ਮਨੁੱਖ ਦਾ ਇੱਕ ਥਾਂ ਤੋਂ ਦੂਜੀ ਥਾਂ ਉਪਰ ਪੱਕਾ ਟਿਕਾਣਾ ਬਣਾਉਣ ਖ਼ਾਤਰ ਜਾਣਾ ਪਰਵਾਸ ਅਖਵਾਉਂਦਾ ਹੈ। ਇਹ ਇੱਕ ਦੇਸ਼ ਤੋਂ ਦੂਜੇ ਦੇਸ਼ ਵੱਲ ਲੰਮੀਆਂ ਦੂਰੀਆਂ ਜਾਂ ਛੋਟੀਆਂ ਦੂਰੀਆਂ ਤੈਅ ਕਰਨਾ ਹੋ ਸਕਦਾ ਹੈ। ਪਰਵਾਸ ਪਰਿਵਾਰ ਸਮੇਤ ਜਾਂ ਪਰਿਵਾਰ ਤੋਂ ਬਿਨਾਂ ਇਕੱਲੇ ਮਨੁੱਖ ਦਾ ਹੋ ਸਕਦਾ ਹੈ। ਅੰਦਰੂਨੀ ਪਰਵਾਸ ਕਿਸੇ ਦੇਸ਼ ਅੰਦਰ ਇੱਕ ਥਾਂ ਤੋਂ ਦੂਜੀ ਥਾਂ ਹੁੰਦਾ ਹੈ, ਪਰ ਖਾਨਾਬਦੋਸ਼ ਜਾਂ ਵਣਜਾਰੇ ਲੋਕਾਂ ਦਾ ਇੱਕ ਤੋਂ ਦੂਜੀ ਥਾਂ ਜਾਣਾ ਪਰਵਾਸ ਨਹੀਂ ਹੁੰਦਾ ਕਿਉਂ ਜੋ ਉਹ ਆਪਣੇ ਜਾਂ ਆਪਣੇ ਜਾਨਵਰਾਂ ਲਈ ਭੋਜਨ ਦੀ ਭਾਲ ਵਿੱਚ ਅਕਸਰ ਥਾਂ ਬਦਲਦੇ ਰਹਿੰਦੇ ਹਨ। ਮੌਸਮ ਮੁਤਾਬਿਕ ਭੋਜਨ ਦੀ ਉਪਲੱਬਧਤਾ ਵਿੱਚ ਫ਼ਰਕ ਪੈਂਦਾ ਹੀ ਰਹਿੰਦਾ ਹੈ। ਪਰਵਾਸ ਦਾ ਕੋਈ ਵੀ ਕਾਰਨ ਹੋ ਸਕਦਾ ਹੈ। ਆਮ ਤੌਰ ’ਤੇ ਘੱਟ ਵਿਕਸਤ ਦੇਸ਼ਾਂ ਤੋਂ ਵਧੇਰੇ ਵਿਕਸਤ ਦੇਸ਼ਾਂ ਵੱਲ ਮਜ਼ਦੂਰੀ ਲਈ ਪਰਵਾਸ ਕੀਤਾ ਜਾਂਦਾ ਹੈ। ਵਧੇਰੇ ਕਮਾਈ ਕਰ ਕੇ ਆਪਣੇ ਖ਼ਰਚਿਆਂ ਨੂੰ ਸੀਮਿਤ ਕਰ ਕੇ ਬੱਚਤ ਕੀਤੀ ਜਾਂਦੀ ਹੈ। ਇਹ ਬਚਾਈ ਹੋਈ ਰਕਮ ਪਿੱਛੇ ਆਪਣੇ ਦੇਸ਼ ਵਿੱਚ ਰਹਿੰਦੇ ਪਰਿਵਾਰ ਦੇ ਆਰਥਿਕ ਸੁਧਾਰ ਲਈ ਭੇਜੀ ਜਾਂਦੀ ਹੈ ਤਾਂ ਜੋ ਪਰਿਵਾਰ ਦੇ ਬਾਕੀ ਮੈਂਬਰ ਆਪਣਾ ਜੀਵਨ ਪੱਧਰ ਸੁਧਾਰ ਸਕਣ। ਉਨ੍ਹਾਂ ਨੂੰ ਕੰਮ ਸ਼ੁਰੂ ਕਰਨ ਲਈ ਰਕਮ ਦਿੱਤੀ ਜਾਂਦੀ ਹੈ ਤਾਂ ਜੋ ਬੇਰੁਜ਼ਗਾਰ ਨਾ ਰਹਿ ਕੇ ਕੰਮ ਵਿੱਚ ਲੱਗ ਜਾਣ ਤੇ ਪਰਿਵਾਰ ਦੀ ਦਸ਼ਾ ਸੁਧਰ ਜਾਵੇ। ਉਚੇਰੀ ਪੜ੍ਹਾਈ ਕਰਨ ਅਤੇ ਪੜ੍ਹਾਈ ਉਪਰੰਤ ਕੰਮ ਲੱਭਣ ਖ਼ਾਤਰ ਵੀ ਪਰਵਾਸ ਕੀਤਾ ਜਾਂਦਾ ਰਿਹਾ ਹੈ।
