ਹਾਂਗਕਾਂਗ (ਜੰਗ ਬਹਾਦਰ ਸਿੰਘ)- ਹਾਂਗਕਾਂਗ ਦੀ ਸੰਗਤ ਵਲੋਂ ਗੁਰਦੁਆਰਾ ਖ਼ਾਲਸਾ ਦੀਵਾਨ ਅਤੇ ਹਾਂਗਕਾਂਗ ਹਾਕੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਿੰਗਜ਼ ਪਾਰਕ ਖੇਡ ਗਰਾਊਂਡ ਵਿਖੇ 51ਵਾਂ ਗੁਰੂ ਨਾਨਕ ਕੱਪ ਹਾਕੀ ਟੂਰਨਾਮੈਂਟ ਕਰਵਾਇਆ ਗਿਆ | ਇਸ ਮੁਕਾਬਲੇ ਵਿਚ ਖ਼ਾਲਸਾ ਸਪੋਰਟਸ ਕਲੱਬ ਵਲੋਂ ਕੇ.ਐੱਨ.ਐੱਸ. ਕਲੱਬ ਨੂੰ ਫਸਵੀਂ ਟੱਕਰ ਦੌਰਾਨ 5-4 ਨਾਲ ਹਰਾ ਕੇ 51ਵੇਂ ਗੁਰੂ ਨਾਨਕ ਕੱਪ ‘ਤੇ ਕਬਜ਼ਾ ਕੀਤਾ ਗਿਆ | ਪਲੇਟ ਦੇ ਹੋਏ ਮੁਕਾਬਲੇੇ ਵਿੱਚ ਨਵ ਭਾਰਤ ਸਪੋਰਟਸ ਕਲੱਬ ਵਲੋਂ ਐਂਟਲਰ ਕਲੱਬ ਨੂੰ ਮਾਤ ਦੇ ਕੇ ਪਲੇਟ ‘ਤੇ ਫ਼ਤਹਿ ਹਾਸਲ ਕੀਤੀ ਗਈ | ਟੂਰਨਾਮੈਂਟ ਦੇ ਪ੍ਰਬੰਧਕਾਂ ਵਿੱਚੋਂ ਨਵਤੇਜ ਸਿੰਘ ਅਟਵਾਲ ਨੇ ਦੱਸਿਆ ਕਿ ਬੀਤੇ ਵਰ੍ਹੇ ਕੋਵਿਡ-19 ਦੀ ਮਹਾਂਮਾਰੀ ਦੇ ਪ੍ਰਕੋਪ ਕਾਰਨ ਇਹ ਟੂਰਨਾਮੈਂਟ ਰੱਦ ਕਰਨਾ ਪਿਆ ਸੀ ਅਤੇ ਇਸ ਵਰ੍ਹੇ ਇਸ ਇਤਿਹਾਸਕ 51ਵੇਂ ਹਾਕੀ ਮੁਕਾਬਲੇ ਲਈ ਕੱਪ ਲਈ 6 ਪ੍ਰੀਮੀਅਰ ਹਾਕੀ ਟੀਮਾਂ ਅਤੇ ਪਲੇਟ ਲਈ 11 ਹਾਕੀ ਟੀਮਾਂ ਵਲੋਂ ਜ਼ਬਰਦਸਤ ਖੇਡ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਹਾਂਗਕਾਂਗ ਦੇ ਉੱਘੇ ਵਪਾਰੀ ਮਹਿੰਦਰ ਸਿੰਘ ਕਾਲਰਾ ਵਲੋਂ ਬਤੌਰ ਮੁੱਖ ਮਹਿਮਾਨ ਅਤੇ ਬਤੌਰ ਗੈਸਟ ਆਫ਼ ਆਨਰ ਹੈੱਡ ਗ੍ਰੰਥੀ ਗਿਆਨੀ ਦਲਜੀਤ ਸਿੰਘ ਖ਼ਾਲਸਾ ਦੀਵਾਨ ਹਾਂਗਕਾਂਗ, ਬੋਰਡ ਚੇਅਰਮੈਨ ਅਮਰਜੀਤ ਸਿੰਘ ਸਿੱਧੂ, ਪ੍ਰਧਾਨ ਭਗਤ ਸਿੰਘ, ਸਕੱਤਰ ਜਗਰੂਪ ਸਿੰਘ, ਬਿਲਡਿੰਗ ਕਨਵੀਨਰ ਗੁਰਦੇਵ ਸਿੰਘ ਗਾਲਬ, ਹਾਕੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਬਿਲੀ ਢਿੱਲੋਂ ਅਤੇ ਡਾ. ਐਲਨ ਜ਼ੇਮਜ ਨੇ ਸ਼ਿਰਕਤ ਕਰਦਿਆਂ ਖਿਡਾਰੀਆਂ ਨੂੰ ਸਨਮਾਨ ਭੇਂਟ ਕੀਤੇ । ਟੂਰਨਾਮੈਂਟ ਨੂੰ ਕਾਮਯਾਬ ਕਰਨ ਵਿਚ ਗੁਰਚਰਨ ਸਿੰਘ ਗਾਲਬ, ਪਰਮਿੰਦਰ ਗਰੇਵਾਲ, ਗੁਰਦੀਪ ਜਵੱਦੀ, ਮੂਲਾ ਸਿੰਘ ਅਤੇ ਜੱਸੀ ਗਿੱਲ ਦਾ ਵਿਸ਼ੇਸ਼ ਯੋਗਦਾਨ ਰਿਹਾ |
ਇਸ ਮੌਕੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਨਾਲ ਸਬੰਧਤ ਆਕਰਸ਼ਕ ਸਲੋਗਨ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਲਗਾਏ ਗਏ, ਜਿੰਨਾ ਨਾਲ ਵਿਦੇਸ਼ੀ ਦੇਸ਼ਾਂ ਨਾਲ ਸਬੰਧਤ ਭਾਈਚਾਰੇ ਵਲੋਂ ਫੋਟੋਆਂ ਖਿਚਵਾ ਕੇ ਮਾਣ ਮਹਿਸੂਸ ਕੀਤਾ ਗਿਆ।