ਇਕ ਸਦੀ ਪਹਿਲਾਂ, 1918 ਦੇ ਨਵੰਬਰ ਮਹੀਨੇ, ਪਹਿਲੀ ਸੰਸਾਰ ਜੰਗ ਖਤਮ ਹੋਈ। ਜੰਗ ਯੌਰਪ ਦੀਆਂ ਤਾਕਤਾਂ ਵਿਚਕਾਰ ਲੜੀ ਗਈ, ਨਪੀੜਿਆ ਪੰਜਾਬ ਗਿਆ। ਅੰਗਰੇਜ਼ਾਂ ਨੇ ਪੰਜਾਬ ਤੋਂ ਲੱਖਾਂ ਫੌਜੀ ਭਰਤੀ ਕਰਕੇ ਯੌਰਪ ਵਿਚ ਲੜਨ ਲਈ ਭੇਜੇ। ਮਰਨ ਵਾਲੇ ਕੁੱਲ ਭਾਰਤੀ ਫੌਜੀਆਂ ਵਿਚੋਂ 70 ਹਜ਼ਾਰ ਤੋਂ ਵੱਧ ਪੰਜਾਬੀ ਸਨ।
1915 ਵਿਚ ਪੰਜਾਬ ਤੋਂ ਗਏ ਫੌਜੀ ਫਰਾਂਸ ਅਤੇ ਬੈਲਜੀਅਮ ਦੇ ਮੋਰਚਿਆਂ ਉੱਤੇ ਧੜਾਧੜ ਮਰ ਰਹੇ ਸਨ। ਜ਼ਖ਼ਮੀ ਹੋਣ ਵਾਲਿਆਂ ਦੀ ਗਿਣਤੀ ਚੋਖੀ ਸੀ। ਜ਼ਖ਼ਮੀਆਂ ਨੂੰ ਇੰਗਲਿਸ਼ ਚੈਨਲ ਪਾਰ ਕਰਕੇ ਇੰਗਲੈਂਡ ਵਿਚ ਬਰਾਈਟਨ ਨਾਂ ਦੇ ਸਮੁੰਦਰੀ ਤੱਟ ਉੱਤੇ ਲਿਆਂਦਾ ਜਾਂਦਾ। ਜਿਹੜੇ ਫੌਜੀ ਹਸਪਤਾਲ ਇੰਗਲੈਂਡ ਵਿਚ ਸਨ, ਉੱਥੇ ਨਸਲੀ ਭੇਦ-ਭਾਵ ਕਰਕੇ ਹਿੰਦੀ ਫੌਜੀਆਂ ਦਾ ਇਲਾਜ ਨਹੀਂ ਸੀ ਕੀਤਾ ਜਾਂਦਾ। ਅੰਗਰੇਜ਼ ਸਰਕਾਰ ਨੇ ਸਮੁੰਦਰੀ ਤੱਟ ਵਾਲੇ ਸ਼ਹਿਰ ਬਰਾਈਟਨ ਵਿਚ ਰਾਇਲ ਪੈਵਿਲੀਅਨ ਨਾਂ ਦੇ ਸ਼ਾਹੀ ਮਹੱਲ ਦੇ ਕੋਨੇ ਦੀ ਅਨੈਕਸੀ ਨੂੰ ਹਸਪਤਾਲ ਵਿਚ ਤਬਦੀਲ ਕਰ ਦਿੱਤਾ। ਇਹਨੂੰ ਇੰਡੀਅਨ ਹਸਪਤਾਲ ਕਿਹਾ ਜਾਣ ਲੱਗਾ। (ਇਹ ਸ਼ਾਹੀ ਮਹੱਲ ਅਠਾਰਵੀਂ ਸਦੀ ਦੇ ਸ਼ੁਰੂ ਵਿਚ ਇੰਗਲੈਂਡ ਦੇ ਪਾਤਸ਼ਾਹ ਨੇ ਆਪਣੇ ਸੁਖ ਆਰਾਮ ਦੀ ਖਾਤਰ ਬਣਵਾਇਆ ਸੀ।)
ਮੈਂ ਕਈ ਸਾਲਾਂ ਤੋਂ ਇੰਗਲੈਂਡ ਜਾਂਦਾ ਰਿਹਾ, ਕਿਸੇ ਪੰਜਾਬੀ ਭਾਈਬੰਦ ਤੋਂ ਬਰਾਈਟਨ ਵਿਚ ਬਣੇ ਇੰਡੀਅਨ ਹਸਪਤਾਲ ਦਾ ਨਾਂ ਨਾ ਸੁਣਿਆ। ਸਭ ਕੰਮਾਂ-ਕਾਰਾਂ ਵਿਚ ਦੱਬੇ ਦਿਖਾਈ ਦੇਂਦੇ। ਉਨ੍ਹਾਂ ਨੇ ਆਪ ਵੀ ਸ਼ਾਇਦ ਇਹਦੇ ਬਾਰੇ ਸੁਣਿਆ ਨਹੀਂ ਸੀ।
ਗੀਰਦਾਰ ਟੋਡੀਆਂ ਦੀ ਮਦਦ ਨਾਲ ਅੰਗਰੇਜ਼ ਸਰਕਾਰ ਨੇ ਏਥੋਂ ਦੇ ਸਰਲ ਸਿੱਧੜ ਤੇ ਤੰਗ ਦਸਤ ਪੇਂਡੂਆਂ ਨੂੰ ਲੋਭ ਲਾਲਚ ਦੇ ਕੇ ਜਾਂ ਜਬਰੀ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਨਾ ਪੂਰੀ ਤਰ੍ਹਾਂ ਟਰੇਨਿੰਗ ਦਿੱਤੀ ਗਈ ਤੇ ਨਾ ਯੋਗ ਹਥਿਆਰ ਮੁਹੱਈਆ ਕੀਤੇ ਗਏ। ਸਿੱਧਾ ਸਮੁੰਦਰੀ ਜਹਾਜ਼ੇ ਚੜ੍ਹਾ ਕੇ ਫਰਾਂਸ ਲਈ ਰਵਾਨਾ ਕਰ ਦਿੱਤਾ ਗਿਆ।ਲੰਡਨ ਤੋਂ ਡੇਢ ਦੋ ਘੰਟੇ ਦੀ ਕਾਰ ਵਾਟ ਉੱਤੇ ਬਰਾਈਟਨ ਹੈ। ਧੁੱਪ ਵਾਲੇ ਵੀਕਐਂਡ ਉੱਤੇ ਉੱਥੇ ਗੋਰੇ ਬੀਚ ਦੀ ਰੇਤ ਉੱਤੇ ਲੇਟ ਕੇ ਜਿਸਮ ਨੂੰ ਲਾਖਾ (ਸਨ ਟੈਨਿੰਗ) ਕਰਨ ਜਾਂਦੇ ਹਨ।
ਅਚਾਨਕ ਧੁੱਪ ਵਾਲੇ ਇਕ ਐਤਵਾਰ ਮੈਨੂੰ ਬਰਾਈਟਨ ਜਾਣ ਦਾ ਮੌਕਾ ਮਿਲਿਆ। ਉੱਥੇ ਮੇਰਾ ਜਾਣੂ ਭਾਈਬੰਦ ਰਹਿੰਦਾ ਸੀ। ਅਸੀਂ ਦਿਨ ਭਰ ਘੁੰਮਦੇ ਰਹੇ ਤੇ ਰਾਇਲ ਪੈਵਿਲੀਅਨ ਦੇ ਸ਼ਾਹੀ ਮਹੱਲ ਕੋਲੋਂ ਦੀ ਗੁਜ਼ਰੇ। ਮੇਰੇ ਜਾਣੂ ਨੇ ਇੰਡੀਅਨ ਹਸਪਤਾਲ ਦਾ ਕੋਈ ਜ਼ਿਕਰ ਨਾ ਕੀਤਾ। ਉਹਦੀ ਸ਼ਾਇਦ ਇਹਦੇ ਵਿਚ ਦਿਲਚਸਪੀ ਨਹੀਂ ਸੀ।
ਵਲੈਤਦੀ ਆਪਣੀ ਇਸ ਘੁਮੱਕੜੀ ਦੌਰਾਨ ਹੀ ਮੈਂ ਕਿਸੇ ਹੋਰ ਦਿਨ ਸਾਊਥੈਂਪਟਨ ਨਾਂ ਦੇ ਸ਼ਹਿਰ ਪੁੱਜਾ। ਇਹ ਥਾਂ ਵੀ ਸਮੁੰਦਰੀ ਤੱਟ ਉੱਤੇ ਲੰਡਨ ਤੋਂ ਕਰੀਬ ਸੱਠ ਮੀਲ ਦੂਰ ਹੈ, ਬਰਾਈਟਨ ਦੇ ਪਰਲੇ ਪਾਸੇ। ਸਾਊਥੈਂਪਟਨ ਵਿਚ ਮੇਰੀ ਦਿਲਚਸਪੀ ਦੋ ਗੱਲਾਂ ਕਰਕੇ ਸੀ। ਇਕ, ਏਥੇ ਸ਼ਹੀਦ ਊਧਮ ਸਿੰਘ ਕੁਝ ਦੇਰ ਰਹਿੰਦਾ ਰਿਹਾ; ਮੈਂ ਉਹਦੀ 12 ਮਨਚੈਸਟਰ ਸਟ੍ਰੀਟ ਵਾਲੀ ਰਿਹਾਇਸ਼ ਦੇਖਣਾ ਚਾਹੁੰਦਾ ਸੀ। ਦੂਜਾ, ਸਾਊਥੈਂਪਟਨ ਦੀ ਬੰਦਰਗਾਹ ਤੋਂ 10 ਅਪਰੈਲ 1912 ਨੂੰ ਟਾਈਟੈਨਿਕ ਨਾਂ ਦਾ ਸ਼ਾਹਾਨਾ ਅੰਦਾਜ਼ ਵਿਚ ਨਵਾਂ ਬਣਿਆ ਸਮੁੰਦਰੀ ਜਹਾਜ਼ ਨਿਊਯੌਰਕ ਲਈ ਰਵਾਨਾ ਹੋਇਆ ਸੀ ਤੇ ਚਾਰ ਦਿਨਾਂ ਬਾਅਦ ਬਰਫ਼ ਦੇ ਵਿਰਾਟ ਤੋਦੇ ਨਾਲ ਟਕਰਾਅ ਕੇ ਤਬਾਹ ਹੋ ਗਿਆ ਸੀ। 1500 ਮੁਸਾਫ਼ਿਰ ਸਮੁੰਦਰ ਵਿਚ ਡੁੱਬ ਕੇ ਮਰ ਗਏ ਸਨ। (ਹੌਲੀਵੁੱਡ ਦੇ ਨਿਰਦੇਸ਼ਕ ਜੇਮਜ਼ ਕੈਮਰਨ ਨੇ ਇਸ ਦੁਰਘਟਨਾ ਉੱਤੇ 1997 ਵਿਚ ਫਿਲਮ ਬਣਾਈ।) ਮੈਂ ਉਹ ਜਗ੍ਹਾ ਦੇਖਣਾ ਚਾਹੁੰਦਾ ਸੀ ਜਿੱਥੋਂ ਟਾਈਟੈਨਿਕ ਰਵਾਨਾ ਹੋਇਆ।
ਸਾਊਥੈਂਪਟਨ ਵਿਚ ਘੁੰਮਦਿਆਂ ਅਚਾਨਕ ਨਿਗ੍ਹਾ ਉੱਥੋਂ ਦੀ ਪਬਲਿਕ ਲਾਇਬਰੇਰੀ ਉੱਤੇ ਪਈ। ਮੈਂ ਅੰਦਰ ਦਾਖਲ ਹੋ ਗਿਆ। ਇਕ ਕਮਰੇ ਵਿਚ ਪਹਿਲੀ ਸੰਸਾਰ ਜੰਗ ਵੇਲੇ ਦੀਆਂ ਤਸਵੀਰਾਂ ਦੀਵਾਰ ਉੱਤੇ ਲਟਕੀਆਂ ਦੇਖੀਆਂ। ਕੁਝ ਤਸਵੀਰਾਂ ਵਿਚ ਪੰਜਾਬੀ ਦਸਤਾਰਬੱਧ ਫੌਜੀ ਹਸਪਤਾਲ ਦੇ ਬੈੱਡ ਉੱਤੇ ਲੰਮੇ ਪਏ ਸਨ, ਹੇਠ ਇੰਡੀਅਨ ਹਸਪਤਾਲ ਬਰਾਈਟਨ ਤੇ ਸਾਲ 1915 ਲਿਖਿਆ ਸੀ। ਇਕ ਹੋਰ ਤਸਵੀਰ ਵਿਚ ਬੈਂਚ ਉੱਤੇ ਬੈਠਾ ਇਕ ਜ਼ਖ਼ਮੀ ਸਿੱਖ ਫੌਜੀ ਕਿਸੇ ਦੂਜੇ ਦੇਸੀ ਫੌਜੀ ਨੂੰ ਚਿੱਠੀ ਲਿਖਾ ਰਿਹਾ ਸੀ। ਪਤਾ ਲੱਗਾ ਕਿ ਜਿਸ ਹਸਪਤਾਲ ਵਿਚ ਇਹ ਪੰਜਾਬੀ ਫੌਜੀ ਲੰਮੇ ਪਏ ਸਨ ਉਹ ਉਸੇ ਰਾਇਲ ਪੈਵਿਲੀਅਨ ਵਿਚ ਸੀ ਜਿਸ ਅੱਗੋਂ ਮੈਂ ਕੁਝ ਦਿਨ ਪਹਿਲਾਂ ਗੁਜ਼ਰਿਆ ਸੀ। ਮੇਰੇ ਚਿੱਤ ਵਿਚ ਇਹ ਰੜਕ ਪੈਦਾ ਹੋਈ ਕਿ ਬਰਾਈਟਨ ਪੁੱਜ ਕੇ ਵੀ ਮੈਂ ਪੰਜਾਬੀ ਬੰਦੇ ਦੇ ਇਸ ਸ਼ਹਿਰ ਨਾਲ ਗਹਿਰੇ ਨਾਤੇ ਤੋਂ ਅਣਜਾਣ ਰਿਹਾ।
ਵਾਪਸ ਚੰਡੀਗੜ੍ਹ ਪੁੱਜ ਕੇ ਗੂਗਲ ਅਤੇ ਹੋਰ ਸੰਭਵ ਸਰੋਤਾਂ ਤੋਂ ਮੈਨੂੰ ਪਹਿਲੀ ਸੰਸਾਰ ਜੰਗ ਦੌਰਾਨ ਯੌਰਪ ਦੇ ਮੋਰਚਿਆਂ ਉੱਤੇ ਲੜ ਮਰਨ ਵਾਲੇ ਪੰਜਾਬੀਆਂ ਬਾਰੇ ਮੁੱਢਲੀ ਜਾਣਕਾਰੀ ਪ੍ਰਾਪਤ ਹੋਈ। ਇਨ੍ਹਾਂ ਸਿਪਾਹੀਆਂ ਨੇ ਫਰਾਂਸ ਦੇ ਮੋਰਚਿਆਂ ਤੋਂ ਪਿਛਾਂਹ ਆਪਣੇ ਪਰਿਵਾਰ ਨੂੰ ਚਿੱਠੀਆਂ ਵੀ ਲਿਖੀਆਂ, ਤੇ ਇਹ ਚਿੱਠੀਆਂ ਔਕਸਫਰਡ ਤੋਂ ਨਿਕਲਦੀ ਇਕ ਖੋਜ ਪਤ੍ਰਿਕਾ ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਸਨ। ਮੈਂ ਇਹ ਪਤ੍ਰਿਕਾ ਪ੍ਰਾਪਤ ਕਰ ਲਈ।
ਅਗਲੀ ਜਾਣਕਾਰੀ ਇਹ ਮਿਲੀ ਕਿ ਬਰਾਈਟਨ ਦੇ ਨੇੜੇ ਛੱਤਰੀ ਨਾਂ ਦੀ ਯਾਦਗਾਰ ਉਨ੍ਹਾਂ ਹਿੰਦੀ ਫੌਜੀਆਂ ਦੀ ਯਾਦ ਵਿਚ ਬਣੀ ਹੋਈ ਹੈ ਜੋ ਇੰਡੀਅਨ ਹਸਪਤਾਲ ਵਿਚ ਫੌਤ ਹੋ ਗਏ। ਇਨ੍ਹਾਂ ਦੀ ਗਿਣਤੀ ਵੀ ਕਾਫ਼ੀ ਜ਼ਿਆਦਾ ਸੀ। ਅਗਸਤ 1915 ਦੇ ਇਕ ਦਿਨ 37 ਪੰਜਾਬੀ ਹਿੰਦੂ ਸਿੱਖ ਫੌਜੀਆਂ ਦਾ ਇਕੋ ਵੇਲੇ ਦਾਹ ਸਸਕਾਰ ਕੀਤਾ ਗਿਆ ਤੇ ਇਨ੍ਹਾਂ ਦੀਆਂ ਅਸਥੀਆਂ ਨੂੰ ਸਮੁੰਦਰ ਵਿਚ ਪਰਵਾਹ ਕਰ ਦਿੱਤਾ ਗਿਆ, ਜਿਵੇਂ ਕਿ ਉੱਥੇ ਅਕਸਰ ਕੀਤਾ ਜਾਂਦਾ ਸੀ। ਉਸ ਦਿਨ ਫੌਤ ਹੋਏ ਮੁਸਲਮਾਨ ਪੰਜਾਬੀ ਫੌਜੀਆਂ ਨੂੰ ਨੇੜੇ ਹੀ ਵੱਖਰਾ ਦਫ਼ਨਾ ਦਿੱਤਾ ਗਿਆ।
ਇਸ ਸਮੂਹ ਸਸਕਾਰ ਦੇ ਛੇ ਸਾਲਾਂ ਬਾਅਦ (1921 ਵਿਚ) ਇੰਗਲੈਂਡ ਦੀ ਇਕ ਸੰਸਥਾ ਵੱਲੋਂ ਛੱਤਰੀ ਦੀ ਸ਼ਕਲ ਵਿਚ ਯਾਦਗਾਰ ਉਸਾਰੀ ਗਈ। ਇਹਦਾ ਉਦਘਾਟਨ ਪ੍ਰਿੰਸ ਔਫ ਵੇਲਜ਼ ਵੱਲੋਂ ਕੀਤਾ ਗਿਆ। ‘ਇੰਗਲੈਂਡ ਦੇ ਪਾਤਸ਼ਾਹ ਦੀ ਖਾਤਰ ਜਾਨ ਕੁਰਬਾਨ ਕਰਨ ਵਾਲੇ ਫੌਜੀਆਂ’ ਨੂੰ ਸ਼ਰਧਾਂਜਲੀ ਦਿੱਤੀ ਗਈ। (ਅਜਿਹੇ ਸ਼ਬਦ ਅੰਗਰੇਜ਼ੀ ਅੱਖਰਾਂ ਵਿਚ ਉਸ ਯਾਦਗਾਹ ਹੇਠ ਹਮੇਸ਼ਾਂ ਲਈ ਉੱਕਰੇ ਪਏ ਹਨ।)
* * *
ਮੈਂ ਪਹਿਲੀ ਸੰਸਾਰ ਜੰਗ ਵਿਚ ਪੰਜਾਬੀ ਫੌਜੀਆਂ ਦੀ ਫਰਾਂਸ ਦੇ ਮੋਰਚਿਆਂ ਵਿਚ ਸ਼ਿਰਕਤ ਬਾਰੇ ਜਾਣਕਾਰੀ ਵੀ ਪ੍ਰਾਪਤ ਕੀਤੀ। ਸਭ ਤੋਂ ਭਿਅੰਕਰ ਲੜਾਈ ਫਰਾਂਸ ਦੇ ਨਵ ਸ਼ੈਪਲ ਨਾਂ ਦੇ ਮੋਰਚੇ ’ਤੇ ਹੋਈ। ਮਾਰਚ 1915 ਦੇ ਤਿੰਨ ਦਿਨਾਂ ਵਿਚ 5000 ਤੋਂ ਉਪਰ ਪੰਜਾਬੀ ਫੌਜੀ (ਜਿਨ੍ਹਾਂ ਵਿਚ ਜ਼ਿਆਦਾਤਰ ਸਿੱਖ ਤੇ ਮੁਸਲਮਾਨ ਸਨ) ਮਾਰੇ ਗਏ। ਇਹ ਫੌਜੀ ਗਿਆਰਾਂ ਰੁਪਏ ਮਹੀਨੇ ਤਨਖਾਹ ’ਤੇ ਘਰ ਘਾਟ ਤੋਂ ਹਜ਼ਾਰਾਂ ਮੀਲਾਂ ਦੀ ਦੂਰੀ ’ਤੇ ਲੜੇ ਤੇ ਫੌਤ ਹੋਏ। ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਇਸ ਗਹਿਗੱਚ ਲੜਾਈ ਦਾ ਮਕਸਦ ਕੀ ਸੀ।
