ਪਿਹੋਵਾ ਦੀ ਧੌਲੀ ਹਵੇਲੀ

0
608

ਹਵੇਲੀਆਂ ਬਣਾਉਣ ਦਾ ਰਿਵਾਜ ਸਦੀਆਂ ਪੁਰਾਣਾ ਹੈ। ਕਿਲ੍ਹਿਆਂ, ਮਹੱਲਾਂ, ਸਮਾਰਕਾਂ ਤੇ ਦਰਵਾਜਿਆਂ ਦੇ ਨਾਲ-ਨਾਲ ਰਾਜੇ, ਹਵੇਲੀਆਂ ਵੀ ਬਣਾਉਂਦੇ ਰਹੇ ਹਨ। ਕਿਲ੍ਹਿਆਂ ਤੇ ਮਹੱਲਾਂ ਵਾਂਗ ਕੁਝ ਹਵੇਲੀਆਂ ਵੀ ਵੇਖਣਯੋਗ ਹਨ। ਇਨ੍ਹਾਂ ਵਿਰਾਸਤੀ ਹਵੇਲੀਆਂ ਵਿਚ ‘ਧੌਲੀ ਹਵੇਲੀ’ ਵੀ ਸ਼਼ਾਮਲ ਹੈ। ਹਰਿਆਣਾ ਦੇ ਸ਼ਹਿਰ ਪਿਹੋਵਾ ਸਥਿਤ ਧੌਲੀ ਹਵੇਲੀ ਨੂੰ ਸੰਨ 1849-51 ਵਿਚਾਲੇ ਨਾਭਾ ਰਿਆਸਤ ਦੀ ਰਾਣੀ ਚੰਦ ਕੌਰ ਨੇ ਬਣਵਾਇਆ ਸੀ।
ਰਾਣੀ ਚੰਦ ਕੌਰ ਨੂੰ ਕਈ ਥਾਂਵਾਂ ’ਤੇ ਚਾਂਦ ਕੌਰ ਵੀ ਲਿਖਿਆ ਮਿਲਦਾ ਹੈ। ਸੋਹਣ ਸਿੰਘ ਸ਼ੀਤਲ ਕਰਤਾ ‘ਸਿੱਖ ਮਿਸਲਾਂ ਤੇ ਸਰਦਾਰ ਘਰਾਣੇ’ ਅਨੁਸਾਰ ਅੰਗਰੇਜ਼ਾਂ ਨੇ ਨਾਭਾ ਰਿਆਸਤ ਦਾ ਚੌਥਾ ਹਿੱਸਾ ਜ਼ਬਤ ਕਰਨ ਤੋਂ ਬਾਅਦ ਜਨਵਰੀ 1847 ਵਿਚ ਸੱਤਾਂ ਵਰ੍ਹਿਆਂ ਦੇ ਭਰਪੂਰ ਸਿੰਘ ਨੂੰ ਨਾਭਾ ਰਿਆਸਤ ਦੀ ਗੱਦੀ ’ਤੇ ਬਿਠਾਇਆ ਸੀ ਤੇ ਉਨ੍ਹਾਂ ਰਾਜੇ ਦੀ ਬਾਲ ਅਵਸਥਾ ਵੇਖਦਿਆਂ ਰਾਣੀ ਚੰਦ ਕੌਰ ਨੂੰ ਰਿਆਸਤ ਦਾ ਸਰਪ੍ਰਸਤ ਬਣਾਇਆ ਸੀ।
ਰਾਣੀ ਚੰਦ ਕੌਰ ਵੱਲੋਂ ਬਣਵਾਈ ਗਈ ਇਸ ਦੋ ਮੰਜ਼ਲਾ ਹਵੇਲੀ ਨੂੰ ਤਿਆਰ ਕਰਨ ਤੋਂ ਬਾਅਦ ਇਸ ’ਤੇ ਚਿੱਟਾ ਰੰਗ ਕੀਤਾ ਗਿਆ ਸੀ। ਚਿੱਟੇ ਰੰਗ ਕਾਰਨ ਹੀ ਇਹ ਹਵੇਲੀ ਬਾਅਦ ਵਿੱਚ ‘ਧੌਲੀ ਹਵੇਲੀ’ ਦੇ ਨਾਂ ਨਾਲ ਪ੍ਰਸਿੱਧ ਹੋਈ। ਹਰਿਆਣਵੀ ਸੰਸਕ੍ਰਿਤੀ ਵਿਚ ‘ਚਿੱਟੇ’ ਲਈ ਆਮ ਤੌਰ ’ਤੇ ‘ਧੌਲਾ’ ਸ਼ਬਦ ਵਰਤਿਆ ਜਾਂਦਾ ਹੈ।
