ਵਾਹਗਿਓਂ ਪਾਰ
ਪੁਲਵਾਮਾ ਘਟਨਾਕ੍ਰਮ ਬਾਰੇ ਪਾਕਿਸਤਾਨੀ ਮੀਡੀਆ ਦਾ ਰੁਖ਼ ਭਾਵੇਂ ਭਾਰਤੀ ਮੀਡੀਆ ਵਾਂਗ ‘ਰਾਸ਼ਟਰਵਾਦੀ’ ਹੀ ਰਿਹਾ ਹੈ, ਫਿਰ ਵੀ ਕੁਝ ਅਖ਼ਬਾਰਾਂ ਨੇ ਕੌਮੀ ਸਰਕਾਰ ਤੇ ਕੌਮੀ ਰਾਇਘਾੜਿਆਂ ਨੂੰ ਸੰਜਮ ਤੇ ਸੁਹਜ ਤੋਂ ਕੰਮ ਲੈਣ ਅਤੇ ਸੁਲ੍ਹਾਵਾਦੀ ਐਲਾਨਾਂ ਨੂੰ ਅਮਲੀ ਰੂਪ ਦੇਣ ਦਾ ਮਸ਼ਵਰਾ ਦਿੱਤਾ ਹੈ। ਅੰਗਰੇਜ਼ੀ ਰੋਜ਼ਨਾਮਾ ‘ਡਾਅਨ’ ਨੇ 22 ਫਰਵਰੀ ਦੀ ਆਪਣੀ ਸੰਪਾਦਕੀ ਵਿਚ ਲਿਖਿਆ ਕਿ ਸਿਵਲੀਅਨ ਤੇ ਫ਼ੌਜੀ ਲੀਡਰਸ਼ਿਪ ਵੱਲੋਂ ਜਮਾਤ-ਉਦ-ਦਾਅਵਾ ਤੇ ਇਸ ਦੇ ਅਖੌਤੀ ਖ਼ੈਰਾਇਤੀ ਵਿੰਗ ਫਲਾਹ-ਇ-ਇਨਸਾਨੀਅਤ ਫਾਊਂਡੇਸ਼ਨ ਖ਼ਿਲਾਫ਼ ਕਾਰਵਾਈ ਕਰਨ ਦਾ ਫ਼ੈਸਲਾ ਅਹਿਮ ਹੈ, ਪਰ ਅਜਿਹੇ ਫ਼ੈਸਲੇ ਰਸਮੀ ਐਲਾਨਾਂ ਤਕ ਸੀਮਤ ਨਹੀਂ ਰਹਿਣੇ ਚਾਹੀਦੇ। ਜੇਕਰ ਸਰਕਾਰ ਕੋਲ ਅਜਿਹੇ ਸੰਗਠਨਾਂ ਦੀ ਇੰਤਹਾਪਸੰਦਾਨਾ ਕਾਰਵਾਈਆਂ ਵਿਚ ਸ਼ਮੂਲੀਅਤ ਦੇ ਸਬੂਤ ਹਨ ਤਾਂ ਇਹ ਸਬੂਤ ਲੋਕਾਂ ਸਾਹਮਣੇ ਲਿਆਂਦੇ ਜਾਣੇ ਚਾਹੀਦੇ ਹਨ ਅਤੇ ਅਜਿਹੇ ਸੰਗਠਨਾਂ ਦੇ ਸਿਖ਼ਰਲੇ ਕਾਰਕੁਨਾਂ ਖਿਲਾਫ਼ ਅਦਾਲਤੀ ਤੇ ਕਾਨੂੰਨੀ ਕਾਰਵਾਈ ਆਰੰਭੀ ਜਾਣੀ ਚਾਹੀਦੀ ਹੈ।
ਅਖ਼ਬਾਰ ਅਨੁਸਾਰ ਪਿਛਲੇ ਦੋ ਦਹਾਕਿਆਂ ਤੋਂ ਅਜਿਹੇ ਸੰਗਠਨ ਕੌਮਾਂਤਰੀ ਪੱਧਰ ’ਤੇ ਪਾਕਿਸਤਾਨੀ ਅਕਸ ਵਿਗਾੜਦੇ ਆ ਰਹੇ ਹਨ। ਲਿਹਾਜ਼ਾ, ਇਨ੍ਹਾਂ ਉੱਤੇ ਪਾਬੰਦੀ ਸਿਰਫ਼ ਨਾਮ ਦੀ ਪਾਬੰਦੀ ਨਹੀਂ ਹੋਣੀ ਚਾਹੀਦੀ। ਇਨ੍ਹਾਂ ਦਾ ਸਮੁੱਚਾ ਢਾਂਚਾ ਢਾਹਿਆ ਜਾਣਾ ਚਾਹੀਦਾ ਹੈ। ਇਨ੍ਹਾਂ ਨੂੰ ਆਪਣੇ ਨਾਮ ਬਦਲ ਕੇ ਆਪਣੀਆਂ ਸਰਗਰਮੀਆਂ ਜਾਰੀ ਰੱਖਣ ਦੀ ‘ਮੁਸ਼ੱਰਫ਼ਾਨਾ’ ਖੁੱਲ੍ਹ ਕਿਸੇ ਵੀ ਸੂਰਤ ਵਿਚ ਨਹੀਂ ਦਿੱਤੀ ਜਾਣੀ ਚਾਹੀਦੀ।
ਹਫ਼ਤਾਵਾਰੀ ‘ਫਰਾਈਡੇਅ ਟਾਈਮਜ਼’ ਨੇ ਕਸ਼ਮੀਰ ਤੇ ਹੋਰ ਮੁੱਦਿਆਂ ’ਤੇ ਭਾਰਤ ਦੀ ‘ਅੜੀਅਲ’ ਨੀਤੀ ਦੀ ਮਜ਼ੱਮਤ ਕਰਦਿਆਂ ਆਪਣੇ ਸੰਪਾਦਕੀ ਵਿਚ ਲਿਖਿਆ ਹੈ ਕਿ ਪਾਕਿਸਤਾਨ ਨੂੰ ਅਖੌਤੀ ਜਹਾਦੀ ਗਰੁੱਪਾਂ ਨੂੰ ਨਕੇਲ ਪਾਉਣੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਦੀਆਂ ਗਤੀਵਿਧੀਆਂ ਕਾਰਨ ਪਾਕਿਸਤਾਨੀ ਸੁਰੱਖਿਆ ਤੇ ਅਕਸ ਨੂੰ ਖੋਰਾ ਨਾ ਲੱਗੇ। ਇਸੇ ਤਰ੍ਹਾਂ ਉਰਦੂ ਰੋਜ਼ਨਾਮਾ ‘ਜੰਗ’ ਨੇ ਸ਼ੁੱਕਰਵਾਰ (22 ਫਰਵਰੀ) ਦੇ ਆਪਣੇ ਐਡੀਟੋਰੀਅਲ ਵਿਚ ਕਿਹਾ ਹੈ ਕਿ ਹਕੂਮਤ, ਖ਼ਾਸ ਕਰਕੇ ਫ਼ੌਜ ਨੂੰ ਇਹ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਜਹਾਦੀ ਗਰੁੱਪ, ਮੁਲਕ ਨੂੰ ਬੇਲੋੜੇ ਤਣਾਅ ਦਾ ਸ਼ਿਕਾਰ ਨਾ ਬਣਾਉਣ। ਅਖ਼ਬਾਰ ਮੁਤਾਬਿਕ ਇਕ ਦਿਨ ਪੁਲਵਾਮਾ ਅਤੇ ਦੂਜੇ ਦਿਨ ਇਰਾਨ ਦੇ ਸਿਸਤਾਨ-ਬਲੋਚਿਸਤਾਨ ਸੂਬੇ ਵਿਚ ਦੋ ਖੁਦਕੁਸ਼ ਹਮਲਿਆਂ ਰਾਹੀਂ ਕ੍ਰਮਵਾਰ 40 ਤੇ 27 ਸੁਰੱਖਿਆ ਮੁਲਾਜ਼ਮ ਹਲਾਕ ਕਰਕੇ ਜਹਾਦੀ ਗਰੁੱਪਾਂ ਨੇ ਪਾਕਿਸਤਾਨ ਨੂੰ ਦੋ ਮੁਹਾਜ਼ਾਂ ’ਤੇ ਕਸੂਤਾ ਫਸਾ ਦਿੱਤਾ ਹੈ। ਇਕ ਪਾਸੇ ਭਾਰਤ ਜੰਗਬਾਜ਼ਾਨਾ ਧਮਕੀਆਂ ’ਤੇ ਉਤਰ ਆਇਆ ਹੈ, ਦੂਜੇ ਪਾਸੇ ਇਰਾਨ ਬਦਲਾ ਲੈਣ ਦੀਆਂ ਚਿਤਾਵਨੀਆਂ ਦੇ ਰਿਹਾ ਹੈ। ਅਜਿਹੀ ਫਿਜ਼ਾ ਪਾਕਿਸਤਾਨ ਦਾ ਅਕਸ ਤਾਂ ਵਿਗਾੜ ਹੀ ਰਹੀ ਹੈ, ਕੌਮੀ ਅਰਥਚਾਰੇ ਨੂੰ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਵੀ ਢਾਹ ਲਾ ਰਹੀ ਹੈ। ਹਕੂਮਤ ਨੂੰ ਸਮੇਂ ਦੀ ਨਜ਼ਾਕਤ ਸਮਝਦਿਆਂ ਪਾਕਿਸਤਾਨ ਦੀ ਨੀਅਤ ਪ੍ਰਤੀ ਭਰੋਸਾ ਜਤਾਉਣ ਵਾਲੇ ਕਦਮ ਚੁੱਕਣੇ ਚਾਹੀਦੇ ਹਨ।
* * *
ਲਾਹੌਰ ਅਦਬੀ ਮੇਲਾ (ਲਾਹੌਰ ਲਿਟਰੇਚਰ ਫੈਸਟੀਵਲ 2019) ਐਤਵਾਰ ਨੂੰ ਸਮਾਪਤ ਹੋ ਗਿਆ। ਇਸ ਤਿੰਨ ਰੋਜ਼ਾ ਮੇਲੇ ਬਾਰੇ ਆਪਣੀ ਰਿਪੋਰਟ ਵਿਚ ਅੰਗਰੇਜ਼ੀ ਰੋਜ਼ਨਾਮਾ ‘ਦਿ ਨਿਊਜ਼’ ਲਿਖਦਾ ਹੈ ਕਿ ਇਹ ਵੀ ਇਕ ਵਿਰੋਧਾਭਾਸ ਹੈ ਕਿ ਜਦੋਂ ਭਾਰਤ ਤੇ ਪਾਕਿਸਤਾਨ ਦੇ ਹੁਕਮਰਾਨਾਂ ਦੀ ਬਿਆਨਬਾਜ਼ੀ ਜੰਗ ਤੇ ਬਦਲੇ ਤਕ ਮਹਿਦੂਦ ਹੋ ਕੇ ਰਹਿ ਗਈ ਹੈ, ਉਦੋਂ ਅਦਬੀ ਮੇਲੇ ਦੇ ਬਹੁਤੇ ਸੈਸ਼ਨਾਂ ਵਿਚ ਦੋਵਾਂ ਮੁਲਕਾਂ ਦੀ ਸਾਂਝੀ ਤਹਿਜ਼ੀਬ ਤੇ ਤਵਾਰੀਖ਼ ਨੂੰ ਵਾਰ ਵਾਰ ਚਿਤਵਿਆ ਗਿਆ ਅਤੇ ਕਲਾ ਤੇ ਅਦਬ ਵਰਗੇ ਸ਼ੋਹਬਿਆਂ ’ਚ ਸਾਂਝੇ ਪ੍ਰਭਾਵਾਂ ਤੇ ਪ੍ਰਵਾਹਾਂ ਦੀ ਬਰਕਰਾਰੀ ਉੱਤੇ ਤਸੱਲੀ ਪ੍ਰਗਟਾਈ ਗਈ। ਅਖ਼ਬਾਰੀ ਰਿਪੋਰਟ ਅਨੁਸਾਰ ਉਪ ਮਹਾਂਦੀਪ ਦੇ ਹੋਰਨਾਂ ਅਦਬੀ ਮੇਲਿਆਂ ਵਾਂਗ ਲਾਹੌਰ ਮੇਲਾ ਵੀ ਮੁੱਖ ਤੌਰ ’ਤੇ ਅੰਗਰੇਜ਼ੀ ਨੂੰ ਹੀ ਸਲਾਮ ਕਰਦਾ ਰਿਹਾ। ਉਰਦੂ ਅਦਬ ਨੂੰ ਪਹਿਲਾਂ ਨਾਲੋਂ ਕੁਝ ਵੱਧ ਮੁਕਾਮ ਮਿਲਿਆ, ਪਰ ਪੰਜਾਬੀ ਨੂੰ ਅਦਬੀ ਅਕੀਦਤ ਸੰਕੇਤਕ ਹੀ ਰਹੀ। ਰਿਪੋਰਟ ਅਨੁਸਾਰ ਅਜਿਹਾ ‘ਇਲੀਤਕ’ ਪਹਿਰਾਵਾ ਲਾਹੌਰ ਦੇ ਪੰਜਾਬੀ ਪਿੰਡੇ ਉੱਤੇ ਫੱਬਦਾ ਨਹੀਂ, ਪਰ ਮੇਲੇ ਦੇ ਪ੍ਰਬੰਧਕ, ਸਪਾਂਸਰਾਂ ਦੇ ਇਸ਼ਾਰਿਆਂ ’ਤੇ ਨੱਚਣ ਲਈ ਮਜਬੂਰ ਹਨ।
ਮੇਲੇ ਦੇ ਪਹਿਲੇ ਦਿਨ, ਸ਼ੁੱਕਰਵਾਰ ਨੂੰ ਪਹਿਲੇ ਸੈਸ਼ਨ ਦਾ ਵਿਸ਼ਾ ਵਸਤੂ ‘ਗਲਪ ਨਗਰੀ’ (ਸਿਟੀ ਆਫ ਫਿਕਸ਼ਨ) ਸੀ। ਇਸ ਵਿਚ ਮੁਨੀਜ਼ਾ ਸ਼ਮਸੀ, ਰੂਪਾ ਫਾਰੂਕੀ ਤੇ ਓਸਾਮਾ ਸਿੱਦੀਕ ਮੁੱਖ ਪੈਨਲਿਸਟ ਸਨ। ਸੰਚਾਲਣ ਇੰਗਲੈਂਡ ਦੀ ਯੂਨੀਵਰਸਿਟੀ ਆਫ ਯੌਰਕ ਦੀ ਕਲੇਅਰ ਚੈਂਬਰਜ਼ ਨੇ ਕੀਤਾ। ਮੁਨੀਜ਼ਾ ਨੇ ਬ੍ਰਿਟਿਸ਼ ਲਾਇਬਰੇਰੀ ਵਿਚੋਂ ਮਿਲੀ ਇਕ ਪੁਰਾਣੀ ਕਿਤਾਬ ਦਾ ਜ਼ਿਕਰ ਕੀਤਾ ਜੋ ਪਾਕਿਸਤਾਨੀ-ਕੈਨੇਡੀਅਨ ਇਸਾਈ ਦੀ ਲਿਖੀ ਹੋਈ ਹੈ। ਉਹ 1950ਵਿਆਂ ਵਿਚ ਲਾਹੌਰ ਰਿਹਾ। ਕਿਤਾਬ ਵਿਚ ਲਾਹੌਰ ਦੇ ਇਸਾਈਆਂ ਦੀ ਜ਼ਿੰਦਗੀ ਦੀ ਜੋ ਦ੍ਰਿਸ਼ਾਵਲੀ ਉਸ ਨੇ ਚਿਤਰੀ ਹੈ, ਉਹ ਅੰਗਰੇਜ਼ੀ, ਉਰਦੂ, ਪੰਜਾਬੀ ਜਾਂ ਸਿੰਧੀ ਲੇਖਕਾਂ ਦੀਆਂ ਲੇਖਣੀਆਂ ਵਿਚੋਂ ਨਹੀਂ ਮਿਲਦੀ। ਜ਼ਾਹਿਰ ਹੈ ਕਿ ਪਾਕਿਸਤਾਨੀ ਲੇਖਕ ਘੱਟਗਿਣਤੀ ਫਿਰਕਿਆਂ ਦੇ ਜੀਵਨ ਤੇ ਦੁਸ਼ਵਾਰੀਆਂ ਵੱਲ ਤਵੱਜੋ ਦੇਣ ’ਚ ਨਾਕਾਮ ਰਹੇ ਹਨ। ਓਸਾਮਾ ਸਿੱਦੀਕੀ ਨੇ ਕਿਹਾ ਕਿ ਤਵਾਰੀਖ਼ ਤੇ ਇਮਾਰਤਸਾਜ਼ੀ ਪੱਖੋਂ ਲਾਹੌਰ ਵਿਸ਼ੇਸ਼ ਸ਼ਹਿਰ ਹੈ, ਪਰ ਪੁਰਾਤਨਤਾ ਪੱਖੋਂ ਮੁਲਤਾਨ ਤੇ ਪਿਸ਼ਾਵਰ ਵੱਧ ਅਹਿਮ ਹਨ। ਉਨ੍ਹਾਂ ਸ਼ਹਿਰਾਂ ਦੀ ਸੱਭਿਅਤਾ ’ਤੇ ਪੁਰਾਤਨੀ ਛਾਪ ਅਜੇ ਵੀ ਬਰਕਰਾਰ ਹੈ ਜਦੋਂਕਿ ਲਾਹੌਰ, ਬਨਾਵਟ ਤੇ ਕੁਲੀਨਤਾ ਦੀਆਂ ਪਰਤਾਂ ਹੇਠ ਦੱਬਦਾ ਆਇਆ ਹੈ। ਲਾਹੌਰੀ ਇਹ ਰੁਝਾਨ ਤਿਆਗਣ ਲਈ ਤਿਆਰ ਨਹੀਂ। ਸਿੱਦੀਕੀ ਅਨੁਸਾਰ ਲਾਹੌਰੀ ਗਲਪ, ਪਾਕਿਸਤਾਨੀ ਗਲਪ ਦੀ ਤਰਜਮਾਨੀ ਨਹੀਂ ਕਰਦਾ। ਅਸਲ ਪਾਕਿਸਤਾਨੀ ਗਲਪ ਅਜੇ ਵੀ ਪਾਕਪਟਨ, ਕਸੂਰ, ਮੁਲਤਾਨ, ਸਰਗੋਧਾ, ਸੱਖੜ ਜਾਂ ਹੋਰਨਾਂ ਨਿੱਕੇ ਸ਼ਹਿਰਾਂ ਵਿਚੋਂ ਉਭਰ ਰਿਹਾ ਹੈ ਜੋ ਕਿ ਲਾਹੌਰੀ ਬਨਾਵਟ ਤੇ ਕਰਾਚੀਨੁਮਾ ਗਲਾਜ਼ਤ ਤੋਂ ਮੁਕਤ ਹਨ। ਸਿੱਦੀਕ ਨੇ ਪਾਕਿਸਤਾਨੀ ਉਰਦੂ ਅਦਬ ਦੀ ਉਚੇਚੀ ਤਾਰੀਫ਼ ਕੀਤੀ ਅਤੇ ਕਿਹਾ ਕਿ ਇਹ ਅਜੇ ਵੀ ਮਿੱਟੀ ਦੀ ਮਹਿਕ ਨਾਲ ਲਬਰੇਜ਼ ਹੈ।
‘ਗਲਪ ਨਗਰੀ’ ਵਾਲੇ ਸੈਸ਼ਨ ਵਾਂਗ ਹੋਰ ਸੈਸ਼ਨ ਵੀ ਬਹਿਸ-ਮੁਬਾਹਿਸੇ ਤੇ ਨਿੱਗਰ ਦਲੀਲਬਾਜ਼ੀ ਨਾਲ ਭਰਪੂਰ ਰਹੇ। ‘ਕਹਾਨੀ ਏਕ ਸ਼ਹਿਰ ਕੀ’ ਸੈਸ਼ਨ ਨੂੰ ਅਦੀਲਾ ਸੁਲੇਮਾਨ, ਨਾਜ਼ਿਸ਼ ਅਤਾਉੱਲਾ, ਅੰਬਰੀਨ ਕਰਾਮਤ ਤੇ ਫ਼ਰੀਦਾ ਬਾਤੂਲ ਨੇ ਅਦਬੀ ਸ਼ਾਇਸਤਗੀ ਬਖ਼ਸ਼ੀ। ਇਹ ਸੈਸ਼ਨ ਲਾਹੌਰ ਸ਼ਹਿਰ ਦੀ ਇਮਾਰਤਸਾਜ਼ੀ ਬਾਰੇ ਸੀ। ‘ਆਧੁਨਿਕ ਅਤੀਤ, ਜੁੜਵਾਂ ਭਵਿੱਖ’ ਸਿਰਲੇਖ ਵਾਲੇ ਸੈਸ਼ਨ ’ਚ ਪਾਕਿਸਤਾਨੀ ਕਲਾ ਜਗਤ ਤੇ ਪ੍ਰਤੀਮਾਨਾਂ ਬਾਰੇ ਚਰਚਾ ਹੋਈ। ਇਸ ਦਾ ਸੰਚਾਲਣ ਕਲਾ ਇਤਿਹਾਸਕਾਰ ਸਮੀਨ ਇਕਬਾਲ ਨੇ ਕੀਤਾ। ਇਸ ਵਿਚ ‘ਸਰਹੱਦ ਦੇ ਦੋਵਾਂ ਪਾਸਿਆਂ’ ਦੀਆਂ ਕਲਾ ਦਿਸ਼ਾਵਾਂ ਨੂੰ ਵਿਚਾਰਿਆ ਗਿਆ ਅਤੇ ਇਨ੍ਹਾਂ ਵਿਚਲੀਆਂ ਸੈਕੂਲਰ ਤੰਦਾਂ ਦਾ ਉਚੇਚ ਨਾਲ ਜ਼ਿਕਰ ਕਰਦਿਆਂ ਮਕਬੂਲ ਫ਼ਿਦਾ ਹੁਸੈਨ ਨੂੰ ਆਲਮੀ ਕਲਾ-ਜਗਤ ਵਿਚ ‘ਸੈਕੂਲਰਵਾਦ ਦਾ ਪੋਸਟਰ ਬੌਇ’ ਦੱਸਿਆ ਗਿਆ।
* * *
ਪੁਲੀਸ ਦੀ ਤਸ਼ੱਦਦੀ ਮਾਨਸਿਕਤਾ
ਪੁਲੀਸ ਤਸ਼ੱਦਦ ਤੇ ਸੰਵੇਦਨਸ਼ੀਲਤਾ ਦਾ ਮੁੱਦਾ ਅੰਗਰੇਜ਼ੀ ਰੋਜ਼ਨਾਮਾ ‘ਐਕਸਪ੍ਰੈਸ ਟ੍ਰਿਬਿਊਨ’ ਤੇ ਉਰਦੂ ‘ਜੰਗ’ ਦੀਆਂ ਸੰਪਾਦਕੀਆਂ ਦਾ ਵਿਸ਼ਾ ਰਿਹਾ। ਲਾਹੌਰ ਜ਼ਿਲ੍ਹੇ ਦੇ ਰਾਏਵਿੰਡ ਥਾਣੇ ਵਿਚ ਅੱਠ ਸਾਲ ਦੇ ਬੱਚੇ ਉੱਤੇ ਢਾਹਿਆ ਗਿਆ ਤਸ਼ੱਦਦ ਇਨ੍ਹਾਂ ਸੰਪਾਦਕੀਆਂ ਦੀ ਬੁਨਿਆਦ ਬਣਿਆ। ਇਸ ਬੱਚੇ ਦਾ ਕਸੂਰ ਇਹ ਸੀ ਕਿ ਉਹ ਇਕ ਠੱਗ ਦੇ ਭਰਮ-ਜਾਲ ਵਿਚ ਫਸ ਗਿਆ। ਠੱਗ ਇਕ ਦੁਕਾਨਦਾਰ ਤੋਂ ਦੋ ਮੋਬਾਈਲ ਸੈੱਟ ਠੱਗ ਕੇ ਲੈ ਗਿਆ ਅਤੇ ਬੱਚੇ ਨੂੰ ਉਸ ਕੋਲ ਇਹ ਕਹਿ ਕੇ ਛੱਡ ਗਿਆ ਕਿ ਘਰੋਂ ਪੈਸੇ ਲਿਆਉਣ ਤਕ ਉਹ ‘ਆਪਣੇ ਬੇਟੇ’ ਨੂੰ ਅਮਾਨਤ ਵਜੋਂ ਦੁਕਾਨਦਾਰ ਕੋਲ ਛੱਡ ਕੇ ਜਾ ਰਿਹਾ ਹੈ। ਜਦੋਂ ਉਹ ਨਾ ਬਹੁੜਿਆ ਤਾਂ ਦੁਕਾਨਦਾਰ ਨੇ ਪਹਿਲਾਂ ਬੱਚੇ ਨੂੰ ਖ਼ੁਦ ਕੁੱਟਿਆ ਅਤੇ ਫਿਰ ਥਾਣੇ ਛੱਡ ਆਇਆ। ਥਾਣੇ ’ਚ ਬੱਚੇ ਦੇ ਮੂੰਹੋਂ ‘ਸੱਚ’ ਕਢਾਉਣ ਲਈ ਉਸ ਨੂੰ ਹੀਟਰ ’ਤੇ ਬਹਿਣ ਲਈ ਮਜਬੂਰ ਕੀਤਾ ਗਿਆ, ਜਲਦੀਆਂ ਸਿਗਰਟਾਂ ਨਾਲ ਉਸ ਦਾ ਜਿਸਮ ਲੂਹਿਆ ਗਿਆ ਅਤੇ ਪੁੱਠਾ ਲਟਕਾਇਆ ਗਿਆ। ਪੂਰੇ ਘਟਨਾਕ੍ਰਮ ਬਾਰੇ ਸ਼ੋਰ ਪੈਣ ਮਗਰੋਂ ਸੂਬਾ ਪੰਜਾਬ ਦੀ ਹਕੂਮਤ ਨੇ ਇਕ ਏਐੱਸਆਈ ਨੂੰ ਗ੍ਰਿਫ਼ਤਾਰ ਕਰਨ ਤੇ ਨੌਂ ਹੋਰ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਦੋਵਾਂ ਸੰਪਾਦਕੀਆਂ ਵਿਚ ਇਹ ਸਵਾਲ ਕੀਤਾ ਗਿਆ ਹੈ ਕਿ ਪੁਲੀਸ ਨੂੰ ਅਜਿਹੀ ਜ਼ਾਲਮਾਨਾ ਮਾਨਸਿਕਤਾ ਤੋਂ ਮੁਕਤ ਕੌਣ ਕਰਵਾਏਗਾ?
* * *
ਨਮੀਰਾ ਸਲੀਮ ਦਾ ਪਹਿਲੀ ਪਾਕਿਸਤਾਨੀ ਪੁਲਾੜ ਯਾਤਰੀ ਬਣਨ ਦਾ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ। ‘ਡਾਅਨ’ ਵਿਚ ਪ੍ਰਕਾਸ਼ਿਤ ਇਕ ਇੰਟਰਵਿਊ ਅਨੁਸਾਰ ਉਹ ਸੈਲਾਨੀ ਵਜੋਂ ਪੁਲਾੜ ਵਿਚ ਜਾਵੇਗੀ ਅਤੇ ਅਜਿਹਾ ਕਰਨ ਵਾਲੀ ਪਹਿਲੀ ਪਾਕਿਸਤਾਨੀ ਹੋਣ ਤੋਂ ਇਲਾਵਾ ਪਹਿਲੀ ਦੱਖਣ ਏਸ਼ਿਆਈ ਇਸਤਰੀ ਵੀ ਹੋਵੇਗੀ। ਕਰਾਚੀ ਵਿਚ ਜਨਮੀ ਨਮੀਰਾ ਹੁਣ ਅਮਰੀਕਾ ਵਿਚ ਵਸੀ ਹੋਈ ਹੈ। ਉਹ ਕਈ ਤਰ੍ਹਾਂ ਦੇ ਸਾਹਸੀ ਕਾਰਨਾਮੇ ਕਰ ਚੁੱਕੀ ਹੈ ਜਿਨ੍ਹਾਂ ਵਿਚ ਉੱਤਰੀ ਤੇ ਦੱਖਣੀ ਧਰੁਵ ’ਤੇ ਜਾਣਾ ਅਤੇ ਮਾਊਂਟ ਐਵਰੈਸਟ ਤੋਂ ਸਕਾਈ ਡਾਈਵਿੰਗ ਕਰਨਾ ਸ਼ਾਮਲ ਹੈ। 44 ਵਰ੍ਹਿਆਂ ਦੀ ਨਮੀਰਾ ‘ਸਪੇਸ ਟਰੱਸਟ’ ਨਾਮੀ ਸੰਸਥਾ ਦੀ ਸੰਸਥਾਪਕ ਤੇ ਮੁਖੀ ਵੀ ਹੈ। ਇਹ ਸੰਸਥਾ ਪੁਲਾੜ ’ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦਾ ਕੰਮ ਕਰ ਰਹੀ ਹੈ।