਂਗ ਦੇ ਕੇਂਦਰ ਦਾ ਜਿਹੜਾ ਨਜ਼ਾਰਾ ਸੀ, ਉਸ ਤੋਂ ਲੱਗ ਰਿਹਾ ਸੀ ਕਿ ਸ਼ਨਿਚਰਵਾਰ ਤੇ ਐਤਵਾਰ ਦੀ ਰਾਤ ਹਾਂਗਕਾਂਗ ਦੀ ਸਭ ਤੋਂ ਵੱਧ ਬਰਬਾਦੀ ਵਾਲੀ ਰਾਤ ਬਣ ਸਕਦੀ ਹੈ। ਇਸ ਤੋਂ ਪਹਿਲਾਂ ਵੀ ਹਫ਼ਤੇ ਦੇ ਅਖ਼ੀਰ ‘ਚ ਅੰਦੋਲਨ ਰਫ਼ਤਾਰ ਫੜਦਾ ਰਿਹਾ ਹੈ ਤੇ ਕੁਝ ਘੰਟਿਆਂ ਬਾਅਦ ਹਿੰਸਕ ਰੂਪ ਲੈਂਦਾ ਰਿਹਾ ਹੈ। ਪੰਜ ਮਹੀਨੇ ਤੋਂ ਚੱਲ ਰਹੇ ਲੋਕ ਤੰਤਰ ਦੀ ਮੰਗ ਵਾਲੇ ਇਸ ਅੰਦੋਲਨ ਨੂੰ ਕੌਮਾਂਤਰੀ ਸਮਰਥਨ ਹਾਸਲ ਹੈ। ਚੀਨ ਦੀ ਸ਼ਕਤੀਸ਼ਾਲੀ ਸਰਕਾਰ ਇਸ ਅੰਦੋਲਨ ਨੂੰ ਦਬਾਉਣ ਲਈ ਕੁਝ ਖ਼ਾਸ ਨਹੀਂ ਕਰ ਪਾ ਰਹੀ।