ਧੌਲੀ ਹਵੇਲੀ ਸਿੱਖ ਭਵਨ ਨਿਰਮਾਣ ਕਲਾ ਦੀ ਮੌਨ ਗਵਾਹ ਹੈ। ਲਗਭਗ ਤਿੰਨ ਫੁੱਟ ਚੌੜੀਆਂ ਕੰਧਾਂ ਤੇ ਲਕੱੜ ਦੇ ਮਜ਼ਬੂਤ ਕਿਵਾੜਾਂ ਵਾਲੀ ਧੌਲੀ ਹਵੇਲੀ, ਮਹੱਲਾਂ ਦਾ ਝਾਉਲਾ ਪਾਉਂਦੀ ਹੈ। ਮਹੱਲਾਂ ਵਾਂਗ, ਇਸ ਹਵੇਲੀ ਵਿਚ ਵੀ ਨੁੱਕਰਾਂ ਵਿਚ ਬਣੀਆਂ ਇਨ੍ਹਾਂ ਪੌੜੀਆਂ ਨੂੰ ਕੋਈ ਭੇਤੀ ਹੀ ਲੱਭ ਸਕਦਾ ਹੈ। ਪਿਹੋਵਾ ਸ਼ਹਿਰ ਵਿਚਾਲੇ ਉੱਚੇ ਟਿੱਬੇ ’ਤੇ ਸਥਿਤ ਹਵੇਲੀ ਵਿਚ ਬਣੇ ਆਲਿਆਂ, ਰੌਸ਼ਨਦਾਨਾਂ, ਝਰੋਖਿਆਂ ਤੇ ਬਾਰੀਆਂ ਦੀ ਵਿਓਂਤ ਵੇਖਣਯੋਗ ਹੈ।
ਮਹੱਲਾਂ, ਹਵੇਲੀਆਂ, ਸਮਾਰਕਾਂ, ਖੂਹਾਂ, ਬਾਉਲੀਆਂ ਤੇ ਹੋਰ ਇਤਿਹਾਸਕ ਇਮਾਰਤਾਂ ਨੂੰ ਚਿੱਤਰਾਂ ਨਾਲ ਸਜਾਉਣ ਦੀ ਰੀਤ ਸਦੀਆਂ ਪੁਰਾਣੀ ਹੈ। ਰਾਜਿਆਂ ਵੱਲੋਂ ਕੰਧਾਂ ’ਤੇ ਬਣਵਾਏ ਗਏ ਚਿੱਤਰ ਅਤੀਤ ਵਿਚ ਕਲਾਕਾਰਾਂ ਦੀ ਕਮਾਲ ਕਲਾ ਹੀ ਬਿਆਨ ਨਹੀਂ ਕਰਦੇ, ਇਹ ਇਤਿਹਾਸ-ਮਿਥਿਹਾਸ ਦੇ ਕਈ ਪੱਖਾਂ ਨੂੰ ਵੀ ਉਜਾਗਰ ਕਰਦੇ ਹਨ। ਇਨ੍ਹਾਂ ਵਿਰਾਸਤੀ ਕੰਧ ਚਿੱਤਰਾਂ ਵਿਚ ਧੌਲੀ ਹਵੇਲੀ ਵਿਚਲੇ ਕੰਧ-ਚਿੱਤਰਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਇਸ ਹਵੇਲੀ ਨੂੰ ਧੌਲਾ ਕਰਨ ਤੋਂ ਬਾਅਦ ਇਸ ਦੀਆਂ ਬਾਰੀਆਂ, ਆਲ਼ਿਆਂ, ਰੌਸ਼ਨਦਾਨਾਂ ਤੇ ਕੰਧਾਂ ਉੱਪਰ ਉਸ ਵਕਤ ਦੇ ਚਿੱਤਰਕਾਰਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ ਸਨ। ਇਥੇ ਦੀ ਕੋਈ ਵੀ ਨੁੱਕਰ ਚਿੱਤਰਕਾਰਾਂ ਦੀ ਛੋਹ ਤੋਂ ਵਿਰਵੀ ਨਹੀਂ ਜਾਪਦੀ। ਚਿੱਤਰਕਾਰਾਂ ਨੇ ਹਵੇਲੀ ਦੀ ਹਰੇਕ ਨੁੱਕਰ ਨੂੰ ਢੁਕਵੇਂ ਚਿੱਤਰਾਂ ਨਾਲ ਸਜਾਇਆ ਹੈ।

ਹਵੇਲੀ ਵਿੱਚ ਲਾਲ, ਨੀਲੇ, ਕਾਲੇ ਤੇ ਪੀਲੇ ਰੰਗਾਂ ਨਾਲ ਉਕਰੇ ਚਿੱਤਰਾਂ ਨੂੰ ਮੁੱਖ ਰੂਪ ਵਿੱਚ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ। ਇਥੇ ਉਕਰੇ ਚਿੱਤਰਾਂ ਦਾ ਇਕ ਪੋਰਟਰੇਟ ਰੂਪ ਹੈ ਤੇ ਦੂਸਰਾ ਗੋਸ਼ਟ, ਯੁੱਧ ਜਾਂ ਦਰਬਾਰ ਵਾਲਾ। ਇਥੇ ਹਨੁਮਾਨ ਜੀ, ਗਣੇਸ਼ ਜੀ, ਸ਼ਿਵ ਜੀ, ਪਾਰਵਤੀ, ਸ੍ਰੀ ਕ੍ਰਿਸ਼ਨ, ਬਲਰਾਮ, ਮੀਰਾਂ ਬਾਈ, ਸਰਸਵਤੀ ਤੇ ਕਾਲੀ ਦੇਵੀ ਦੇ ਪੋਰਟਰੇਟਾਂ ਦੇ ਨਾਲ-ਨਾਲ ਯੋਧਿਆਂ ਨੂੰ ਯੁੱਧ ਕਰਦੇ ਹੋਏ ਤੇ ਮਹਾਪੁਰਸ਼ਾਂ ਨੂੰ ਸੰਵਾਦ ਕਰਦੇ ਹੋਏ ਜਾਂ ਗੋਸ਼ਟਾਂ ਕਰਦੇ ਹੋਏ ਵੀ ਚਿੱਤਰਿਆ ਗਿਆ ਹੈ। ਇਥੇ ਚਿੱਤਰ ਬਣਾਉਣ ਵੇਲੇ ਚਿੱਤਰਕਾਰਾਂ ਨੇ ਪਹਿਲਾਂ ਛੱਤ ਹੇਠਾਂ ਤਿੰਨ ਜਾਂ ਚਾਰ ਲਾਈਨਾਂ ਵਿੱਚ ਵੇਲ-ਬੂਟੇ ਬਣਾਏ ਹਨ। ਵੇਲ-ਬੂਟਿਆਂ ਤੋਂ ਹੇਠਾਂ ਚਿੱਤਰ ਹਨ। ਮਹਾਪੁਰਸ਼ਾਂ ਤੇ ਯੋਧਿਆਂ ਦੇ ਪੋਰਟਰੇਟਾਂ ਨੂੰ ਖਾਨਿਆਂ ਵਿਚ ਬਣਾਇਆ ਗਿਆ ਹੈ। ਇਨ੍ਹਾਂ ਪੋਰਟਰੇਟਾਂ ਦੇ ਚੁਫੇਰੇ ਵੀ ਇਕ ਲਾਈਨ ਵਿੱਚ ਵੇਲ-ਬੂਟੇ ਬਣਾਏ ਗਏ ਹਨ। ਹਵੇਲੀ ਦੇ ਆਲ਼ਿਆਂ ਤੇ ਝਰੋਖਿਆਂ ਵਿੱਚ ਚਿੱਤਰਕਾਰਾਂ ਨੇ ਰੰਗਾਂ ਨਾਲ ਸੰਘਣੀ ਕਸ਼ੀਦਾਕਾਰੀ ਵੀ ਕੀਤੀ ਹੈ ਤੇ ਕਸ਼ੀਦਾਕਾਰੀ ਕਰਨ ਤੋਂ ਬਾਅਦ ਵਿਚਾਲੇ ਚਿੱਤਰ ਬਣਾਏ ਗਏ ਹਨ।
ਧੌਲੀ ਹਵੇਲੀ ਵਿਚਲੇ ਕੰਧ ਚਿੱਤਰਾਂ ਵਿਚ ਅਧਿਓਂ ਵੱਧ ਮਹਾਂਭਾਰਤ ਨਾਲ ਸਬੰਧਤ ਹਨ। ਮਹਾਂਭਾਰਤ ਨਾਲ ਜੁੜੇ ਇਨ੍ਹਾਂ ਚਿੱਤਰਾਂ ਵਿਚ ਦਰਯੋਧਨ ਦਰਬਾਰ, ਕ੍ਰਿਸ਼ਨ ਦਰਬਾਰ, ਯੁਧਿਸ਼ਟਰ ਦਰਬਾਰ ਤੇ ਕਰਨ ਦਰਬਾਰ ਦੇ ਚਿੱਤਰ ਪ੍ਰਮੁੱਖ ਹਨ। ਹਵੇਲੀ ਦੀਆਂ ਬਾਰੀਆਂ ਵਿਚ ਥਾਂ-ਥਾਂ ਕ੍ਰਿਸ਼ਨ ਤੇ ਰਾਧਾ ਦੇ ਚਿੱਤਰ ਵਿਭਿੰਨ ਮੁਦਰਾਵਾਂ ਵਿਚ ਅੰਕਿਤ ਹਨ। ਕਿਹਾ ਜਾਂਦਾ ਹੈ ਕਿ ਇਸ ਹਵੇਲੀ ਵਿਚ ਤਿੰਨ ਬਾਰੀਆਂ ਤਾਂ ਸਿਰਫ਼ ਰਾਸ ਲੀਲਾ ਦੇ ਚਿੱਤਰਾਂ ਨਾਲ ਸਜਾਈਆਂ ਗਈਆਂ ਸਨ।
ਰਾਮ ਲੀਲਾ, ਰਾਸ ਲੀਲਾ ਤੇ ਮਹਾਂਭਾਰਤ ਸਬੰਧੀ ਚਿੱਤਰਾਂ ਦੇ ਨਾਲ-ਨਾਲ ਇੱਥੇ ਗੁਰੂ ਸਾਹਿਬਾਨ ਦੇ ਚਿੱਤਰ ਵੀ ਬਣੇ ਹੋਏ ਹਨ। ਕਈ ਚਿੱਤਰਾਂ ’ਤੇ ਗੁਰਮੁਖੀ ਤੇ ਦੇਵਨਾਗਰੀ ਵਿਚ ਵੇਰਵਾ ਪਾਇਆ ਹੋਇਆ ਹੈ। ਦੂਸਰੀ ਮੰਜ਼ਲ ’ਤੇ ਸਥਿਤ ਬੈਠਕ ਨੂੰ ਸਭ ਤੋਂ ਵੱਧ ਚਿੱਤਰਾਂ ਨਾਲ ਸਜਾਇਆ ਗਿਆ ਹੈ। ਹਵੇਲੀ ਦੇ ਅੰਦਰ ਹੀ ਨਹੀਂ, ਬਾਹਰ ਵੀ ਥਾਂ-ਥਾਂ ਚਿੱਤਰ ਬਣਾਏ ਗਏ ਹਨ। ਇਥੇ ਬਣਾਈਆਂ ਗਈਆਂ ਰੰਗੋਲੀਆਂ ਦਾ ਕੋਈ ਸ਼ਰੀਕ ਨਹੀਂ ਹੈ। ਹਵੇਲੀ ਵਿਚਲੇ ਚਿੱਤਰ ਪੁਰਾਣੇ ਸਮਿਆਂ ਵਿੱਚ ਸੰਪਰਦਾਇਕ ਸਦਭਾਵਨਾ ਦੀ ਤਰਜਮਾਨੀ ਕਰਦੇ ਜਾਪਦੇ ਹਨ।
ਇਥੇ ਵਸਦੇ ਦੋ-ਤਿੰਨ ਪਰਿਵਾਰ ਭਾਵੇਂ ਇਸ ਦੀ ਸਾਂਭ-ਸੰਭਾਲ ਕਰ ਰਹੇ ਹਨ, ਫਿਰ ਵੀ ਇਸ ਦਾ ਅੱਧਾ ਕੁ ਹਿੱਸਾ ਸਮੇਂ ਦੀ ਮਾਰ ਨਾ ਸਹਿੰਦਾ ਹੋਇਆ ਡਿਗ ਚੁੱਕਾ ਹੈ। ਸਮੇਂ ਨਾਲ ਇਸ ਦਾ ਧੌਲਾ ਰੰਗ ਅਲੋਪ ਹੋ ਗਿਆ ਹੈ। ਹਵੇਲੀ ਵਿਚਲੇ ਬਹੁਤੇ ਚਿੱਤਰ ਨਸ਼ਟ ਹੋ ਗਏ ਹਨ ਤੇ ਬਚੇ ਹੋਏ ਵੀ ਫਿੱਕੇ ਪੈ ਗਏ ਹਨ। ਫਿੱਕੇ ਹੋ ਗਏ ਚਿੱਤਰਾਂ ਨੂੰ ਸਮਝਣਾ ਮੁਸ਼ਕਲ ਹੋ ਗਿਆ ਹੈ।, ਫਿਰ ਵੀ ਹਵੇਲੀ ਨੂੰ ਵੇਖਦਿਆਂ ਕਿਹਾ ਜਾ ਸਕਦਾ ਹੈ ਕਿ ਆਪਣੇ ਸਮੇਂ ਵਿੱਚ ਇਸ ਵਿਚਲੇ ਚਿੱਤਰਾਂ ਦਾ ਕੋਈ ਕੋਈ ਸ਼ਰੀਕ ਨਹੀਂਂ ਹੋਵੇਗਾ।
ਇਕਬਾਲ ਸਿੰਘ ਹਮਜਾਪੁਰਸੰਪਰਕ: 94165-92149