ਰੰਗਰੇਜ਼, ਨਿਲਾਰੀ ਤੇ ਅਰਾਈਂਂ…

0
215

ਪੈੜਾਂ ਨੱਪਦਿਆਂ
ਵੱਡੇ ਰੌਲਿਆਂ ਤੋਂ ਪਹਿਲਾਂ ਮਾਹਿਲਪੁਰ (ਹੁਸ਼ਿਆਰਪੁਰ) ਵਿਚ ਮੁਸਲਮਾਨ ਵਸੋਂ ਵੀ ਭਰਵੀਂ ਸੀ। ਮਰਾਸੀ ਤੇ ਕਾਜੀਆਂ ਤੋਂ ਬਿਨਾਂ ਉਹ ਮੁੱਖ ਤੌਰ ’ਤੇ ਕਾਮੇ, ਦਸਤਕਾਰ ਅਤੇ ਹੱਥ ਕਿਰਤੀ ਹੀ ਸਨ। ਕਾਜੀ ਮੁਸਲਮਾਨ ਜਿਨ੍ਹਾਂ ਦਾ ਖਾਨਦਾਨੀ ਕੰਮ ਤਾਂ ਸੀ ਮੁਸਲਿਮ ਹਾਕਮਾਂ ਵੇਲੇ ਜੱਜੀ-ਫ਼ੈਸਲੇ ਦੇਣੇ, ਮਗਰੋਂ ਉਹ ਸਿਰਫ਼ ਧਰਮ- ਕਰਮ ਤੇ ਨਿਕਾਹ ਪੜ੍ਹਾਉਣ ਦਾ ਕੰਮ ਕਰਨ ਲੱਗੇ। ਫ਼ਕੀਰ ਮੁਸਲਮਾਨ ਮੰਗ ਕੇ ਗੁਜ਼ਾਰਾ ਕਰਦੇ, ਪਾਲੀ, ਜ਼ਿਮੀਂਦਾਰਾਂ ਦੇ ਵੱਗ ਡੰਗਰ ਚਰਾਂਦੀ ਛੱਡਦੇ, ਬਸ ਇੰਜ ਹੀ ਗੁਜ਼ਰ ਕਰੀ ਜਾਂਦੇ।
ਇੱਥੇ ਰੰਗਰੇਜ਼ ਵੀ ਵਸਦੇ ਸਨ ਤੇ ਨਿਲਾਰੀ ਵੀ। ਰੰਗਰੇਜ਼, ਉਨ੍ਹਾਂ ਨੂੰ ਕਹਿੰਦੇ ਸਨ ਜੋ ਨੀਲ ਤੋਂ ਬਿਨਾਂ ਸਾਰੇ ਰੰਗ ਵਰਤਦੇ ਅਤੇ ਨਿਲਾਰੀ ਸਿਰਫ਼ ਨੀਲ ਦੀ ਹੀ ਵਰਤੋਂ ਕਰਦੇ। ਸੂਤ ਅਤੇ ਹੱਥ-ਕਰੰਗੇ ਦੀ ਇੱਥੇ ਵੱਡੀ ਕਿਰਤ ਹੋਣ ਕਰਕੇ ਇਹ ਲੋਕ ਇੱਥੇ ਆ ਟਿਕੇ ਸਨ। ਨਿਲਾਰੀਆਂ (ਲਲਾਰੀਆਂ) ਬਾਰੇ ਕਿਆਸ ਕੀਤਾ ਜਾਂਦਾ ਸੀ ਕਿ ਇਹ ਛੋਟੇ ਰੈਂਕ ਦੇ ਮੁਗਲ ਸਿਪਾਹੀਆਂ ਦੇ ਇੱਧਰਲੀਆਂ ਔਰਤਾਂ ਨਾਲ ਵਿਆਹ ਤੋਂ ਸੰਤਾਨ ਸਨ। ਮੁੰਗੇਲੀਆਂ ਦੇ ਵਸਨੀਕ ਇਹ ਮੁਗਲ 14ਵੀਂ ਸਦੀ ਵਿਚ ਭਾਰਤ ਵਿਚ ਆਏ ਸਨ। ਮੁਗਲਾਂ ਦਾ ਪਿਆਰਾ ਰੰਗ ਨੀਲਾ ਸੀ। ਇਸੇ ਕਰਕੇ ਲਲਾਰੀਆਂ ਦੀ ਇਹ ਧਿਰ, ਨੀਲ-ਨਿਲੱਤਣ ਰੰਗਦੇ, ਨਿਲਾਰੀ ਕਹਾਏ।
ਇੱਥੋਂ ਦੇ ਅਰਾਈ, ਸਬਜ਼ੀਆਂ ਉਗਾਉਂਦੇ, ਸਿਰ ਟੋਕਰਾ ਚੁੱਕ ਗਲੀ ਹੋਕਾ ਫੇਰਦੇ। ਮੁਸਲਮਾਨ ਗੁੱਜਰ ਅੱਧ ਵਟਾਈ ’ਤੇ ਖੇਤੀ ਕਰਦੇ, ਪਰ ਰੰਘੜਾਂ ਦਾ ਮੁੱਖ ਕਿੱਤਾ ਹੀ ਖੇਤੀਬਾੜੀ ਸੀ। ਤੇਲੀ, ਪੈਂਜੇ ਅਤੇ ਮੁਸਲਿਮ ਜੁਲਾਹਿਆਂ ਤੋਂ ਬਿਨਾਂ ਇੱਥੇ ਰੋਲ ਵੀ ਵਸਦੇ ਸਨ, ਜੋ ਮੰਗਦੇ ਅਤੇ ਦਾਅ ਲੱਗੇ ਤਾਂ ਠੱਗੀ ਵੀ ਮਾਰਦੇ। ਕੁਝ ਛੋਟੇ ਸਮਝੇ ਜਾਂਦੇ ਮੁਸਲਮਾਨਾਂ ਦੀ ਹੀ ਇਕ ਉਪ ਜਾਤ ਕੰਜਰ, ਨਾਚ-ਮੁਜਰਾ ਕਰਦੀ ਸੀ। ਦਿੱਖ ਵਜੋਂ ਇਹ ਬੜੇ ਸਨੁੱਖੇ ਸਨ।

ਮਾਹਿਲਪੁਰ ਦੇ ਸ਼ੋਲਗਰ ਆਤਿਸ਼ਬਾਜ਼ੀ ਦਾ ਕੰਮ ਕਰਦੇ। ਗੰਧਕੀ ਪਟਾਕੇ ਬਣਾਉਂਦੇ। ਪਟਾਕਿਆਂ ਦੇ ਕੰਮ ਵਿਚ ਇਹ ਬੜੇ ਨਿਪੁੰਨ ਸਨ। ਜੋ ਹੋਰ ਮਿਲਗੋਭਾ ਜਿਹੀਆਂ ਨਸਲਾਂ ਸਨ, ਜੋਖੇੜੇ ਜੋ ਜੋਕਾਂ ਲਾਉਂਦੇ, ਗੰਦਾ ਖ਼ੂਨ ਕੱਢਦੇ। ਨਟ ਜੋ ਜਿਸਮਾਨੀ ਕਰਤੱਵ ਵਿਖਾਉਂਦੇ। ਬੰਗੇੜੇ, ਬੰਗਾਂ ਵੇਚਦੇ, ਮਦਾਰੀ ਮਨੋਰੰਜਨ ਕਰਦੇ। ਭੜਭੁੰਜੇ ਦਾਣੇ ਭੁੰਨਦੇ, ਮੁਸਲਿਮ ਹੋਣ ਦੇ ਬਾਵਜੂਦ ਮਾਤਾ ਦੀਆਂ ਭੇਟਾਂ ਗਾਉਂਦੇ। ਵਣਜਾਰੇ, ਦੇਸੀ ਘੀ ਲਈ ਕੁੱਪੇ ਅਤੇ ਪਾਣੀ ਦੀਆਂ ਮਸ਼ਕਾਂ ਬਣਾਉਂਦੇ। ਉਂਜ ਹਿੰਦੂ ਜਾਤੀ ਵਣਜਾਰਿਆਂ ਦਾ ਕੰਮ ਮਾਲ-ਅਸਬਾਬ ਢੋਹਣਾ ਜਾਂ ਤੀਵੀਆਂ ਦਾ ਸੁਹਜ-ਸ਼ਿੰਗਾਰ ਵੇਚਣਾ ਸੀ, ਪਰ ਮੁਸਲਿਮ ਵਣਜਾਰਿਆਂ ਦਾ ਕੰਮ ਚਮੜੇ ਦੇ ਕੁੱਪੇ ਅਤੇ ਮਸ਼ਕਾਂ ਬਣਾਉਣਾ ਹੀ ਸੀ। ਮਾਹਿਲਪੁਰ ਦੇ ਮੁਸਲਿਮ ਭਰਾਈਆਂ ਦਾ ਢੋਲ ਬੜਾ ਮਸ਼ਹੂਰ ਸੀ। ਆਵਤਾਂ, ਵਾਢੀਆਂ, ਛਿੰਜਾਂ, ਖੂਹਾਂ ਦੇ ਪਾੜ ਪੁੱਟਣ ਵੇਲੇ, ਧਰਮ-ਕਰਮ ਅਤੇ ਖ਼ੁਸ਼ੀ ਮੌਕੇ, ਭਰਾਈਂ ਜਦੋਂ ਢੋਲਾਂ ਕੁੱਟਦੇ, ਲੁੱਡੀਆਂ ਪਾਉਂਦੇ ਤਾਂ ਸਾਰੀ ਖਲਕਤ ਦੀ ਖ਼ੈਰ ਮੰਗਦੇ ਜਾਪਦੇ ਸਨ। ਬਿਰਧ ਬੰਦਿਆਂ ਦੀ ਮੌਤ ਵੇਲੇ ਡੱਫਾ ਵਜਾਉਣੀਆਂ, ਸਖੀ-ਸਰਵਰ ਦੇ ਦਿਨੀਂ ਟਾਹਰਾਂ ਦੇਣਾ ਵੀ ਇਨ੍ਹਾਂ ਦਾ ਹੀ ਕੰਮ ਸੀ। ਕੁਝ ਮੁਸਲਮਾਨ ਕਸਾਈ ਬੱਕਰੇ ਹਲਾਲ ਕਰਕੇ ਮਾਸ ਵੇਚਦੇ ਸਨ।
ਸਮਾਜ ਸ਼ਾਸਤਰੀ, ਕਸਾਈ ਮੁਸਲਮਾਨਾਂ ਨੂੰ ਕੁਠੀਕ ਅਤੇ ਹਿੰਦੂ ਕਸਾਈਆਂ ਨੂੰ ਝਟਕਈ ਕਹਿ ਦਿੰਦੇ ਹਨ। ਜਿਨ੍ਹਾਂ ਦਾ ਮੁੱਖ ਕਿੱਤਾ ਬੱਕਰੇ ਵੱਢਣਾ ਹੁੰਦਾ ਸੀ, ਗ਼ੁਲਾਮ ਕਸਾਈ ਤਾਂ ਮਾਸ ਦੀ ਮਸ਼ਹੂਰੀ ਹਿੱਤ ਅਗਲੇ ਦਿਨ ਵੱਢੇ ਜਾਣ ਵਾਲੇ ਬੱਕਰੇ ਨੂੰ ਰੰਗਾਂ-ਪਰਾਂਦਿਆਂ ਨਾਲ ਸ਼ਿੰਗਾਰ ਕੇ ਗਲੀ ਬਾਜ਼ਾਰ ਫੇਰਦਾ ਜਿਵੇਂ ਮੂਕ ਕਹਿ ਰਿਹਾ ਹੋਵੇ, ਬਿਲਕੁਲ ਖ਼ਾਲਸ ਅਤੇ ਤੰਦਰੁਸਤ ਹੈ। ਵੱਢਣ ਦੀ ਘੜੀ ਤਕ ਉਹ ਉਸ ਨੂੰ ਬੜਾ ਦੁਲਾਰਦਾ, ਢਿੱਡ ਭਰਵਾਂ ਦਾਣਾ-ਫੱਕਾ ਪਾਉਂਦਾ। ਜਿਬਾਹ ਖ਼ਾਨੇ ਨੂੰ ਤੁਰਨ ਲੱਗਿਆਂ ਉਸਦੀ ਮੁਕਤੀ ਦੀ ਅਰਦਾਸ ਕਰਦਾ। ਅੱਲ੍ਹਾ-ਤਾਲਾ ਤੋਂ ਮੁਆਫ਼ੀ ਮੰਗਦਾ। ਗੋਡਿਆਂ ਪਰਨੇ ਬੈਠ ਉਸ ਦੇ ਪੈਰੀਂ ਪੈਂਦਾ, ਗਲੇ ਲੱਗਦਾ, ਪੁਚਕਾਰਦਾ। ਰੱਸਾ ਖੋਲ੍ਹਣ ਲੱਗਿਆਂ ਉਹ ਹਟਕੋਰੇ ਭਰਦਾ, ਕਦੇ ਹੁਬਕੀਂ ਵੀ ਰੋ ਪੈਂਦਾ। ਗ਼ੁਲਾਮ ਹੁਰੀਂ ਕਰਮ ਵਜੋਂ ਬੇਸ਼ਕ ਕਸਾਈ ਸਨ, ਪਰ ਦਿਲ ਵਜੋਂ ਬੜੇ ਨਰਮ। ਮਹਿੰਦੀ ਰੰਗੇ ਸਿਰ ਵਾਲੀ ਉਨ੍ਹਾਂ ਦੀ ਧਰਮ-ਕਰਮ ਕਰਨ ਵਾਲੀ ਧੜਵੈਲ ਜਿਸਮੀ ਮਾਂ ਜਾਨੋ ਪਿੰਡ ਦੇ ਸਾਰੇ ਬੱਚਿਆਂ ਨੂੰ ਲਾਡ-ਦੁਲਾਰ ਕਰਦੀ। ਉਹ ਜਦੋਂ ਆਦਮੀਆਂ ਵਾਂਗ ਬੋਲਦੀ ਤਾਂ ਤੋਤਲੇ ਬੱਚੇ ਵੀ ਖਿੜ-ਖਿੜਾ ਕੇ ਹੱਸ ਪੈਂਦੇ। ਉਸ ਬੁੱਢੀ ਦੀਆਂ ਲੋਰੀਆਂ ਮਾਣਨ ਵਾਲੇ ਅੱਜ ਦੋਹਤਰਿਆਂ-ਪੋਤਰਿਆਂ ਨੂੰ ਵੀ ਵਿਆਹ ਚੁੱਕੇ ਹਨ। ਉਦੋਂ ਦੇ ਬਾਲ ਵਰੇਸੀ ਇਹ ਧੌਲਦਾੜ੍ਹੀਏ ਆਪਣੇ ਪਿੰਡੇ ਵਿਚੋਂ ਜਾਨੋ ਦੇ ਹੱਥਾਂ ਦੀ ਛੋਹ ਮਹਿਸੂਸ ਕਰਕੇ ਅੱਜ ਵੀ ਸਰ-ਸਾਰ ਹੋ ਉੱਠਦੇ ਹਨ।
ਇੱਥੋਂ ਦੇ ਦਰਵੇਸ਼ ਵੀ ਮੁਸਲਮਾਨਾਂ ਵਿਚ ਹੀ ਆਉਂਦੇ ਸਨ। ਜਿਨ੍ਹਾਂ ਦਾ ਕੰਮ ਮੁੰਡਾ ਜੰਮੇ ’ਤੇ ਕਾਗਜ਼ੀ ਫੁੱਲਾਂ ਦਾ ਗੁਲਦਸਤਾ ਬਣਾ, ਬੂਹੇ ਬੰਨ੍ਹਣਾ ਅਤੇ ਵਿਆਹਾਂ-ਸ਼ਾਦੀਆਂ ਸਮੇਂ ਬਖ਼ਸ਼ਿਸ਼ ਲੈਣੀ ਹੁੰਦੀ ਸੀ। ਕੋਹੜੀਆਂ, ਬਾਜ਼ੀਗਰਾਂ ਅਤੇ ਖੁਸਰਿਆਂ ਵਾਂਗ ਇਨ੍ਹਾਂ ਨੇ ਵੀ ਪਿੰਡ ਵੰਡੇ ਹੋਏ ਸਨ। ਆਪਣੇ ਜਜਮਾਨ ਪਿੰਡਾਂ ਦੇ ਇਹ ਪ੍ਰੋਹਿਤ (ਦਰਵੇਸ਼) ਕਹਾ ਕੇ ਬੜਾ ਖ਼ੁਸ਼ ਹੁੰਦੇ। ਇਨ੍ਹਾਂ ਦਰਵੇਸ਼ਾਂ ਵਿਚੋਂ ਹੀ ਇਕ ਸੀ ਸਰਦਾਰਾਂ ਦਾਈ ਜੋ ਕਸ਼ਮੀਰੀ ਦਰਵੇਸ਼ ਮੁਸਲਮਾਨਾਂ ਦੀਆਂ ਸੁਚੱਜੀਆਂ ਔਰਤਾਂ ਵਿਚੋਂ ਇਕ ਸੀ। ਬੱਚੇ ਜੰਮਣ ਵੇਲੇ ਇਸ ਦੀ ਹਾਜ਼ਰੀ ਜੱਚਾ-ਬੱਚਾ ਅਤੇ ਪੁਰਖਿਆਂ ਨੂੰ ਬੇਫ਼ਿਕਰ ਕਰ ਛੱਡਦੀ। ਬਹੁਤੇ ਮਾਹਿਲਪੁਰੀਆਂ ਨੂੰ ਗੁੜਤੀ ਦੇਣ ਵਾਲੀ ਇਹ ਦਾਈ ਮਾਂ ਵੀ ਹੋਰ ਮੁਸਲਮਾਨਾਂ ਸਮੇਤ ਮਜਬੂਰੀ ਵਸ ਪਾਕਿਸਤਾਨ ਜਾ ਵਸੀ। ਕਹਿੰਦੇ ਹਨ ਮਾਹਿਲਪੁਰ ਨੂੰ ਮੁੜ ਮੁੜ ਯਾਦ ਕਰਦੀ ਇਹ ਕਰਮਯੋਗਨੀ ਦਸੰਬਰ 1970 ਵਿਚ ਵੱਡੀ ਉਮਰ ਭੋਗ ਕੇ ਆਪਣੇ ਆਲ੍ਹਾ ਅਫ਼ਸਰ ਮੁੰਡੇ ਕੋਲ ਸ਼ਹਿਰ ਲਾਹੌਰ ਵਿਚ ਫੌਤ ਹੋਈ ਸੀ। ਉਸ ਦੀ ਕਰਮ-ਭੌਂ ਮਾਹਿਲਪੁਰ ਦੀ ਸਰਜਮੀਂ ਵਿਚ ਦਫ਼ਨ ਹੋਣ ਦੀ ਅਰਜ਼ ਸਮੇਂ ਦੀਆਂ ਹੁਕੂਮਤਾਂ ਨੇ ਪ੍ਰਵਾਨ ਨਾ ਕੀਤੀ।

ਵਿਜੈ ਬੰਬੇਲੀ
ਸੰਪਰਕ: 94634-39075