ਨਵੀਂ ਦਿੱਲੀ — ਏਟੀਐੱਮ ਵਿਚ ਨਕਦੀ ਦੀ ਕਮੀ ਨੂੰ ਲੈ ਕੇ ਦੇਸ਼ ਦੇ ਵਿੱਤ ਮੰਤਰੀ ਸਮੇਤ ਸਰਕਾਰ ਚੌਕੰਣੀ ਹੋ ਗਈ ਹੈ। ਵਿੱਤ ਮੰਤਰੀ ਅਰੁਣ ਜੇਤਲੀ ਆਪਣੇ ਵਲੋਂ ਸਫਾਈ ਦੇ ਰਹੇ ਹਨ ਕਿ ਇਸ ਤਰ੍ਹਾਂ ਅਚਾਨਕ ਨਕਦੀ ਦੀ ਮੰਗ ਵਧਣ ਕਾਰਨ ਹੋਇਆ ਹੈ ਅਤੇ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਕਿ ਅਗਲੇ ਕੁਝ ਦਿਨਾਂ ਵਿਚ ਹਾਲਾਤ ਆਮ ਵਰਗੇ ਹੋ ਜਾਣ। ਸਰਕਾਰ ਚੁਣਾਵੀਂ ਸਾਲ ਵਿਚ ਇਸ ਤਰ੍ਹਾਂ ਦਾ ਕੋਈ ਸੰਕੇਤ ਨਹੀਂ ਦੇਣਾ ਚਾਹੁੰਦੀ ਜਿਸ ਨਾਲ ਲੱਗੇ ਕਿ ਉਸਦੀ ਗਲਤੀ ਨਾਲ ਨਕਦੀ ਨੂੰ ਲੈ ਕੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਮਾਹਰ ਅਰਥਸ਼ਾਸਤਰੀਆਂ ਅਨੁਸਾਰ ਹਰ ਚੋਣਾਂ ਤੋਂ ਪਹਿਲਾਂ ਨਕਦੀ ਦੀ ਘਾਟ ਹੋ ਜਾਂਦੀ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ। ਚੋਣਾਂ ਵਿਚ ਸਿਆਸੀ ਪਾਰਟੀਆਂ ਤੋਂ ਇਲਾਵਾ ਉਮੀਦਵਾਰ ਨੂੰ ਵੀ ਚੋਣ ਰੈਲੀ ਅਤੇ ਟਰਾਂਸਪੋਰਟ ਦੇ ਪ੍ਰਬੰਧਾਂ ਲਈ ਪੈਸੇ ਦੀ ਲੋੜ ਹੁੰਦੀ ਹੈ। ਅਗਲੇ ਕੁਝ ਮਹੀਨਿਆਂ ਵਿਚ ਕਰਨਾਟਕ ਸਮੇਤ ਦੇਸ਼ ਦੇ ਪੰਜ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹਨ। ਇਸ ਤੋਂ ਇਲਾਵਾ 2019 ਦੀਆਂ ਆਮ ਚੋਣਾਂ ਨੂੰ ਲੈ ਕੇ ਵੀ ਉਮੀਦਵਾਰਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਨੋਟਬੰਦੀ ਤੋਂ ਬਾਅਦ ਆਮਦਨ ਕਰ ਵਿਭਾਗ ਹੁਣ ਨਕਦੀ ਦੇ ਲੈਣ-ਦੇਣ ‘ਤੇ ਸਖਤੀ ਨਾਲ ਨਜ਼ਰ ਰੱਖ ਰਿਹਾ ਹੈ, ਜਿਸ ਕਾਰਨ ਨੇਤਾ ਲੋਕ ਸੁਚੇਤ ਹੋ ਗਏ ਹਨ ਅਤੇ ਉਨ੍ਹਾਂ ਨੇ ਪਹਿਲਾਂ ਹੀ ਨਕਦੀ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ ਹੈ।