ਰੁਜ਼ਗਾਰ ਦੇ ਚੰਗੇ ਸਾਧਨਾਂ ਦੀ ਪ੍ਰਾਪਤੀ ਜਾਂ ਆਪਣਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਕੋਈ ਵਿਅਕਤੀ ਪਰਦੇਸ ਜਾ ਬੈਠਦਾ ਹੈ ਤਾਂ ਉਹ ਆਪਣੇ ਦੇਸ਼ ਵਾਸੀਆਂ ਲਈ ਪਰਦੇਸੀ ਹੋ ਜਾਂਦਾ ਹੈ। ਉਹ ਮੁੜ ਆਪਣੀ ਧਰਤੀ ਨਾਲ ਜੁੜ ਜਾਣ ਦੀ ਇੱਛਾ ਰੱਖਦਾ ਹੈ। ਉਸ ਦੀ ਇਹ ਲੋਚਾ ਆਪਣੇ ਘਰ ਪਰਿਵਾਰ ਅਤੇ ਜਨਮ ਭੂਮੀ ਨਾਲ ਮੋਹ ਕਾਰਨ ਹੁੰਦੀ ਹੈ। ਭਾਵੇਂ ਕੁਝ ਆਰਥਿਕ ਤੌਰ ’ਤੇ ਕਮਜ਼ੋਰ ਲੋਕ ਆਪਣੇ ਪਰਿਵਾਰਕ ਜੀਆਂ ਨੂੰ ਪਰਦੇਸ ਭੇਜਣ ਦੀ ਇੱਛਾ ਨਹੀਂ ਰੱਖਦੇ। ਉਹ ਆਪਣੀ ਔਲਾਦ ਦੇ ਪਰਵਾਸ ਨੂੰ ਤਰਜੀਹ ਨਾ ਦੇ ਕੇ ਆਪਣੇ ਖੰਭਾਂ ਹੇਠ ਹੀ ਰੱਖਣਾ ਪਸੰਦ ਕਰਦੇ ਹਨ। ਉਮਰ ਵਿੱਚ ਵਾਧਾ ਹੋਣ ਨਾਲ ਉਨ੍ਹਾਂ ਦੀ ਔਲਾਦ ਉਪਰ ਨਿਰਭਰਤਾ ਦਾ ਪੱਧਰ ਬਦਲਦਾ ਰਹਿੰਦਾ ਹੈ। ਉਨ੍ਹਾਂ ਦੀਆਂ ਮੋਹ ਮਾਇਆ ਦੀਆਂ ਤੰਦਾਂ ਪਰਦੇਸ ਜਾਣ ਤੋਂ ਰੋਕਦੀਆਂ ਹੀ ਰਹਿੰਦੀਆਂ ਹਨ।
ਵਿਦੇਸ਼ਾਂ ਦੀ ਚਕਾਚੌਂਧ ਕਾਰਨ ਨੌਜੁਆਨ ਪੀੜ੍ਹੀ ਉੱਥੇ ਜਾ ਕੇ ਵਸਣ ਲਈ ਬਜ਼ਿਦ ਹੈ ਅਤੇ ਖ਼ੁਸ਼ੀਆਂ ਖੇੜਿਆਂ ਭਰਿਆ ਜੀਵਨ ਬਤੀਤ ਕਰਨਾ ਲੋਚਦੀ ਹੈ, ਪਰ ਮਾਪੇ ਪਾਸਪੋਰਟ ਬਣਨ ਦੀ ਕਿਰਿਆ ਦੇ ਸ਼ੁਰੂ ਹੋਣ ਤੋਂ ਇਸ ਦੇ ਬਣ ਜਾਣ ਤਕ ਦੁਆ ਕਰਦੇ ਰਹਿੰਦੇ ਹਨ:
ਗੁੰਮ ਹੋ ਜਾਏ ਵੇ ਪੁੱਤਰ ਪਾਸਪੋਰਟ ਤੇਰਾ,
ਤੇਰੇ ਬਿਨ ਦਿਲ ਚੰਨ ਲੱਗਣਾ ਨਹੀਂ ਮੇਰਾ।
ਦੇਊਗਾ ਰਿਜਕ ਰੱਬ ਘਰੇ ਹੀ ਬਥੇਰਾ,
ਬੁੱਢੀ ਮਾਂ ਦੀ ਵੀ ਤੱਕ ਲੈ ਵਰ੍ਹੇਸ ਨੂੰ,
ਨਾ ਜਾ ਵੇ ਪੁੱਤਰਾ ਨਾ ਜਾ,
ਨਾ ਜਾ ਵੇ ਤੂੰ ਪਰਦੇਸ ਨੂੰ।
ਭਾਰਤ ਦੇ ਲੋਕਾਂ ਵੱਲੋਂ ਵੀ ਵਿਦੇਸ਼ ਜਾਣ ਦਾ ਮੁੱਖ ਕਾਰਨ ਆਰਥਿਕ ਹੀ ਸੀ। ਦੱਖਣ ਦੇ ਗ਼ਰੀਬ ਤਾਮਿਲ ਅਤੇ ਮਲਿਆਲੀ ਕਾਮਿਆਂ ਨੇ ਖੇਤ ਮਜ਼ਦੂਰਾਂ ਦੇ ਤੌਰ ’ਤੇ ਬਰਤਾਨਵੀ ਹਕੂਮਤ ਹੇਠਲੇ ਏਸ਼ਿਆਈ ਅਤੇ ਅਫ਼ਰੀਕੀ ਦੇਸ਼ਾਂ ਵਿੱਚ ਪਰਵਾਸ ਕੀਤਾ ਸੀ। ਉਨ੍ਹਾਂ ਨੇ ਪੰਜਾਬੀਆਂ ਵਾਂਗ ਅਮਰੀਕਾ ਜਿਹੇ ਵਿਕਸਤ ਸਰਮਾਏਦਾਰੀ ਮੁਲਕ ਜਾਂ ਕੈਨੇਡਾ ਦੀ ਬਰਤਾਨਵੀ ਬਸਤੀ ਵੱਲ ਵਹੀਰਾਂ ਨਹੀਂ ਘੱਤੀਆਂ ਸਨ। ਉਨ੍ਹੀਵੀਂ ਸਦੀ ਦੇ ਮਗਰਲੇ ਅੱਧ ਦੌਰਾਨ ਵਧੇ ਹੋਏ ਟੈਕਸਾਂ, ਆਬਿਆਨੇ ਜਾਂ ਜ਼ਮੀਨ ਦੀ ਵੰਡ ਹੋਣ ਅਤੇ ਸ਼ਾਹੂਕਾਰਾਂ ਦੇ ਕਰਜ਼ਿਆਂ ਕਾਰਨ ਪੰਜਾਬੀ ਕਿਰਸਾਨੀ ਦੀ ਮਾਇਕ ਹਾਲਤ ਵਿੱਚ ਵਿਗਾੜ ਆ ਗਿਆ ਸੀ। ਵਿਗਾੜ ਦੇ ਕਾਰਨਾਂ ਦੀ ਵਿਸਥਾਰਤ ਸਮੀਖਿਆ ਕਰਨ ’ਤੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਮੁੱਖ ਕਾਰਨਾਂ ਵਿੱਚ 1860 ਵਿੱਚ ਅੰਗਰੇਜ਼ਾਂ ਵੱਲੋਂ ਕੀਤੇ ਗਏ ਜ਼ਮੀਨੀ ਬੰਦੋਬਸਤ, ਜ਼ਮੀਨੀ ਮਾਲੀਏ ਦੀ ਨਕਦ ਅਦਾਇਗੀ, ਜ਼ਮੀਨ ਵੇਚਣ ਅਤੇ ਖ਼ਰੀਦਣ ਦੇ ਅਧਿਕਾਰ ਸ਼ਾਮਲ ਹਨ। ਵਾਹੀਵਾਨਾਂ ਲਈ ਇਹ ਬਹੁਤ ਹੀ ਨੁਕਸਾਨਦਾਇਕ ਸਾਬਿਤ ਹੋਏ। ਕੱਪੜਾ ਅਤੇ ਖੇਤੀ ਦੇ ਸੰਦ ਬਣਾ ਕੇ ਰੋਜ਼ੀ ਰੋਟੀ ਦਾ ਜੁਗਾੜ ਕਰਨ ਵਾਲੇ ਪੇਂਡੂ ਦਸਤਕਾਰ ਬਰਤਾਨੀਆ ਦੇ ਕਾਰਖਾਨਿਆਂ ਤੇ ਮਸ਼ੀਨਾਂ ਵਿੱਚ ਬਣੇ ਮਾਲ ਦਾ ਮੁਕਾਬਲਾ ਨਾ ਕਰ ਸਕੇ। ਮਜਬੂਰੀ ਵਿੱਚ ਉਨ੍ਹਾਂ ਨੂੰ ਵੀ ਖੇਤੀ ਦੇ ਕੰਮ ਉਪਰ ਨਿਰਭਰ ਹੋਣਾ ਪਿਆ। ਸਿੱਟੇ ਵਜੋਂ 1872-73 ਤੋਂ 1902-03 ਤਕ ਵੀਹ ਸਾਲਾਂ ਵਿੱਚ ਮੁਜਾਰਿਆਂ ਦੀ ਗਿਣਤੀ ਵਧ ਕੇ ਪੰਜ ਗੁਣਾ ਹੋ ਗਈ ਅਤੇ ਪ੍ਰਤੀ ਹਲ ਹੇਠ ਰਕਬਾ 8 ਤੋਂ 12 ਏਕੜ ਦੀ ਥਾਂ 3 ਤੋਂ 8 ਏਕੜ ਹੋ ਗਿਆ। ਜ਼ਮੀਨਾਂ ਘੱਟ ਹੋਣ ਕਾਰਨ ਮਾਲਕਾਂ ਲਈ ਮਾਲੀਆ ਤਾਰਨ ਦੀ ਔਕੜ ਹੋ ਗਈ। ਉਹ ਹੌਲੀ ਹੌਲੀ ਕਰਜ਼ੇ ਹੇਠ ਦਬਦੇ ਗਏ ਅਤੇ ਜ਼ਮੀਨ ਨੂੰ ਸ਼ਾਹੂਕਾਰਾਂ ਕੋਲ ਵੇਚ ਕੇ ਹੋਰ ਰੁਜ਼ਗਾਰ ਲੱਭਣ ਲਈ ਮਜਬੂਰ ਹੋ ਗਏ। ਪੈਦਾਵਾਰ ਘੱਟ ਹੋਣ ਕਾਰਨ ਕਰਜ਼ੇ ਦੀ ਅਦਾਇਗੀ ਨਾ ਹੋ ਸਕੀ ਅਤੇ ਸ਼ਾਹੂਕਾਰ ਜ਼ਮੀਨ ਉਪਰ ਕਬਜ਼ਾ ਕਰਨ ਲੱਗ ਪਏ। ਉਨ੍ਹਾਂ ਕੋਲ ਜ਼ਮੀਨ ਗਹਿਣੇ ਕਰਨ ਜਾਂ ਵੇਚਣ ਤੋਂ ਬਿਨਾਂ ਕੋਈ ਚਾਰਾ ਨਾ ਰਿਹਾ। ਜਿਸ ਜ਼ਮੀਨ ਉਪਰ ਮਿਹਨਤ ਕਰਕੇ ਆਪਣਾ ਤੋਰੀ ਫੁਲਕਾ ਤੋਰ ਰਹੇ ਸਨ ਉਹ ਜ਼ਮੀਨ ਭਾਰੀ ਕਰਜ਼ਿਆਂ ਕਾਰਨ ਸ਼ਾਹੂਕਾਰ ਜਾਂ ਧਨੀ ਕਿਸਾਨ ਦੇ ਕਬਜ਼ੇ ਵਿੱਚ ਆ ਗਈ। 1901 ਤੋਂ 1909 ਤਕ ਲਗਭਗ ਢਾਈ ਕਰੋੜ ਏਕੜ ਤੋਂ ਵੱਧ ਜ਼ਮੀਨ ਗਹਿਣੇ ਪੈ ਚੁੱਕੀ ਸੀ।
ਜ਼ਮੀਨ ਦੇ ਗਾਹਕਾਂ ਦੀ ਗਿਣਤੀ ਵਿੱਚ ਵਾਧੇ ਦਾ ਇੱਕ ਕਾਰਨ ਹੋਰ ਵੀ ਸੀ। ਸਰਮਾਏਦਾਰੀ ਪ੍ਰਬੰਧ ਨਾਲ ਜੁੜਨ ਦਾ ਇਹ ਅਸਰ ਵੀ ਹੋਇਆ ਕਿ ਜ਼ਮੀਨ ਹੁਣ ਹੋਰਨਾਂ ਵਸਤਾਂ ਵਾਂਗ ਖ਼ਰੀਦੀ ਅਤੇ ਵੇਚੀ ਜਾਣ ਵਾਲੀ ਵਸਤੂ ਬਣ ਗਈ। ਅੰਗਰੇਜ਼ੀ ਰਾਜ ਤੋਂ ਪਹਿਲਾਂ ਵੀ ਖੇਤੀ ਦੇ ਲਾਇਕ ਜ਼ਮੀਨ ਵੇਚੇ ਜਾਣ ਦੀਆਂ ਮਿਸਾਲਾਂ ਮਿਲਦੀਆਂ ਹਨ, ਪਰ ਇਹ ਬਹੁਤ ਘੱਟ ਸਨ। ਇਸ ਦਾ ਕਾਰਨ ਜ਼ਮੀਨ ਦੀਆਂ ਘੱਟ ਕੀਮਤਾਂ ਸਨ। ਅੰਗਰੇਜ਼ੀ ਰਾਜ ਸਮੇਂ ਜ਼ਮੀਨ ਕਾਸ਼ਤਕਾਰਾਂ ਹੱਥੋਂ ਨਿਕਲ ਕੇ ਗੈਰ-ਕਾਸ਼ਤਕਾਰਾਂ ਦੇ ਹੱਥ ਜਾਣ ਲੱਗੀ ਅਤੇ ਕਿਸਾਨ, ਮਾਲਕ ਦੀ ਥਾਂ ਮੁਜਾਰੇ ਬਣ ਗਏ।
ਬਰਤਾਨਵੀ ਸਰਕਾਰ ਦੀ ਭਾਰਤ ਵਿੱਚ ਖੇਤੀ ਦੀ ਸਮੱਸਿਆ ਨੂੰ ਸੁਧਾਰਨ ਵਿੱਚ ਕੋਈ ਦਿਲਚਸਪੀ ਨਜ਼ਰ ਨਹੀਂ ਆ ਰਹੀ ਸੀ। ਬਰਤਾਨਵੀ ਹਕੂਮਤ ਆਪਣੇ ਹਿੱਤਾਂ ਖ਼ਾਤਰ ਭਾਰਤੀ ਸਨਅਤ ਨੂੰ ਖ਼ਤਮ ਕਰਨ ਵਿੱਚ ਰੁਚੀ ਰੱਖਦੀ ਸੀ। ਇਸ ਲਈ ਖੇਤੀ ਉਪਰ ਨਿਰਭਰਤਾ ਵਧ ਗਈ। ਉਸ ਵੇਲੇ ਬਰਤਾਨਵੀ ਸਰਕਾਰ ਵੱਲੋਂ ਪੈਦਾ ਕੀਤੇ ਗਏ ਆਰਥਿਕ ਹਾਲਾਤ ’ਤੇ ਨਜ਼ਰ ਮਾਰਿਆਂ ਪਤਾ ਲੱਗ ਸਕਦਾ ਹੈ ਕਿ ਆਮ ਲੋਕ ਪਰਵਾਸ ਵੱਲ ਕਿਉਂ ਖਿੱਚੇ ਜਾ ਰਹੇ ਸਨ। ਪੰਜਾਹ ਸਾਲਾਂ ਦੌਰਾਨ ਛੇ ਭਿਆਨਕ ਕਾਲ ਪਏ। ਫ਼ਸਲਾਂ ਦੀ ਤਬਾਹੀ ਹੋਈ। ਘਰਾਂ ਵਿੱਚ ਖਾਣ ਜੋਗੇ ਦਾਣੇ ਤਾਂ ਆ ਨਹੀਂ ਰਹੇ ਸਨ, ਨਕਦ ਮਾਮਲਾ ਕਿਵੇਂ ਤਾਰਿਆ ਜਾ ਸਕਦਾ ਸੀ। 