11 ਸਾਬਕਾ ਸੰਸਦ ਮੈਂਬਰਾਂ ਵਿਰੁੱਧ ਦੋਸ਼ ਤੈਅ, ਮਾਮਲਾ ਪੈਸੇ ਲੈ ਕੇ ਸਵਾਲ ਪੁੱਛਣ ਦਾ 

0
380

ਨਵੀਂ ਦਿੱਲੀ— ਪੈਸੇ ਲੈ ਕੇ ਸੰਸਦ ‘ਚ ਸਵਾਲ ਪੁੱਛਣ ਦੇ ਮਾਮਲੇ ‘ਚ ਦਿੱਲੀ ਦੀ ਇਕ ਅਦਾਲਤ ਨੇ 11 ਸਾਬਕਾ ਸੰਸਦ ਮੈਂਬਰਾਂ ਅਤੇ ਇਕ ਹੋਰ ‘ਤੇ ਰਿਸ਼ਵਤ ਲੈਣ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੇ ਦੋਸ਼ ਅੱਜ ਤੈਅ ਕਰ ਦਿੱਤੇ।
ਵਿਸ਼ੇਸ਼ ਜੱਜ ਕਿਰਨ ਬਾਂਸਲ ਨੇ 2005 ਦੇ ਇਸ ਮਾਮਲੇ ‘ਚ ਦੋਸ਼ ਤੈਅ ਕੀਤੇ। ਜਿਨ੍ਹਾਂ ‘ਤੇ 12 ਜਨਵਰੀ ਤੋਂ ਸੁਣਵਾਈ ਸ਼ੁਰੂ ਹੋਵੇਗੀ। 2 ਪੱਤਰਕਾਰਾਂ ਨੇ ਇਨ੍ਹਾਂ ਸੰਸਦ ਮੈਂਬਰਾਂ ਵਿਰੁੱਧ ਸਟਿੰਗ ਆਪ੍ਰੇਸ਼ਨ ਕੀਤਾ ਸੀ। ਜਿਸ ਨੂੰ ਇਕ ਨਿੱਜੀ ਟੈਲੀਵਿਜ਼ਨ ਚੈਨਲ ਨੇ 12 ਦਸੰਬਰ 2005 ਨੂੰ ਪ੍ਰਸਾਰਿਤ ਕੀਤਾ ਸੀ। ਉਸ ਵੇਲੇ ਇਸ ਨੂੰ ਲੈ ਕੇ ਬੜਾ ਹੰਗਾਮਾ ਹੋਇਆ ਸੀ।
ਇਸ ਮਾਮਲੇ ‘ਚ ਭਾਜਪਾ ਦੇ 6, ਬਸਪਾ ਦੇ 3, ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਦਾ 1-1 ਆਗੂ ਸ਼ਾਮਲ ਹੈ। ਭਾਜਪਾ ਦੇ ਸਾਬਕਾ ਸੰਸਦ ਮੈਂਬਰ ਹਨ-ਛਤਰਪਾਲ ਸਿੰਘ ਲੋਡਾ, ਅੰਨਾ ਸਾਹਿਬ ਐੱਮ. ਕੇ. ਪਾਟਿਲ, ਵਾਈ. ਜੀ. ਮਹਾਜਨ, ਚੰਦਰ ਪ੍ਰਤਾਪ ਸਿੰਘ, ਪ੍ਰਦੀਪ ਗਾਂਧੀ ਅਤੇ ਸੁਰੇਸ਼ ਚੰਦੇਲ। ਇਸ ਮਾਮਲੇ ‘ਚ ਬਸਪਾ ਦੇ ਰਾਜਾ ਰਾਮਪਾਲ, ਲਾਲ ਚੰਦਰ ਕੌਲ ਅਤੇ ਨਰੇਂਦਰ ਕੁਮਾਰ ਕੁਸ਼ਵਾਹ, ਕਾਂਗਰਸ ਦੇ ਰਾਮ ਸੇਵਕ ਸਿੰਘ ਅਤੇ ਰਾਸ਼ਟਰੀ ਜਨਤਾ ਦਲ ਦੇ ਮਨੋਜ ਕੁਮਾਰ ਵਿਰੁੱਧ ਦੋਸ਼ ਤੈਅ ਕੀਤੇ ਗਏ ਹਨ। ਇਸ ਦੇ ਇਲਾਵਾ ਬਸਪਾ ਦੇ ਸਾਬਕਾ ਸੰਸਦ ਮੈਂਬਰ ਰਾਮਪਾਲ ਦੇ ਤੱਤਕਾਲੀਨ ਨਿੱਜੀ ਸਹਾਇਕ ਰਵਿੰਦਰ ਕੁਮਾਰ ‘ਤੇ ਵੀ ਦੋਸ਼ ਤੈਅ ਕੀਤੇ ਗਏ।