ਮਣੀਸ਼ੰਕਰ ਅਈਅਰ ਕਾਂਗਰਸ ‘ਚੋਂ ਮੁਅੱਤਲ

0
336

ਨਵੀਂ ਦਿੱਲੀ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਕਾਂਗਰਸੀ ਨੇਤਾ ਮਣੀਸ਼ੰਕਰ ਅਈਅਰ ਨੂੰ ਕਾਂਗਰਸ ਨੇ ਪਾਰਟੀ ‘ਚੋਂ ਮੁਅੱਤਲ ਕਰ ਦਿੱਤਾ ਹੈ | ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦੱਸਿਆ ਕਿ ਕਾਂਗਰਸ ਨੇ ਅਈਅਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ | ਉਨ੍ਹਾਂ ਪ੍ਰਧਾਨ ਮੰਤਰੀ ਨੂੰ ਚੁਣੌਤੀ ਦਿੰਦੇ ਹੋਏ ਲਿਖਿਆ ਕਿ ਕੀ ਮੋਦੀ ਜੀ ਕਦੇ ਅਜਿਹਾ ਸਾਹਸ ਦਿਖਾਉਣਗੇ? ਹਾਲਾਂਕਿ ਅਈਅਰ ਨੇ ਕਮਜ਼ੋਰ ਹਿੰਦੀ ਦਾ ਬਹਾਨਾ ਬਣਾਉਂਦੇ ਹੋਏ ਮੁਆਫ਼ੀ ਮੰਗ ਲਈ ਸੀ ਪਰ ਪਾਰਟੀ ਨੇ ਉਸ ਨੂੰ ਅਸਵੀਕਾਰ ਕਰ ਕਰਦਿਆ ਕਾਰਵਾਈ ਕੀਤੀ ਹੈ | ਅਈਅਰ ਨੇ ਕਿਹਾ ਸੀ ਕਿ ਮੇਰਾ ‘ਨੀਚ’ ਕਹਿਣ ਤੋਂ ਮਤਲਬ ਹੇਠਲੇ ਪੱਧਰ ਤੋਂ ਸੀ | ਹਿੰਦੀ ਮੇਰੀ ਮਾਤ ਭਾਸ਼ਾ ਨਹੀਂ ਹੈ | ਇਸ ਲਈ ਜਦੋਂ ਮੈਂ ਹਿੰਦੀ ਬੋਲਦਾ ਹਾਂ ਤਾਂ ਅੰਗਰੇਜ਼ੀ ‘ਚ ਸੋਚਦਾ ਹਾਂ | ਅਜਿਹੇ ‘ਚ ਇਸ ਦਾ ਕੋਈ ਹੋਰ ਮਤਲਬ ਨਿਕਲਦਾ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ |
ਕੀ ਹੈ ਪੂਰਾ ਮਾਮਲਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਇੰਟਰਨੈਸ਼ਨਲ ਬਾਬਾ ਸਾਹਿਬ ਅੰਬੇਡਕਰ ਸੈਂਟਰ ਦੇ ਉਦਘਾਟਨ ਮੌਕੇ ਕਾਂਗਰਸ ਪਾਰਟੀ ਅਤੇ ਪਾਰਟੀ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ‘ਤੇ ਇਸ਼ਾਰਿਆਂ ‘ਚ ਨਿਸ਼ਾਨਾ ਸਾਧਦਿਆ ਕਿਹਾ ਸੀ ਕਿ ਕਾਂਗਰਸ ਨੇ ਇਕ ਪਰਿਵਾਰ ਨੂੰ ਅੱਗੇ ਵਧਾਉਣ ਲਈ ਬਾਬਾ ਸਾਹਿਬ ਦੇ ਯੋਗਦਾਨ ਨੂੰ ਦਬਾਇਆ | ਪ੍ਰਧਾਨ ਮੰਤਰੀ ਦੇ ਇਸ ਬਿਆਨ ਤੋਂ ਨਾਰਾਜ਼ ਕਾਂਗਰਸ ਦੇ ਨੇਤਾ ਮਣੀਸ਼ੰਕਰ ਅਈਅਰ ਨੇ ਇਤਰਾਜ਼ਯੋਗ ਟਿੱਪਣੀ ਕੀਤੀ | ਉਨ੍ਹਾਂ ਪ੍ਰਧਾਨ ਮੰਤਰੀ ਨੂੰ ‘ਨੀਚ’ ਅਤੇ ‘ਅਸੱਭਿਅਕ’ ਤੱਕ ਕਹਿ ਦਿੱਤਾ | ਅਈਅਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਨੀਚ ਕਿਸਮ ਦਾ ਵਿਅਕਤੀ ਹੈ | ਇਸ ‘ਚ ਕੋਈ ਸੱਭਿਅਤਾ ਨਹੀਂ ਹੈ ਅਤੇ ਅਜਿਹੇ ਮੌਕੇ ਅਜਿਹੀ ਗੰਦੀ ਰਾਜਨੀਤੀ ਕਰਨ ਦੀ ਕੀ ਲੋੜ ਹੈ |