1904 ਦੀ ਰਿਪੋਰਟ ਮੁਤਾਬਿਕ 50 ਤੋਂ 70 ਫ਼ੀਸਦੀ ਲੋਕ ਪਲੇਗ ਨਾਲ ਮਰ ਗਏ। 1897 ਤੋਂ 1918 ਤਕ ਪਲੇਗ ਦੀ ਬਿਮਾਰੀ ਕਾਰਨ ਹਰ ਘਰ ਦੇ ਇੱਕ ਦੋ ਜੀਆਂ ਦਾ ਦੇਹਾਂਤ ਹੋ ਚੁੱਕਿਆ ਸੀ। ਇਨ੍ਹਾਂ 20 ਕੁ ਸਾਲਾਂ ਵਿੱਚ ਲਗਪਗ ਤੀਹ ਲੱਖ ਲੋਕ ਮੌਤ ਦਾ ਗ੍ਰਾਸ ਬਣੇ। ਸਰਕਾਰ ਅਤੇ ਅਫ਼ਸਰਾਂ ਦਾ ਆਮ ਲੋਕਾਂ ਪ੍ਰਤੀ ਵਰਤਾਉ ਬਹੁਤ ਮਾੜਾ ਸੀ। ਬਿਮਾਰੀ ਰੋਕਣ ਲਈ ਅੰਗਰੇਜ਼ ਕੁਲੈਕਟਰ ਦਾ ਹੁਕਮ ਸੀ ਕਿ ਜਿਨ੍ਹਾਂ ਘਰਾਂ ਵਿੱਚ ਬਿਮਾਰੀ ਹੈ ਉਹ ਘਰ ਹੀ ਢਾਹ ਦਿੱਤੇ ਜਾਣ। ਅਜਿਹੇ ਹਾਲਾਤ ਵਿੱਚੋਂ ਨਿਕਲ ਕੇ ਸਾਹ ਸੌਖਾ ਕਰਨ ਲਈ ਲੋਕ ਰੁਜ਼ਗਾਰ ਦੇ ਹੋਰ ਵਸੀਲੇ ਲੱਭਣ ਲੱਗੇ।
ਅੰਗਰੇਜ਼ਾਂ ਨੂੰ ਆਪਣੀਆਂ ਬਸਤੀਆਂ ਦੇ ਫੈਲਾਅ ਲਈ ਫ਼ੌਜੀ ਭਰਤੀ ਦੀ ਲੋੜ ਸੀ। ਸਰਕਾਰ ਨੇ ਇਸ ਲੋੜ ਦੀ ਪੂਰਤੀ ਲਈ ਪੰਜਾਬ ਦੇ ਸਿੱਖਾਂ ਨੂੰ ਭਰਤੀ ਕਰਨਾ ਸ਼ੁਰੂ ਕਰ ਦਿੱਤਾ। ਸਿੱਖਾਂ ਦੀ ਬਹਾਦਰੀ ਬਾਰੇ ਉਹ ਜਾਣਦੇ ਸਨ ਕਿਉਂ ਜੋ ਉਨ੍ਹਾਂ ਨੇ ਪੰਜਾਬੀਆਂ ਨਾਲ ਦੋ ਹੱਥ ਕਰ ਵੇਖੇ ਸਨ। ਇਸ ਤਰ੍ਹਾਂ ਪੰਜਾਬੀ ਕਿਸਾਨ ਅਤੇ ਦਸਤਕਾਰ ਆਪਣਾ ਦੇਸ਼ ਤੇ ਪਰਿਵਾਰ ਛੱਡ ਕੇ ਫ਼ੌਜ ਵਿੱਚ ਭਰਤੀ ਹੋਣ ਲੱਗੇ। ਉਨ੍ਹਾਂ ਨੂੰ ਫ਼ੌਜ ਵਿੱਚ ਭਰਤੀ ਹੋਣਾ ਕਰਜ਼ੇ ਲਾਹ ਸਕਣ ਦੇ ਢੰਗ ਵਾਂਗ ਜਾਪਿਆ। ਭੁੱਖੀ ਅਤੇ ਬਿਮਾਰ ਜ਼ਿੰਦਗੀ ਜਾਂ ਰੋਟੀ ਤੇ ਮੌਤ ਦੋਵਾਂ ਵਿਕਲਪਾਂ ਵਿੱਚੋਂ ਉਨ੍ਹਾਂ ਨੇ ਦੂਜੇ ਵਿਕਲਪ ਨੂੰ ਪਹਿਲ ਦਿੱਤੀ। ਇਸ ਮਗਰੋਂ ਪੰਜਾਬੀ ਲੋਕ ਬਰਮਾ, ਮਲਾਇਆ, ਹਾਂਗਕਾਂਗ, ਸਿੰਗਾਪੁਰ ਤੇ ਚੀਨ ਵਿੱਚ ਛੋਟੀਆਂ ਛੋਟੀਆਂ ਨੌਕਰੀਆਂ ’ਤੇ ਜਾ ਲੱਗੇ। ਉੱਥੋਂ ਦੀ ਪੁਲੀਸ ਵਿੱਚ ਵੀ ਭਰਤੀ ਹੋਏ। ਆਪਣੇ ਜੀਵਨ ਨੂੰ ਸੌਖਾ ਹੋਇਆ ਸਮਝ ਕੇ ਉਹ ਬਾਕੀ ਰਿਸ਼ਤੇਦਾਰਾਂ ਨੂੰ ਵੀ ਉੱਥੇ ਕੰਮ ਲਈ ਬੁਲਾਉਣ ਲੱਗੇ। ਇਸ ਤਰ੍ਹਾਂ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਹੋਇਆ। ਅਖ਼ਬਾਰਾਂ ਵਿੱਚ ਵਧ ਰਹੀ ਦਿਲਚਸਪੀ ਨਾਲ ਉਨ੍ਹਾਂ ਨੂੰ ਵੱਖ ਵੱਖ ਦੇਸ਼ਾਂ ਅੰਦਰ ਹੋ ਰਹੀਆਂ ਗਤੀਵਿਧੀਆਂ ਬਾਰੇ ਗਿਆਨ ਹੋਣ ਲੱਗਿਆ। ਇਸ ਤਰ੍ਹਾਂ ਜਦੋਂ ਉਨ੍ਹਾਂ ਨੂੰ ਅਮਰੀਕਾ ਕੈਨੇਡਾ ਵਿੱਚ ਰੇਲਵੇ ਲਈ ਮਜ਼ਦੂਰਾਂ ਦੀ ਮੰਗ ਸਬੰਧੀ ਪਤਾ ਲੱਗਾ ਕਿ ਮਜ਼ਦੂਰਾਂ ਨੂੰ ਚੰਗੀ ਮਜ਼ਦੂਰੀ ਦਿੱਤੀ ਜਾਵੇਗੀ ਤਾਂ ਨਵੀਂ ਚੁਣੌਤੀ ਲਈ ਤਿਆਰ ਹੋ ਕੇ ਇਨ੍ਹਾਂ ਦੇਸ਼ਾਂ ਵੱਲ ਰੁਖ਼ ਕਰ ਲਿਆ।
ਬ੍ਰਿਟਿਸ਼ਾਂ ਵੱਲੋਂ ਭਾਰਤ ਵਿੱਚੋਂ ਕੱਚਾ ਮਾਲ ਸਸਤੇ ਭਾਅ ਖ਼ਰੀਦ ਕੇ ਆਪਣੇ ਦੇਸ਼ ਲਿਜਾਇਆ ਜਾਂਦਾ ਸੀ ਅਤੇ ਉੱਥੋਂ ਤਿਆਰ ਮਾਲ ਭਾਰਤ ਵਿੱਚ ਮਹਿੰਗੇ ਭਾਅ ਵੇਚਿਆ ਜਾਂਦਾ ਸੀ। ਇਸ ਤਰ੍ਹਾਂ ਭਾਰਤੀ ਦੂਹਰੀ ਲੁੱਟ ਦਾ ਸ਼ਿਕਾਰ ਸਨ। ਪ੍ਰਾਪਤ ਵਸਤਾਂ ਦਾ ਮਿਆਰੀ ਹੋਣਾ ਵੀ ਜ਼ਰੂਰੀ ਨਹੀਂ ਸੀ। ਕੱਚੇ ਮਾਲ ਦੀ ਖ਼ਰੀਦ ਜਾਂ ਤਿਆਰ ਮਾਲ ਦੀ ਵੇਚ ਸਮੇਂ ਸ਼ਰਤਾਂ ਵੀ ਬਰਤਾਨਵੀ ਹਕੂਮਤ ਵੱਲੋਂ ਹੀ ਤੈਅ ਕੀਤੀਆਂ ਜਾਂਦੀਆਂ ਸਨ ਅਤੇ ਭਾਰਤੀਆਂ ਨੂੰ ਮਨਜ਼ੂਰ ਕਰਨੀਆਂ ਪੈਂਦੀਆਂ ਸਨ। ਘਟੀਆਂ ਕਿਸਮ ਦੀਆਂ ਵਸਤਾਂ ਵਰਤਣ ਕਾਰਨ ਹੈਜ਼ਾ, ਪਲੇਗ ਆਦਿ ਬਿਮਾਰੀਆਂ ਫੈਲ ਰਹੀਆਂ ਸਨ। ਇਨ੍ਹਾਂ ਬਿਮਾਰੀਆਂ ਕਾਰਨ ਮੌਤਾਂ ਦੀ ਗਿਣਤੀ ਦਾ ਹਿਸਾਬ ਰੱਖਣਾ ਵੀ ਮੁਸ਼ਕਿਲ ਹੀ ਸੀ। ਅਖ਼ਬਾਰੀ ਰਿਪੋਰਟਾਂ ਮੁਤਾਬਿਕ 50 ਮਹੀਨਿਆਂ ਵਿੱਚ ਇਨ੍ਹਾਂ ਬਿਮਾਰੀਆਂ ਕਾਰਨ ਲਗਭਗ 7,65,000 ਮਨੁੱਖੀ ਜਾਨਾਂ ਚਲੀਆਂ ਗਈਆਂ ਸਨ। ਲੋਕ ਭੁੱਖੇ ਮਰ ਰਹੇ ਸਨ, ਪਰ ਸਰਕਾਰ ਇਸ ਸਭ ਤੋਂ ਬੇਖ਼ਬਰ ਖਾਧ ਵਸਤਾਂ ਬਰਾਮਦ ਕਰ ਰਹੀ ਸੀ। ਡਾਕਟਰ ਜੇ.