ਕਿਸਾਨ ਅੰਦੋਲਨ ਦੀ ਇਤਿਹਾਸਕ ਜਿੱਤ ਨੇ ਕਿਸਾਨਾਂ ਅਤੇ ਬਾਕੀ ਵਰਗਾਂ ਦੇ ਲੋਕਾਂ ਦੇ ਮਨਾਂ ਵਿਚ ਖੇੜਾ ਲਿਆਂਦਾ ਹੈ। ਇਹ ਖੇੜਾ ਜਿੱਥੇ ਭਾਵਨਾਤਮਕ ਅਤੇ ਬੌਧਿਕ ਹੈ, ਉੱਥੇ ਇਸ ਦੀਆਂ ਪਰਤਾਂ ਸਮਾਜ ਵਿਚ ਨਵੀਂ ਰੂਹ ਫੂਕਣ ਵਾਲੀਆਂ ਵੀ ਹਨ। ਇਹ ਜਿੱਤ ਉਨ੍ਹਾਂ ਦਿਨਾਂ ਵਿਚ ਪ੍ਰਾਪਤ ਹੋਈ ਹੈ ਜਦ ਲੋਕ-ਜਿੱਤ ਦੇ ਦਿਸਹੱਦੇ ਲੋਕਾਂ ਦੇ ਮਨਾਂ ਤੋਂ ਦੂਰ ਹੋ ਰਹੇ ਸਨ। ਇਸ ਕਾਰਨ ਇਸ ਜਿੱਤ ਨੇ ਲੋਕਾਂ ਦੇ ਆਪਣੇ ਆਪ ਵਿਚ ਵਿਸ਼ਵਾਸ ਨੂੰ ਮੁੜ ਕਾਇਮ ਕੀਤਾ ਹੈ। ਦੇਸ਼ ਦੇ ਹਰ ਵਰਗ ਦੇ ਲੋਕ ਇਸ ਆਨੰਦਮਈ ਭਾਵਨਾ ਵਿਚ ਗੜੁੱਚੇ ਹੋਏ ਹਨ। ਜਿੱਥੇ ਸੰਘਰਸ਼ ਦੌਰਾਨ ਹਿੰਮਤ, ਹੌਸਲੇ, ਜੇਰੇ, ਸਹੀ ਨਿਰਣੇ ਲੈਣ ਦੀ ਸਮਰੱਥਾ, ਸਿਦਕ, ਸਿਰੜ, ਸੰਜਮ ਅਤੇ ਏਕਤਾ ਦੀ ਲੋੜ ਹੁੰਦੀ ਹੈ; ਉੱਥੇ ਜਿੱਤ ਤੋਂ ਬਾਅਦ ਸੰਜਮ ਅਤੇ ਸਹੀ ਨਿਰਣੇ ਦੀ ਸਮਰੱਥਾ ਦੀ ਜ਼ਰੂਰਤ ਹੋਰ ਵਧ ਜਾਂਦੀ ਹੈ। ਜਿੱਤ ਨਵੀਆਂ ਜ਼ਿੰਮੇਵਾਰੀਆਂ ਲੈ ਕੇ ਆਉਂਦੀ ਹੈ ਕਿ ਸੰਘਰਸ਼ ਨੂੰ ਪ੍ਰੇਰਨਾਦਾਇਕ ਤਰੀਕੇ ਨਾਲ ਸਮੇਟਿਆ ਜਾ ਸਕੇ। ਕਿਸਾਨ ਅੰਦੋਲਨ ਵਰਗੀ ਜਿੱਤ ਦਹਾਕਿਆਂ ਬਾਅਦ ਪ੍ਰਾਪਤ ਹੁੰਦੀ ਹੈ ਅਤੇ ਅਜਿਹੀ ਜਿੱਤ ਨੇ ਲੋਕਾਂ ਦੇ ਮਨਾਂ ਵਿਚ ਸੰਘਰਸ਼ ਕਰਦੇ ਰਹਿਣ ਦੀ ਚਾਹਤ ਨੂੰ ਹੋਰ ਦ੍ਰਿੜ੍ਹ ਕਰਨਾ ਹੁੰਦਾ ਹੈ। ਕਿਸਾਨ ਸੰਘਰਸ਼ ਦੇ ਇਸ ਜੇਤੂ ਸਮੇਂ ਦੌਰਾਨ ਕਿਸਾਨ ਆਗੂਆਂ ’ਤੇ ਇਹ ਵੱਡੀਆਂ ਜ਼ਿੰਮੇਵਾਰੀਆਂ ਹਨ। ਸਮੁੱਚੇ ਕਿਸਾਨ ਅੰਦੋਲਨ ਦੌਰਾਨ ਕਿਸਾਨ ਆਗੂਆਂ ਨੇ ਏਕੇ ਨੂੰ ਬਣਾਈ ਰੱਖਣ ਦੀ ਜ਼ਿੰਮੇਵਾਰੀ ਨੂੰ ਸਮੂਹਿਕ ਢੰਗ ਨਾਲ ਨਿਭਾ ਕੇ ਮਿਸਾਲ ਕਾਇਮ ਕੀਤੀ ਹੈ। ਸੰਘਰਸ਼ ਦੌਰਾਨ ਕਿਸਾਨ ਜਥੇਬੰਦੀਆਂ ਦਾ ਏਕਾ ਅਜਿਹਾ ਸੰਵੇਦਨਸ਼ੀਲ ਮੁੱਦਾ ਬਣ ਗਿਆ ਸੀ ਕਿ ਸਾਰੇ ਵਰਗ ਇਹ ਮਹਿਸੂਸ ਕਰਦੇ ਸਨ ਕਿ ਕਿਸਾਨ ਏਕਤਾ ਹੀ ਅੰਦੋਲਨ ਦਾ ਸਰਬਉੱਚ ਟੀਚਾ ਹੈ। ਇਸ ਏਕਤਾ ਨੇ ਕਿਸਾਨ ਆਗੂਆਂ ਨੂੰ ਅੰਦੋਲਨ ਦੇ ਵੇਗ, ਭਾਵਨਾਵਾਂ ਅਤੇ ਅਮਲੀ ਚੁਣੌਤੀਆਂ ਨੂੰ ਸਮਝਣ ਅਤੇ ਸਹੀ ਨਿਰਣੇ ਲੈਣ ਵਿਚ ਸਹਾਇਤਾ ਕੀਤੀ। ਏਕਤਾ ਵਿਚੋਂ ਅੰਦੋਲਨ ਦੀ ਸਾਂਝੀਵਾਲਤਾ, ਸਿਰੜ ਅਤੇ ਹੋਰ ਲੋਕ-ਪੱਖੀ ਜਜ਼ਬੇ ਪੈਦਾ ਹੋਏ। ਆਖ਼ਰੀ ਦੌਰ ਦੌਰਾਨ ਵੀ ਸਮੂਹਿਕ ਨਿਰਣੇ ਲੈਣ, ਏਕਤਾ ਕਾਇਮ ਰੱਖਣ ਅਤੇ ਇਸ ਨੂੰ ਭਵਿੱਖ ਵਿਚ ਵਧਾਉਣ ਦੀ ਭਾਵਨਾ ਹੀ ਕਿਸਾਨ ਆਗੂਆਂ ਨੂੰ ਸੇਧ ਦੇ ਰਹੀ ਹੈ। ਏਕੇ ਦੀ ਜ਼ਰੂਰਤ ਜਿੰਨੀ ਸੰਘਰਸ਼ ਦੇ ਦੌਰਾਨ ਸੀ, ਓਨੀ ਹੀ ਇਸ ਦੀ ਜ਼ਰੂਰਤ ਭਵਿੱਖ ਵਿਚ ਹੈ। ਕਿਸਾਨ ਜਥੇਬੰਦੀਆਂ ਵਿਚ ਵਿਚਾਰਧਾਰਕ ਵਖਰੇਵੇਂ ਹਨ ਪਰ ਇਨ੍ਹਾਂ ਨੂੰ ਸਮੂਹਿਕ ਸਮਝ ਅਨੁਸਾਰ ਨਜਿੱਠਣ ਦੀ ਸਿਆਣਪ ਨੇ ਅੰਦੋਲਨ ਨੂੰ ਏਕਤਾ ਦੇ ਸੂਤਰ ਵਿਚ ਪਰੋਈ ਰੱਖਿਆ। ਇਹ ਪਹੁੰਚ ਬਣਾਈ ਰੱਖਣਾ ਹੀ ਲੋਕ-ਏਕਤਾ ਨੂੰ ਮਜ਼ਬੂਤ ਕਰੇਗੀ। ਸਹੀ ਨਿਰਣੇ ਲੈਣ ਲਈ ਸੰਜਮ ਅਤੇ ਸਮੱਸਿਆ ਦੇ ਹਰ ਪੱਖ ਦੀ ਪਰਖ-ਪੜਚੋਲ ਕਰਨ ਦੀ ਸਮਰੱਥਾ ਨੇ ਅੰਦੋਲਨ ਦੌਰਾਨ ਕਿਸਾਨ ਆਗੂਆਂ ਦੀ ਸਹਾਇਤਾ ਕੀਤੀ। ਇਹ ਸਮਰੱਥਾ ਕਿਸਾਨ ਆਗੂਆਂ ਦੇ ਸਥਾਨਕ ਘੋਲਾਂ ਵਿਚਲੇ ਤਜਰਬੇ ’ਚੋਂ ਜਨਮੀ ਸੀ। ਜਿੱਤ ਦੇ ਦੌਰਾਨ ਵੀ ਸੰਯੁਕਤ ਕਿਸਾਨ ਮੋਰਚੇ ਅਤੇ ਹੋਰ ਜਥੇਬੰਦੀਆਂ ਨੂੰ ਕਈ ਸੰਵੇਦਨਸ਼ੀਲ ਫ਼ੈਸਲੇ ਕਰਨੇ ਪੈਣੇ ਹਨ ਜਿਨ੍ਹਾਂ ਵਿਚ ਸੰਜਮ ਅਤੇ ਸਮੂਹਿਕ ਨਿਰਣਿਆਂ ਦੀ ਆਵਾਜ਼ ਨੇ ਵੀ ਅਹਿਮ ਭੂਮਿਕਾ ਨਿਭਾਉਣੀ ਹੈ। ਹਰ ਲੋਕ-ਜਿੱਤ ਨੂੰ ਸਵੀਕਾਰ ਕਰਨ ਦੀਆਂ ਆਪਣੀਆਂ ਚੁਣੌਤੀਆਂ ਹੁੰਦੀਆਂ ਹਨ। ਇਹ ਸਵੀਕਾਰ ਵੀ ਜਿੱਤ ਜਿੰਨਾ ਵੱਡਾ ਅਤੇ ਪ੍ਰੇਰਨਾਦਾਇਕ ਹੋਣਾ ਚਾਹੀਦਾ ਹੈ। ਹਾਰ ਤੋਂ ਬਾਅਦ ਕਿਸਾਨ-ਵਿਰੋਧੀ ਤਾਕਤਾਂ ਦੀਆਂ ਸਫ਼ਾਂ ਵਿਚ ਵੱਡਾ ਖਲਲ ਪਿਆ ਹੋਇਆ ਹੈ। ਉਹ ਪ੍ਰੇਸ਼ਾਨ ਹਨ ਕਿ ਉਨ੍ਹਾਂ ਦੀ ਏਨੀ ਵੱਡੀ ਹਾਰ ਕਿਵੇਂ ਹੋਈ। ਇਨ੍ਹਾਂ ਤਾਕਤਾਂ ਨੂੰ ਕਾਰਪੋਰੇਟ ਅਦਾਰਿਆਂ, ਮੀਡੀਆ ਦੇ ਇਕ ਹਿੱਸੇ ਅਤੇ ਸੱਤਾਧਾਰੀਆਂ ਦੀ ਹਮਾਇਤ ਹਾਸਲ ਹੈ। ਇਹ ਤਾਕਤਾਂ ਲੁਕ-ਛਿਪ ਕੇ ਵਾਰ ਕਰਨ ਦੇ ਯਤਨ ਕਰ ਰਹੀਆਂ ਹਨ। ਇਸ ਬਾਰੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਕਿਸਾਨ ਵਿਰੋਧੀ ਤਾਕਤਾਂ ਸਮਾਜ ਅਤੇ ਮੀਡੀਆ ’ਤੇ ਹੋ ਰਹੀ ਬਹਿਸ ਅਤੇ ਵਿਚਾਰ-ਵਟਾਂਦਰੇ ਵਿਚਲੇ ਕੇਂਦਰੀ ਬਿਰਤਾਂਤ ਨੂੰ ਹਥਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸ ਵੇਲੇ ਬਿਰਤਾਂਤ ਦਾ ਮੁੱਖ ਨੁਕਤਾ ਕਿਸਾਨਾਂ ਦੀ ਜਿੱਤ ਅਤੇ ਕਾਰਪੋਰੇਟ-ਪੱਖੀ ਬਿਆਨੀਏ ਦੀ ਹਾਰ ਹੈ। ਅੰਦੋਲਨ ਨੇ ਖੇਤੀ ਕਾਨੂੰਨਾਂ ਦੇ ਕਾਰਪੋਰੇਟ-ਪੱਖੀ ਕਿਰਦਾਰ ਦਾ ਪਰਦਾਫਾਸ਼ ਕਰਦਿਆਂ ਇਸ ਵਿਚ ਸੱਤਾਧਾਰੀਆਂ ਅਤੇ ਕਾਰਪੋਰੇਟ ਅਦਾਰਿਆਂ ਵਿਚਲੀ ਸਾਂਝ ਨੂੰ ਨੰਗਿਆਂ ਕੀਤਾ ਹੈ। ਅੰਦੋਲਨ ’ਚੋਂ ਪੈਦਾ ਹੋਈ ਬਹਿਸ ਦੌਰਾਨ ਵਿਕਾਸ ਦੇ ਮੌਜੂਦਾ ਮਾਡਲ ਬਾਰੇ ਵੱਡੇ ਸਵਾਲ ਖੜ੍ਹੇ ਕੀਤੇ ਗਏ। ਇਹ ਸ਼ਾਇਦ ਕਈ ਦਹਾਕਿਆਂ ਵਿਚ ਪਹਿਲੀ ਵਾਰ ਹੋਇਆ ਕਿ ਤਥਾਕਥਿਤ ਆਰਥਿਕ ਸੁਧਾਰਾਂ ਦੇ ਵਿਰੋਧ ਦੇ ਮਾਨਵਵਾਦੀ ਖ਼ਾਸੇ ਨੂੰ ਆਪਣੀ ਪਛਾਣ ਮਿਲੀ। ਅੰਦੋਲਨ ਲੋਕਾਂ ਦੇ ਮਨਾਂ ਵਿਚ ਕਾਰਪੋਰੇਟ-ਪੱਖੀ ਵਿਕਾਸ ਦੁਆਰਾ ਸਮਾਜ ਵਿਚ ਪੈਦਾ ਕੀਤੇ ਜਾ ਰਹੇ ਅਸਾਵੇਂਪਣ ਨੂੰ ਸਹੀ ਰੌਸ਼ਨੀ ਵਿਚ ਪੇਸ਼ ਕਰਨ ਵਿਚ ਕਾਮਯਾਬ ਹੋਇਆ ਹੈ। ਬਹੁਤ ਸਾਰੇ ਅਰਥ ਸ਼ਾਸਤਰੀ ਮੀਡੀਆ ਦੇ ਇਕ ਹਿੱਸੇ ਰਾਹੀਂ ਇਹ ਸਵਾਲ ਕਰ ਰਹੇ ਹਨ ਕਿ ਸਰਕਾਰ ਆਰਥਿਕ ਸੁਧਾਰ ਕਰਨ ਲਈ ਕਦਮ ਤਾਂ ਚੁੱਕਦੀ ਹੈ ਪਰ ਵਿਰੋਧ ਹੋਣ ’ਤੇ ਉਹ ਕਦਮ ਵਾਪਸ ਲੈ ਲੈਂਦੀ ਹੈ। ਇਨ੍ਹਾਂ ਅਰਥ ਸ਼ਾਸਤਰੀਆਂ ਦੀ ਬੌਧਿਕ ਸਿਖਲਾਈ ਵਿਚ ਵਿਸ਼ਵ ਵਪਾਰ ਸੰਸਥਾ (ਡਬਲਿਊਟੀਓ), ਵਿਸ਼ਵ ਬੈਂਕ ਅਤੇ ਕੌਮਾਂਤਰੀ ਵਿੱਤੀ ਫੰਡ (ਆਈਐੱਮਐੱਫ਼) ਜਿਹੀਆਂ ਸੰਸਥਾਵਾਂ ਦੁਆਰਾ ਪ੍ਰਚਾਰੇ ਜਾਂਦੇ ਵਿਚਾਰਾਂ ਅਤੇ ਸਿਧਾਂਤਾਂ ਦੀ ਜਕੜ ਸਾਫ਼ ਦਿਖਾਈ ਦਿੰਦੀ ਹੈ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਵਿਕਾਸ ਦਾ ਇਕੋ ਇਕ ਰਾਹ ਹੈ: ਵੱਧ ਤੋਂ ਵੱਧ ਕਿਸਾਨਾਂ ਨੂੰ ਖੇਤੀ ਖੇਤਰ ਤੋਂ ਬਾਹਰ ਕਰਨਾ ਅਤੇ ਕਾਰਪੋਰੇਟੀ ਵਿਕਾਸ ਮਾਡਲ ਨੂੰ ਸੁਰੱਖਿਅਤ ਕਰਨਾ। ਕਿਸਾਨ ਅੰਦੋਲਨ ਦੀ ਜਿੱਤ ਤੋਂ ਪੈਦਾ ਹੋਏ ਬਿਰਤਾਂਤ ਨੂੰ ਇਸ ਵਿਰੋਧੀ ਬਿਰਤਾਂਤ ਨਾਲ ਲੜਨਾ ਪੈਣਾ ਹੈ। ਅੰਦੋਲਨ ਨੇ ਦੇਸ਼ ਦੀ ਸਿਆਸਤ ’ਤੇ ਵੀ ਵੱਡਾ ਪ੍ਰਭਾਵ ਪਾਇਆ ਹੈ। ਕਿਸਾਨ ਆਗੂਆਂ ਦੁਆਰਾ ਸਿਆਸੀ ਆਗੂਆਂ ਨੂੰ ਅੰਦੋਲਨ ਤੋਂ ਬਾਹਰ ਰੱਖਣ ਦੇ ਫ਼ੈਸਲੇ ਨੇ ਇਸ ਸੰਘਰਸ਼ ਵਿਚ ਨਿਰਣਾਇਕ ਭੂਮਿਕਾ ਨਿਭਾਈ ਹੈ ਪਰ ਸਿਆਸਤ ਨੂੰ ਸਮਾਜਿਕ ਜ਼ਿੰਦਗੀ ’ਚੋਂ ਖਾਰਜ ਨਹੀਂ ਕੀਤਾ ਜਾ ਸਕਦਾ। ਜਿੱਤ ਦੇ ਸਕਾਰਾਤਮਕ ਪਹਿਲੂਆਂ ਨੇ ਦੇਸ਼ ਦੀ ਸਿਆਸਤ ’ਤੇ ਵੱਡੇ ਪ੍ਰਭਾਵ ਪਾਏ ਹਨ। ਇਹ ਆਉਣ ਵਾਲੇ ਦਿਨ ਹੀ ਦੱਸਣਗੇ ਕਿ ਇਹ ਪ੍ਰਭਾਵ ਅਮਲੀ ਰੂਪ ਵਿਚ ਸਿਆਸਤ ਦੀ ਰੰਗਤ ਨੂੰ ਕਿਵੇਂ ਬਦਲਦੇ ਹਨ। ਲੋਕਾਂ ਨੂੰ ਆਸ ਹੈ ਕਿ ਪੰਜ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਅੰਦੋਲਨ ਤੋਂ ਪੈਦਾ ਹੋਈ ਚੇਤਨਾ ਆਪਣਾ ਪ੍ਰਭਾਵ ਕਾਇਮ ਕਰਨ ਵਿਚ ਸਫ਼ਲ ਹੋਵੇਗੀ। ਪੰਜਾਬ ਵਿਚ ਇਸ ਅੰਦੋਲਨ ਦਾ ਜਨਮ ਭਾਵੇਂ ਤਿੰਨ ਖੇਤੀ ਆਰਡੀਨੈਂਸਾਂ (ਜੋ ਬਾਅਦ ਵਿਚ ਕਾਨੂੰਨ ਬਣ ਗਏ ਜਿਹੜੇ ਹੁਣ ਵਾਪਸ ਲੈ ਲਏ ਗਏ ਹਨ) ਦੇ ਵਿਰੋਧ ਤੋਂ ਸ਼ੁਰੂ ਹੋਇਆ ਸੀ ਪਰ ਅੰਦੋਲਨ ਦੌਰਾਨ ਜਿਣਸਾਂ ਦੀ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦ, ਅੰਦੋਲਨਕਾਰੀ ਕਿਸਾਨਾਂ ਵਿਰੁੱਧ ਦਰਜ ਹੋਏ ਕੇਸ ਅਤੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ੇ ਅਤੇ ਕਈ ਹੋਰ ਸੰਵੇਦਨਸ਼ੀਲ ਮੁੱਦੇ ਉੱਭਰੇ। ਜਿੱਥੇ ਅਸੀਂ ਸਾਰੇ ਅੰਦੋਲਨ ਦੀ ਜਿੱਤ ਦੇ ਖੇੜੇ ਵਿਚ ਸ਼ਾਮਲ ਹਾਂ, ਉੱਥੇ ਕਿਸਾਨ ਆਗੂ ਇਨ੍ਹਾਂ ਜਟਿਲ ਮੁੱਦਿਆਂ ਨੂੰ ਹੱਲ ਕਰਨ ਦਾ ਯਤਨ ਕਰ ਰਹੇ ਹਨ। ਇਨ੍ਹਾਂ ਦਾ ਹੱਲ ਵੀ ਉਨ੍ਹਾਂ ਦੀ ਏਕਤਾ, ਸਮੂਹਿਕ ਢੰਗ ਨਾਲ ਨਿਰਣੇ ਲੈਣ ਦੀ ਸਮਰੱਥਾ ਅਤੇ ਸੰਜਮ ਵਿਚੋਂ ਹੀ ਨਿਕਲਣਾ ਹੈ। ਲੋਕਾਂ ਦੇ ਮਨਾਂ ਵਿਚ ਇਸ ਮਹਾਨ ਅੰਦੋਲਨ ਦੇ ਆਖ਼ਰੀ ਦੌਰ ਦੀ ਨੁਹਾਰ ਦੇ ਸੁਪਨੇ ਸਮਾਏ ਹੋਏ ਹਨ; ਉਨ੍ਹਾਂ ਨੂੰ ਤਾਂਘ ਹੈ ਕਿ ਉਹ ਆਪਣੇ ਨਾਇਕਾਂ ਦਾ ਏਨਾ ਮਾਣ-ਸਨਮਾਨ ਕਰਨ ਕਿ ਇਕ ਮਿਸਾਲ ਕਾਇਮ ਹੋ ਜਾਵੇ। ਇਸ ਵੇਲੇ ਅੰਦੋਲਨ ਆਖ਼ਰੀ ਦੌਰ ਦੀਆਂ ਸਮੱਸਿਆਵਾਂ ਨੂੰ ਸੂਝਮਈ ਢੰਗ ਨਾਲ ਸਿੱਝਦਾ ਹੋਇਆ ਲੋਕ-ਸ਼ਕਤੀ ਦੇ ਸਫ਼ਰ ’ਤੇ ਕਦਮ-ਦਰ-ਕਦਮ ਅੱਗੇ ਵਧ ਰਿਹਾ ਹੈ। ਲੋਕਾਈ ਦੇ ਹੱਕਾਂ ਦੀ ਜੰਗ ਵਿਚ ਇਸ ਅੰਦੋਲਨ ਦੀ ਜਿੱਤ ਅਹਿਮ ਪੜਾਅ ਹੈ ਜਿਸ ਨੇ ਇਸ ਜੰਗ ਨੂੰ ਸੰਗਰਾਮਮਈ ਨੈਣ-ਨਕਸ਼ ਦਿੱਤੇ ਹਨ। ਹੱਕ-ਸੱਚ ਦੀ ਲੜਾਈ ਬਹੁਤ ਲੰਮੀ ਅਤੇ ਚੁਣੌਤੀਆਂ ਭਰਪੂਰ ਹੈ। ਇਸ ਜਿੱਤ ਦੇ ਵੱਖ ਵੱਖ ਪਹਿਲੂਆਂ ਦੀਆਂ ਤੰਦਾਂ ਨੂੰ ਸੰਜਮ ਅਤੇ ਏਕਤਾਮਈ ਢੰਗ ਨਾਲ ਸਮੇਟਣ ਦੀ ਵੱਡੀ ਲੋੜ ਹੈ।
#ਸਵਰਾਜਬੀਰ -ਪੰਜਾਬੀ ਟ੍ਰਬਿਊਨ ਚ ਧੰਨਵਾਦ ਸਾਹਿਤ