ਲੰਡਨ -ਕੋਰੋਨਾ ਮਹਾਂਮਾਰੀ ਤੋਂ ਬਾਅਦ ਵਿਸ਼ਵ ਭਰ ਦੇ ਦੇਸ਼ਾਂ ਦੀ ਅਰਥ ਵਿਵਸਥਾ ਡਾਵਾਂਡੋਲ ਹੋਈ ਹੈ ਅਤੇ ਅਜਿਹੇ ‘ਚ ਚੱਲਦਿਆਂ ਕਈ ਨਾਮਵਰ ਕੰਪਨੀਆਂ ਦਾ ਦਿਵਾਲਾ ਨਿਕਲਿਆ ਅਤੇ ਜਿਸ ਦਾ ਅਸਰ ਆਮ ਲੋਕਾਂ ‘ਤੇ ਵੀ ਪਿਆ ਹੈ | ਇਥੇ ਹੀ ਬੱਸ ਨਹੀਂ ਨਵੀਆਂ ਆਰਥਿਕ ਰਿਪੋਰਟਾਂ ਅਨੁਸਾਰ ਵਿਸ਼ਵ ਭਰ ‘ਚ ਕਰੋੜਪਤੀਆਂ ਅਤੇ ਅਰਬਪਤੀਆਂ ਦੀ ਗਿਣਤੀ ‘ਚ ਵੀ ਕਮੀ ਦੇਸ਼ ਛੱਡਣ ਕਾਰਨ ਵੀ ਆਈ ਹੈ | ਕੋਰੋਨਾ ਸਮੇਂ ਦੌਰਾਨ ਪ੍ਰਵਾਸ ਦੀ ਗਤੀ ਹੌਲੀ ਹੋ ਗਈ ਸੀ ਜੋ ਹੁਣ ਦੁਬਾਰਾ ਫਿਰ ਸ਼ੁਰੂ ਹੋ ਗਈ ਹੈ | ਉੱਚ ਸੰਪਤੀ ਵਾਲੇ ਉਨ੍ਹਾਂ ਲੋਕਾਂ ਨੂੰ ਗਿਣਿਆ ਜਾਂਦਾ ਹੈ ਜਿਨ੍ਹਾਂ ਦੀ ਧੰਨ ਦੌਲਤ 10 ਲੱਖ ਅਮਰੀਕੀ ਡਾਲਰ ਜਾਂ ਇਸ ਤੋਂ ਵੱਧ ਹੁੰਦੀ ਹੈ | ਗਲੋਬਲ ਸਲਾਹਕਾਰ ਹੈਨਲੇ ਐਂਡ ਪਾਰਟਨਰਜ਼ ਦੀ ਰਿਪੋਰਟ ਅਨੁਸਾਰ 2022 ‘ਚ ਅਜਿਹੇ ਅਮੀਰ ਲੋਕ ਆਪਣੇ ਦੇਸ਼ਾਂ ‘ਚੋਂ ਲਾਪਤਾ ਹੋ ਗਏ ਹਨ ਜਿਸ ‘ਚ ਰਸ਼ੀਆ ਦੇ 15000, ਚੀਨ ਦੇ 10000 ਅਤੇ ਭਾਰਤ ‘ਚੋਂ 8000 ਅਮੀਰ ਲੋਕ ਘਟ ਗਏ ਹਨ | ਕਿਹਾ ਜਾਂਦਾ ਹੈ ਕਿ ਇਹ ਲੋਕ ਦੇਸ਼ ਛੱਡ ਕੇ ਹੋਰ ਦੇਸ਼ਾਂ ਵਿਚ ਚਲੇ ਗਏ ਹਨ | ਰਿਪੋਰਟਾਂ ਅਨੁਸਾਰ ਭਾਰਤ ‘ਚ ਪ੍ਰਵਾਸ ਕਾਰਨ ਘਟੇ ਕਰੋੜਪਤੀਆਂ ਦੇ ਮੁਕਾਬਲੇ ਨਵੇਂ ਬਣੇ ਕਰੋੜਪਤੀਆਂ ਦੀ ਗਿਣਤੀ ‘ਚ ਵਾਧਾ ਹੋਇਆ ਹੈ | ਅਜਿਹੇ ‘ਚ ਕਈ ਅਮੀਰ ਵਾਪਸ ਭਾਰਤ ਵੀ ਪਰਤੇ ਹਨ | ਮੰਨਿਆ ਜਾ ਰਿਹਾ ਹੈ ਕਿ ਭਾਰਤ ‘ਚ 2031 ਤੱਕ ਉੱਚ ਸੰਪਤੀ ਵਾਲੀ ਵਿਅਕਤੀਗਤ ਆਬਾਦੀ ‘ਚ 80 ਫ਼ੀਸਤੀ ਵਾਧਾ ਹੋਵੇਗਾ, ਕਿਉਂਕਿ ਇਸ ਸਮੇਂ ਦੌਰਾਨ ਇਹ ਦੁਨੀਆਂ ਦਾ ਇਕ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਬਾਜ਼ਾਰ ਬਣ ਰਿਹਾ ਹੈ | ਆਸਟਰੇਲੀਆ, ਯੂ ਕੇ ਅਤੇ ਅਮਰੀਕਾ ਵਰਗੇ ਪ੍ਰਮੁੱਖ ਬਜ਼ਾਰਾਂ ਦੁਆਰਾ ਹੁਵਾਈ 5 ਜੀ ‘ਤੇ ਪਾਬੰਦੀ ਲਗਾ ਕੇ ਚੀਨ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ | ਰਿਪੋਰਟਾਂ ਅਨੁਸਾਰ 2022 ‘ਚ 3500 ਅਮੀਰ ਲੋਕ ਆਸਟਰੇਲੀਆ ਗਏ ਹਨ, ਜਦਕਿ ਬੀਤੇ ਇੱਕ ਦਹਾਕੇ ‘ਚ 80,000 ਅਮੀਰਾਂ ਨੇ ਆਸਟ੍ਰੇਲੀਆ ‘ਚ ਵਸੇਬਾ ਕੀਤਾ ਹੈ |