ਜੇ. ਸੰਡਰਲੈਂਡ ਨੇ ਅੰਕੜਿਆਂ ਰਾਹੀਂ ਇਹ ਸਿੱਧ ਕੀਤਾ ਕਿ ਭਾਰਤ ਵਿੱਚ ਕਾਲ ਦਾ ਕਾਰਨ ਵਰਖਾ ਦੀ ਅਣਹੋਂਦ ਜਾਂ ਵਧੇਰੇ ਵਸੋਂ ਦੀ ਬਜਾਏ ਬ੍ਰਿਟਿਸ਼ ਸਰਕਾਰ ਵੱਲੋਂ ਅਪਣਾਈ ਆਰਥਿਕ ਨੀਤੀ ਅਤੇ ਭਾਰਤੀ ਸਨਅਤ ਦੀ ਤਬਾਹੀ ਕਾਰਨ ਪੈਦਾ ਹੋਈ ਭਿਆਨਕ ਗ਼ਰੀਬੀ ਸੀ। ਤਕਰੀਬਨ ਹਰ ਸਾਲ 17,50,00,000 ਪੌਂਡ ਦੀ ਰਕਮ ਭਾਰਤ ਵਿੱਚੋਂ ਬਾਹਰ ਭੇਜੀ ਜਾਂਦੀ ਸੀ।
ਸਵਾਮੀ ਅਭੇਦਾਨੰਦ ਨੇ ਆਪਣੀ ਕਿਤਾਬ ‘ਭਾਰਤ ਤੇ ਓਹਦੇ ਲੋਕ’ ਵਿੱਚ ਲਿਖਿਆ ਸੀ ਕਿ ਭਾਰਤ ਨੇ ਇੰਗਲੈਂਡ ਦੇ ਕਰਜ਼ਿਆਂ ਉਪਰ 1900 ਵਿੱਚ 24,40,00,000 ਪੌਂਡ ਵਿਆਜ ਭੇਜਿਆ ਸੀ ਤੇ ਇਹ ਰਕਮ ਹਰ ਸਾਲ ਵਧਦੀ ਹੀ ਜਾ ਰਹੀ ਸੀ। ਇਸ ਤੋਂ ਬਿਨਾਂ ਭਾਰਤ ਸਾਰੇ ਸਿਵਿਲ ਅਤੇ ਫ਼ੌਜੀ ਅਫ਼ਸਰਾਂ, ਵਿਸ਼ਾਲ ਸਥਾਈ ਫ਼ੌਜ, ਅਫ਼ਸਰਾਂ ਦੀਆਂ ਪੈਨਸ਼ਨਾਂ, ਲੰਡਨ ਵਿੱਚ ਭਾਰਤੀ ਸਰਕਾਰੀ ਇਮਾਰਤਾਂ ਤੇ ਘਰ ਦੇ ਕੰਮ-ਕਾਜ ਕਰਨ ਵਾਲੇ ਸਭ ਕਰਮਚਾਰੀਆਂ ਦੀਆਂ ਤਨਖ਼ਾਹਾਂ ਦੀ ਚੱਟੀ ਵੀ ਭਰਦਾ ਹੈ। 1910-11 ਲਈ ਸਰਕਾਰੀ ਆਮਦਨ ਵਿੱਚੋਂ ਕੁੱਲ 35,69,71,410 ਪੌਂਡ ਦੇ ਖ਼ਰਚੇ ਦੀ ਵਸੂਲੀ ਕੀਤੀ ਗਈ ਸੀ ਜਿਸ ਵਿੱਚੋਂ 8,47,95,575 ਪੌਂਡ ਇੰਗਲੈਂਡ ਵਿੱਚ ਘਰੇਲੂ ਖ਼ਰਚ ਲਈ ਦਿੱਤੇ ਗਏ ਸਨ। ਇਸ ਵਿੱਚ ਭਾਰਤ ਵਿੱਚ ਯੂਰੋਪੀਨ ਅਫ਼ਸਰਾਂ ਦੀ ਤਨਖ਼ਾਹ ਅਤੇ ਬੱਚਤ ਦੇ ਇੰਗਲੈਂਡ ਨੂੰ ਭੇਜੇ ਪੈਸੇ ਸ਼ਾਮਿਲ ਨਹੀਂ ਸਨ।