ਹਜ਼ਾਰਾਂ ਦੀ ਗਿਣਤੀ ਵਿਚ ਜੋ ਜ਼ਖ਼ਮੀ ਹੋਏ ਉਨ੍ਹਾਂ ਨੂੰ ਇੰਗਲਿਸ਼ ਚੈਨਲ ਪਾਰ ਕਰਵਾ ਕੇ ਬਰਾਈਟਨ ਦੇ ਰਾਇਲ ਪੈਵਿਲੀਅਨ ਦੇ ਇੰਡੀਅਨ ਹਸਪਤਾਲ ਵਿਚ ਭੇਜ ਦਿੱਤਾ ਜਾਂਦਾ। ਉੱਥੇ ਉਨ੍ਹਾਂ ਦੀ ਦੇਖਭਾਲ ਕਰਨ ਵਾਲੀਆਂ ਗੋਰੀਆਂ ਨਰਸਾਂ ਨਹੀਂ ਸਨ, ਜਿਵੇਂ ਵਲੈਤ ਦੇ ਹੋਰ ਫੌਜੀ ਹਸਪਤਾਲਾਂ ਵਿਚ ਸਨ। ਇਹ ਜ਼ਿੰਮੇਵਾਰੀ ਮਰਦ ਨਰਸਾਂ ਦੀ ਸੀ।
ਇਹ ਫੌਜੀ ਫਰਾਂਸ ਦੇ ਮੋਰਚੇ ਵਿਚ ਕਿਵੇਂ ਪਹੁੰਚ ਗਏ? ਜਾਣਕਾਰੀ ਇਹ ਮਿਲੀ ਕਿ ਅਗਸਤ 1914 ਵਿਚ ਜਰਮਨ ਫੌਜਾਂ ਨੇ ਫਰਾਂਸ ਤੇ ਬੈਲਜੀਅਮ ’ਤੇ ਧਾਵਾ ਬੋਲ ਦਿੱਤਾ ਸੀ। ਮੁਕਾਬਲਾ ਕਰਨ ਵਾਲੀਆਂ ਅੰਗਰੇਜ਼ ਤੇ ਫਰਾਂਸੀਸੀ ਫੌਜਾਂ ਨੂੰ ਭਾਜੜਾਂ ਪੈ ਗਈਆਂ। ਉਦੋਂ ਹਿੰਦੁਸਤਾਨ ਵਿਚ ਅੰਗਰੇਜ਼ਾਂ ਦੇ ਅਧੀਨ 1,60,000 ਦੇ ਕਰੀਬ ਫੌਜ ਸੀ। ਲਾਹੌਰ ਤੇ ਮੇਰਠ ਡਿਵੀਯਨ ਦੀਆਂ ਪਿਆਦਾ ਫੌਜਾਂ ਨੂੰ ਤੁਰੰਤ ਯੌਰਪ ਵਿਚ ਭੇਜਣ ਦਾ ਫੈਸਲਾ ਕੀਤਾ ਗਿਆ।
ਪੰਜਾਬ ਵਿਚ ਜਾ ਇਹ ਫੌਜੀ ਅਕਤੂਰ 1914 ਵਿਚ ਮਾਰਸੱਈ ਦੀ ਬੰਦਰਗਾਹ ’ਤੇ ਉਤਰੇ। ਤਦ ਸਖਤ ਠੰਢ ਪੈ ਰਹੀ ਸੀ। ਇਨ੍ਹਾਂ ਕੋਲ ਠੰਢ ਤੋਂ ਬਚਾਓ ਲਈ ਨਾ ਲੋੜੀਂਦੀ ਗਰਮ ਵਰਦੀ ਸੀ, ਨਾ ਰਾਤ ਨੂੰ ਸੌਣ ਲਈ ਨਿੱਘ। ਘੋਰ ਠੰਢ, ਮੋਹਲੇਧਾਰ ਬਾਰਿਸ਼ ਅਤੇ ਗੋਡੇ ਗੋਡੇ ਚਿੱਕੜ ਭਰਿਆ ਮੈਦਾਨ! ਦੁੱਭਰ ਸਥਿਤੀ ਵਿਚ ਇਹ ਫੌਜੀ ਅੰਧਾਧੁੰਦ ਲੜੇ। ਜ਼ਖ਼ਮੀ ਹੋਏ ਤੇ ਦਮ ਤੋੜ ਗਏ। ਉਨ੍ਹਾਂ ਲਈ ਯੌਰਪੀ ਮੋਰਚਿਆਂ ’ਤੇ ਅਜਿਹੀ ਲੜਾਈ ਨਵੀਂ ਤਰ੍ਹਾਂ ਦੀ ਸੀ। ਇਕ ਫੌਜੀ ਨੇ ਚਿੱਠੀ ਵਿਚ ਲਿਖਿਆ, ‘‘ਇਹ ਜੰਗ ਨਹੀਂ, ਇਹ ਤਾਂ ਜਿਉਂ ਪਰਲੋ ਆ ਗਈ ਹੋਵੇ।’’ ਇਕ ਹੋਰ ਪੰਜਾਬੀ ਫੌਜੀ ਦੀ ਲਿਖੀ ਚਿੱਠੀ ਇਸ ਤਰ੍ਹਾਂ ਹੈ: ‘‘ਆਲੇ ਦੁਆਲੇ ਲਾਸ਼ਾਂ ਪਈਆਂ ਹਨ। ਸੜ੍ਹਾਂਦ ਨਾਲ ਹੀ ਕਈ ਫੌਜੀ ਮਰ ਗਏ। ਮੈਨੂੰ ਨਹੀਂ ਲੱਗਦਾ ਮੈਂ ਜ਼ਿੰਦਾ ਵਾਪਿਸ ਮੁੜਾਂਗਾ।’’
ਇਸ ਦੌਰਾਨ ਮੈਨੂੰ ਫਰਾਂਸ ਜਾਣ ਦਾ ਮੌਕਾ ਮਿਲਣ ਲੱਗਾ। ਜੂਨ 2012 ਦੇ ਇਕ ਵੀਕਐਂਡ ਮੈਂ ਫਰਾਂਸ ਰਹਿੰਦੀ ਆਪਣੀ ਬੇਟੀ ਅਤੇ ਉਹਦੇ ਪਤੀ ਨੂੰ ਨਵ ਸ਼ੈਪਲ ਵਿਚ ਹੋਈ ਲੜਾਈ ਦਾ ਮੈਦਾਨ ਦਿਖਾਉਣ ਲਈ ਤਿਆਰ ਕਰ ਲਿਆ। ਇਹ ਥਾਂ ਪੈਰਿਸ ਤੋਂ ਕੋਈ 200 ਕਿਲੋਮੀਟਰ ਦੂਰ ਲੀਲ ਸ਼ਹਿਰ ਤੋਂ 30 ਕਿਲੋਮੀਟਰ ਦੀ ਦੂਰੀ ’ਤੇ ਹੈ। (ਲੀਲ ਵਿਚ ਫਰਾਂਸ ਦਾ ਪ੍ਰੈਜ਼ੀਡੈਂਟ ਸ਼ਾਰਲ ਦੀਗੋਲ ਪੈਦਾ ਹੋਇਆ ਸੀ।)
ਅਸੀਂ ਆਪਣੇ ਟਿਕਾਣੇ ਐਬਵੀਲ ਤੋਂ ਕਾਰ ਦੌੜਾਈ ਤੇ ਲੀਲ ਪੁੱਜ ਗਏ। ਪਹੁੰਚਣ ਤੱਕ ਸ਼ਾਮ ਹੋ ਚੁੱਕੀ ਸੀ। ਰਾਤ ਲੀਲ ਵਿਚ ਗੁਜ਼ਾਰੀ। ਅਗਲੇ ਦਿਨ ਸਵੇਰੇ ਐਤਵਾਰ ਨਵ ਸ਼ੈਪਲ ਲਈ ਚੱਲ ਪਏ। ਲੜਾਈ ਦੇ ਉਸ ਮੈਦਾਨ ਵਿਚ ਜਾ ਪੁੱਜੇ ਜਿੱਥੇ ਸਦੀ ਪਹਿਲਾਂ ਪੰਜਾਬੀ ਬੰਦੇ ਦਾ ਲਹੂ ਡੁੱਲ੍ਹਿਆ ਸੀ। ਹੁਣ ਉਸੇ ਮੈਦਾਨ ਵਿਚ ਲੰਮਾ ਉੱਚਾ ਘਾਹ ਲਹਿਰਾ ਰਿਹਾ ਹੈ। ਫਰਾਟੇ ਮਾਰਦੀ ਹਵਾ ਸੀ ਜੋ ਸਦੀ ਪਹਿਲਾਂ ਦੀ ਘਣਘੋਰਤਾ ਨੂੰ ਚੁੱਪ ਵਿਚ ਤਬਦੀਲ ਕਰ ਰਹੀ ਸੀ।
