ਬਚਪਨ ਅਲਬੇਲੇਪਣ ਅਤੇ ਬੇਪਰਵਾਹੀ ਦਾ ਦੂਜਾ ਨਾਂ ਹੈ। ਭੋਲੇਪਣ ਵਿੱਚ ਅਠਖੇਲੀਆਂ ਕਰਦੇ ਬੱਚਿਆਂ ਨੂੰ ਵੇਖ ਕੇ ਹਰ ਵਿਅਕਤੀ ਦਾ ਦਿਲ ਦੁਬਾਰਾ ਬੱਚਾ ਬਣਨ ਨੂੰ ਕਰਦਾ ਹੈ। ਪਰ ਅਜੋਕਾ ਬਚਪਨ ਇਨ੍ਹਾਂ ਅਠਖੇਲੀਆਂ ਨੂੰ ਭੁੱਲ ਕੇ ਮੋਬਾਈਲ ਵਿੱਚ ਕੈਦ ਹੋ ਕੇ ਰਹਿ ਗਿਆ ਹੈ। ਮੋਬਾਈਲ ਗੇਮਾਂ ਨੂੰ ਘੰਟਿਆਂ ਬੱਧੀ ਬਿਨਾਂ ਕਿਸੇ ਰੋਕ-ਟੋਕ ਖੇਡ ਕੇ ਬੱਚੇ ਖ਼ੁਸ਼ੀ ਮਹਿਸੂਸ ਕਰਦੇ ਹਨ। ਖੇਡ ਦੇ ਮੈਦਾਨ ਵਿੱਚ ਜਾ ਕੇ ਸਰੀਰਿਕ ਖੇਡਾਂ ਖੇਡਣ ਦਾ ਤਾਂ ਜਿਵੇਂ ਰਿਵਾਜ ਹੀ ਚਲਾ ਗਿਆ ਹੈ ਕਿਉਂਕਿ ਮੋਬਾਈਲ ਕੰਪਨੀਆਂ ਨੇ ਫੋਨ ਦੀ ਸਕਰੀਨ ’ਤੇ ਹੀ ਬੱਚਿਆਂ ਨੂੰ ਕ੍ਰਿਕਟ ਅਤੇ ਫੁੱਟਬਾਲ ਵਰਗੀਆਂ ਖੇਡਾਂ ਦੇ ਅਖੌਤੀ ਮੈਦਾਨ ਮੁਹੱਈਆ ਕਰਵਾ ਦਿੱਤੇ ਹਨ। ਬੱਚੇ ਸਾਰਾ ਦਿਨ ਬੈਠੇ- ਬਿਠਾਏ ਨਕਲੀ ਫੁੱਟਬਾਲ ਤੇ ਕ੍ਰਿਕਟ ਆਦਿ ਖੇਡਾਂ ਖੇਡ ਕੇ ਖ਼ੁਸ਼ ਹੁੰਦੇ ਹਨ। ਚਿੰਤਾਜਨਕ ਪਹਿਲੂ ਇਹ ਹੈ ਕਿ ਅਜਿਹੇ ਬੱਚਿਆਂ ਨੂੰ ਬਾਹਰਲੀ ਦੁਨੀਆਂ ਵਿੱਚ ਵਿਚਰਨ ਦਾ ਕੋਈ ਇਲਮ ਨਹੀਂ ਹੁੰਦਾ। ਇਹ ਬੱਚੇ ਆਪਣੇ ਮਨ ਵਿੱਚ ਹੀ ‘ਸ਼ਾਨਦਾਰ ਖਿਡਾਰੀ’ ਹੋਣ ਦਾ ਭਰਮ ਪਾਲ ਲੈਂਦੇ ਹਨ। ਜਦੋਂਕਿ ਅਸਲੀਅਤ ਇਹ ਹੈ ਕਿ ਅਜਿਹੇ ਖਿਡਾਰੀ ਮੈਦਾਨ ਵਿੱਚ ਅਨਾੜੀ ਸਾਬਤ ਹੁੰਦੇ ਹਨ।
ਲੋਕ ਖੇਡਾਂ ਨੂੰ ਤਾਂ ਅਜੋਕੇ ਬੱਚਿਆਂ ਨੇ ਪੂਰਨ ਤੌਰ ’ਤੇ ਵਿਸਾਰ ਹੀ ਦਿੱਤਾ ਹੈ। ਸਾਡੇ ਵਡੇਰਿਆਂ ਨੇ ਲੋਕ ਖੇਡਾਂ ਨੂੰ ਇਉਂ ਵਿਉਂਤਿਆ ਸੀ ਕਿ ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਹੈ, ਉਵੇਂ-ਉਵੇਂ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦਾ ਟਾਕਰਾ ਕਰਨ ਦੇ ਸਮਰੱਥ ਹੋ ਜਾਵੇ। ਜਿਵੇਂ ਲੂਣ-ਭਿਆਣੀ ਤੇ ਕੋਟਲਾ-ਛਪਾਕੀ ਦੀ ਖੇਡ ਬੱਚਿਆਂ ਵਿੱਚ ਸੁਚੇਤ ਰਹਿਣ ਦੀ ਸਮਰੱਥਾ ਜਗਾਉਂਦੀ ਸੀ ਕਿ ਜਿਹੜਾ ਸੌਂ ਗਿਆ, ਉਹ ਲੁੱਟਿਆ ਤੇ ਕੁੱਟਿਆ ਜਾਵੇਗਾ। ਇਵੇਂ ਹੀ ਭੰਡਾ-ਭੰਡਾਰੀਆ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਵਾਲੀ ਖੇਡ ਸੀ। ਬਾਂਦਰ-ਕਿੱਲਾ ਮਜ਼ਬੂਤ ਘੇਰਾਬੰਦੀ ਦੀ ਸਮਝ ਨੂੰ ਵਧਾਉਂਦਾ ਸੀ ਕਿ ਕਿਵੇਂ ਦੁਸ਼ਮਣ ਤੋਂ ਆਪਣੀ ਜਾਨ-ਮਾਲ ਦੀ ਰੱਖਿਆ ਕਰਨੀ ਹੈ। ਇਸੇ ਲੜੀ ਤਹਿਤ ਸੌਂਚੀ ਪੱਕੀ, ਅੰਨ੍ਹਾ ਝੋਟਾ, ਡੰਡਾ ਡੁੱਕ, ਦਾਈਆਂ-ਦੁੱਕੜੇ, ਪਿੱਠੂ ਅਤੇ ਪੀਚੋ ਵਰਗੀਆਂ ਖੇਡਾਂ ਵੀ ਬੱਚਿਆਂ ਨੂੰ ਏਕੇ ਦੇ ਸੂਤਰ ਵਿੱਚ ਪਰੋਈ ਰੱਖਦੀਆਂ ਸਨ। ਅੱਜਕੱਲ੍ਹ ਦੇ ਬੱਚੇ ਮੋਬਾਈਲ ਅਤੇ ਇੰਟਰਨੈਟ ’ਤੇ ਇੰਨੇ ਨਿਰਭਰ ਹੋ ਗਏ ਹਨ ਕਿ ਉਹ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਦਾ ਸਾਹਮਣਾ ਕਰਨ ਤੋਂ ਅਸਮਰੱਥ ਜਿਹੇ ਜਾਪਦੇ ਹਨ। ਜੀਵਨ ਵਿੱਚ ਕਿਸੇ ਮੁਸ਼ਕਿਲ ਦਾ ਹੱਲ ਸਕਰੀਨ ’ਤੇ ਉਂਗਲਾਂ ਦੇ ਪੋਟੇ ਚਲਾ ਕੇ ਨਹੀਂ ਮਿਲਦਾ। ਇਸੇ ਸੰਦਰਭ ਵਿੱਚ ਮੈਨੂੰ ਇੱਕ ਛੋਟਾ ਜਿਹਾ ਪ੍ਰਸੰਗ ਯਾਦ ਆ ਰਿਹਾ ਹੈ ਕਿ ਸਾਹਮਣੇ ਅੱਗ ਲੱਗੀ ਦੇਖ ਕੇ ਇੱਕੀਵੀਂ ਸਦੀ ਦਾ ਬੱਚਾ ਝੱਟ ਇੰਟਰਨੈਟ ’ਤੇ ਖੋਜਦਾ ਹੈ। ‘ਅੱਗ ਲੱਗੀ ਹੈ, ਮੈਨੂੰ ਕੀ ਕਰਨਾ ਚਾਹੀਦਾ ਹੈ?’ ਜਦ ਤਕ ਗੂਗਲ ’ਤੇ ਜਵਾਬ ਆਉਂਦਾ ਹੈ ਤਦ ਤਕ ਸਾਰਾ ਮੰਜਰ ਸੜ ਕੇ ਸੁਆਹ ਹੋ ਚੁੱਕਾ ਹੁੰਦਾ ਹੈ।
ਇਸ ਲਈ ਇੰਟਰਨੈਟ ਨੇ ਅਜੋਕੀ ਪੀੜ੍ਹੀ ਦੇ ਦਿਮਾਗ਼ ਨੂੰ ਜੰਗਾਲ ਦਿੱਤਾ ਹੈ। ਆਪਣੀ ਤਰਕ ਸ਼ਕਤੀ ਦੀ ਵਰਤੋਂ ਕਰਨ ਦੀ ਬਜਾਏ ਹਰ ਮੁਸ਼ਕਿਲ ਦਾ ਹੱਲ ਇੰਟਰਨੈਟ ’ਤੇ ਖੋਜਦੇ ਹਨ। ਅੱਜਕੱਲ੍ਹ ਤਾਂ ਫ਼ਲ ਵੀ ਪੱਕ ਕੇ ਆਪਣੇ ਆਪ ਦਰੱਖਤਾਂ ਤੋਂ ਹੇਠਾਂ ਡਿੱਗਣ ਲੱਗ ਪਏ ਹਨ ਕਿਉਂਕਿ ਵੱਟੇ ਮਾਰਨ ਵਾਲਾ ਬਚਪਨ ਤਾਂ ਮੋਬਾਈਲ ਵਿੱਚ ਕੈਦ ਹੈ। ਮੋਬਾਈਲ ਦੀ ਵਰਤੋਂ ਨੇ ਬੱਚਿਆਂ ਦੇ ਸਮਾਜਿਕ ਵਿਵਹਾਰ ਨੂੰ ਵੀ ਚੋਖਾ ਪ੍ਰਭਾਵਿਤ ਕੀਤਾ ਹੈ। ਉਹ ਅੰਤਰਮੁਖੀ, ਸਵਾਰਥੀ ਤੇ ਸਵੈ-ਕੇਂਦਰਿਤ ਹੋਣ ਦੇ ਨਾਲ-ਨਾਲ ਇਕੱਲਤਾ-ਪਸੰਦ ਵੀ ਬਣ ਗਏ ਹਨ, ਜੇਕਰ ਘਰ ਵਿੱਚ ਕੋਈ ਮਹਿਮਾਨ ਆ ਜਾਵੇ ਤਾਂ ਬੱਚੇ ਰਸਮੀ ‘ਸਤਿ ਸ੍ਰੀ ਅਕਾਲ’ ਤੋਂ ਬਾਅਦ ਮੁੜ ਆਪਣੇ ਕਮਰੇ ਵਿੱਚ ਆ ਕੇ ਗੇਮ ਵਿੱਚ ਮਸਤ ਹੋ ਜਾਂਦੇ ਹਨ। ਪਰ ਹਾਂ ਜੇਕਰ ਮਹਿਮਾਨ ਕੋਲ ਮਹਿੰਗਾ ਸਮਾਰਟਫੋਨ ਹੈ ਤਾਂ ਜ਼ਰੂਰ ਉਸ ਦੇ ਨੇੜੇ-ਨੇੜੇ ਬੈਠਣਗੇ। ਗੇਮ ਖੇਡਦੇ ਸਮੇਂ ਬੱਚਾ ਕਿਸੇ ਦੀ ਦਖਲਅੰਦਾਜ਼ੀ ਪਸੰਦ ਨਹੀਂ ਕਰਦਾ। ਜੇਕਰ ਕੁਝ ਪੁੱਛਿਆ ਜਾਵੇ ਤਾਂ ਹਾਂ-ਹੂੰ ਵਿੱਚ ਜਵਾਬ ਮਿਲਦਾ ਹੈ।
ਮਾਪਿਆਂ ਨੂੰ ਚਾਹੀਦਾ ਹੈ ਕਿ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਸ਼ਿਸ਼ਟਤਾ ਭਰਪੂਰ ਸਮਾਜਿਕ ਵਿਵਹਾਰ ਦਾ ਪਾਠ ਪੜ੍ਹਾਇਆ ਜਾਵੇ। ਜ਼ਿੰਦਗੀ ਦੀਆਂ ਮੁਸ਼ਕਿਲਾਂ ਨੂੰ ਤਰਕ ਨਾਲ ਹੱਲ ਕਰਨ ਦੀ ਜਾਚ ਦੱਸੀ ਜਾਵੇ। ਬੱਚਿਆਂ ਨੂੰ ਖੇਡ ਦੇ ਮੈਦਾਨ ਵਿੱਚ ਜਾ ਕੇ ਸਰੀਰਿਕ ਖੇਡਾਂ ਖੇਡਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। 10-11 ਸਾਲ ਦੇ ਬੱਚਿਆਂ ਨੂੰ ਛੋਟੇ-ਛੋਟੇ ਘਰੇਲੂ ਕੰਮਾਂ ਦੀ ਜ਼ਿੰਮੇਵਾਰੀ ਵੀ ਦਿੱਤੀ ਜਾ ਸਕਦੀ ਹੈ। ਲੋਕ ਖੇਡਾਂ ਨੂੰ ਮੁੜ ਸੁਰਜੀਤ ਕਰਨ ਲਈ ਮਾਪਿਆਂ ਨੂੰ ਵਿਸ਼ੇਸ਼ ਉਚੇਚ ਕਰਨੀ ਚਾਹੀਦੀ ਹੈ। ਇਸ ਦਿਸ਼ਾ ਵਿੱਚ ਉਪਰਾਲੇ ਕਰਨ ਲਈ ਮਾਪਿਆਂ ਨੂੰ ਹੁਣ ਤੋਂ ਹੀ ਕਮਰ ਕਸ ਲੈਣੀ ਚਾਹੀਦੀ ਹੈ ਕਿਉਂਕਿ ਜੇਕਰ ਅਸੀਂ ਦੇਰ ਕੀਤੀ ਤਾਂ ਬਹੁਤ ਦੇਰ ਹੋ ਚੁੱਕੀ ਹੋਵੇਗੀ। #ਗੁਰਪ੍ਰੀਤ ਕੌਰ