ਇੰਗਲੈਂਡ ਦੀ ਕਾਮਨਵੈਲਥ ਵਾਰ ਮੈਮੋਰੀਅਲ ਸੰਸਥਾ ਵੱਲੋਂ ਉਸ ਥਾਂ ਹੁਣ ਇਕ ਯਾਦਗਾਰ ਬਣਾਈ ਹੋਈ ਹੈ। ਇਹਦੇ ਅੰਦਰ ਦੀਵਾਰ ’ਤੇ ਉਨ੍ਹਾਂ ਫੌਜੀਆਂ ਦੇ ਨਾਂ ਖੁਣੇ ਹੋਏ ਹਨ ਜੋ ਆਪਣੇ ਪਰਿਵਾਰਾਂ ਅਤੇ ਜਨਮ-ਭੋਇੰ ਤੋਂ ਹਜ਼ਾਰਾਂ ਮੀਲ ਦੂਰ ਪਰਾਏ ਹਾਕਮਾਂ ਦੀ ਖਾਤਰ ਫੌਤ ਹੋਏ।
ਨਵ ਸ਼ੈਪਲ ਦੀ ਇਸ ਫੇਰੀ ਤੋਂ ਬਾਅਦ ਮੈਂ ਪੈਰਿਸ ਤੋਂ ਲੰਡਨ ਗਿਆ ਤੇ ਛੱਤਰੀ ਦੇਖਣ ਬਰਾਈਟਨ ਜਾ ਪੁੱਜਾ। ਇਸ ਥਾਂ ਵੀ ਹਵਾ ਫਰਾਟੇ ਮਾਰਦੀ ਸੀ ਤੇ ਇਕੱਲਤਾ+ਚੁੱਪ ਦਾ ਪਸਾਰਾ ਸੀ।
ਪਰਾਏ ਮੌਸਮਾਂ ਵਿਚ ਲੜ ਮਰਨ ਵਾਲੇ ਇਨ੍ਹਾਂ ਫੌਜੀਆਂ ਦਾ ਨਾਂ ਪੰਜਾਬ ਵਿਚ ਕੌਣ ਜਾਣਦਾ ਹੈ? ਇਹ ਕਿਹੜੇ ਪਿੰਡ ਤੋਂ ਸਨ; ਇਨ੍ਹਾਂ ਦੇ ਪਰਿਵਾਰ ਤੇ ਸਾਕ ਸਬੰਧੀਆਂ ਦੀਆਂ ਪੁਸ਼ਤਾਂ ਅੱਜ ਕਿੱਥੇ ਹਨ? ਮਰਨ ਵਾਲਿਆਂ ਦਾ ਨਾਂ ਵੀ ਉਸ ਦੀਵਾਰ ਉੱਤੇ ਉੱਕਰਿਆ ਹੋਇਆ ਹੈ ਜਿਸ ਨੂੰ ਪੰਜਾਬੀ ਬੰਦਾ ਦੇਖ ਨਹੀਂ ਸਕਦਾ। ਇਸ ਤੋਂ ਇਹੀ ਪਤਾ ਲੱਗਦਾ ਹੈ ਕਿ ਅਦਨੇ ਬੰਦੇ ਦਾ ਕੋਈ ਇ ਤਿਹਾਸ ਨਹੀਂ ਹੁੰਦਾ। ਨਾ ਉਹਦੇ ਲਹੂ ਦਾ ਮੁੱਲ ਪੈਂਦਾ ਹੈ। ਇਤਿਹਾਸ ਤਾਂ ਗਲਬਾ ਪਾਉਣ ਵਾਲੇ ਦਾ ਹੁੰਦਾ ਹੈ।
ਗੁਰਬਚਨ ਅਣਗੌਿਲਆ ਇਿਤਹਾਸ ਸੰਪਰਕ: 98725-06926