ਭਾਰਤੀ ਸਰਕਾਰ ਲੋਕਾਂ ਕੋਲ ਬਚੇ ਥੋੜ੍ਹੇ ਬਹੁਤ ਪੈਸਿਆਂ ਨੂੰ ਵੀ ਨਿਚੋੜਨ ਦੀ ਨੀਅਤ ਨਾਲ ਸ਼ਰਾਬ ਅਤੇ ਅਫ਼ੀਮ ਦੀ ਤਸਕਰੀ ਨੂੰ ਵੀ ਉਤਸ਼ਾਹਿਤ ਕਰਦੀ ਸੀ। ਇਸ ਰਾਹੀਂ ਸਰਕਾਰ ਨੂੰ ਸ਼ਰਾਬ ਦੀਆਂ ਦੁਕਾਨਾਂ ਤੋਂ ਹੀ 90 ਲੱਖ ਡਾਲਰ ਮਿਲ ਜਾਂਦੇ ਸਨ। ਯੂਐੱਸਏ ਦੇ ਬਰਾਇਨ ਨੇ ਭਾਰਤ ਦੀ ਗ਼ਰੀਬੀ ਬਾਰੇ ਕਿਹਾ ਹੈ ਕਿ ਹਰ ਸਾਲ ਟੈਕਸਾਂ ਰਾਹੀਂ ਇਕੱਠੀ ਕੀਤੀ ਕੁੱਲ ਰਕਮ ਦਾ 40 ਫ਼ੀਸਦੀ ਭਾਗ ਜ਼ਮੀਨ ਤੋਂ ਹੀ ਇਕੱਠਾ ਕੀਤਾ ਜਾਂਦਾ ਹੈ ਤੇ ਟੈਕਸਾਂ ਦੀ ਦਰ ਇੰਨੀ ਹੈ ਕਿ ਫ਼ਸਲਾਂ ਚੰਗੀਆਂ ਵੀ ਹੋ ਜਾਣ ਤਾਂ ਵੀ ਕਿਸਾਨ ਇੰਨੀ ਬੱਚਤ ਨਹੀਂ ਕਰ ਸਕਦੇ ਕਿ ਮੰਦੀ ਫ਼ਸਲ ਸਮੇਂ ਰੱਜ ਕੇ ਰੋਟੀ ਖਾ ਸਕਣ। ਕੁੱਲ ਕਰ ਦਾ 10 ਫ਼ੀਸਦੀ ਹਿੱਸਾ ਲੂਣ ਤੋਂ ਇਕੱਠਾ ਕੀਤਾ ਜਾਂਦਾ ਹੈ ਜੋ ਹਰ ਪੌਂਡ ਮਗਰ 5-8 ਸੈਂਟ ਹੈ। ਇਹ ਲੂਣ ਦੀ ਮੁੱਢਲੀ ਕੀਮਤ ਦੇ ਟਾਕਰੇ ਭਾਰੀ ਨਹੀਂ ਹੈ, ਪਰ ਗ਼ਰੀਬਾਂ ਲਈ ਇਹੀ ਬਹੁਤ ਬੋਝਲ ਹੋ ਜਾਂਦਾ ਹੈ। ਭਾਰਤ ਵਿੱਚ ਲੋਕਾਂ ਦੀ ਗ਼ਰੀਬੀ ਅਤਿ ਦੀ ਹੱਦ ਤਕ ਦੁਖਦਾਈ ਹੈ ਕਿ ਕਰੋੜਾਂ ਲੋਕ ਹਰ ਵੇਲੇ ਹੀ ਭੁੱਖਮਰੀ ਦੀ ਕਗਾਰ ’ਤੇ ਖਲੋਤੇ ਰਹਿੰਦੇ ਹਨ।
ਜਨਵਰੀ 1914 ਵਿੱਚ ਬਰਤਾਨਵੀ ਨਾਗਰਿਕ ਸਰ ਜੌਹਨ ਰੌਬਰਟਸ ਨੇ ਆਖਿਆ ਸੀ: ਹਿੰਦੁਸਤਾਨ ਨੇ ਸਾਨੂੰ ਕੀ ਕੀ ਲਾਭ ਪਹੁੰਚਾਏ? ਪਹਿਲਾ ਇਹ ਕਿ ਇਸ ਨੇ ਇੱਕ ਛੋਟੇ ਜਿਹੇ ਟਾਪੂ ਇੰਗਲੈਂਡ ਨੂੰ ਵਧ ਕੇ ਸੰਸਾਰ ਦੀ ਸਭ ਤੋਂ ਵੱਡੀ ਸਲਤਨਤ ਬਣਾਇਆ ਤੇ ਇਸ ਨੂੰ ਸਿਆਣਪ, ਸ਼ਕਤੀ ਅਤੇ ਖ਼ੁਸ਼ੀ ਪ੍ਰਦਾਨ ਕੀਤੀ। ਸਾਰੀਆਂ ਰੈਜੀਮੈਂਟਾਂ ਹਿੰਦੁਸਤਾਨ ਵਿੱਚੋਂ ਹੀ ਬਣਾਈਆਂ ਗਈਆਂ। ਸਮੁੰਦਰੀ ਜਹਾਜ਼ ਭਾਰਤ ਵਿੱਚੋਂ ਲਿਆਂਦੀ ਦੌਲਤ ਨਾਲ ਤਿਆਰ ਕੀਤੇ ਗਏ। ਜੇ ਭਾਰਤ ਨਾ ਹੁੰਦਾ ਤਾਂ ਇੰਗਲੈਂਡ ਨੂੰ ਅੱਜ ਕਿਸੇ ਨਹੀਂ ਸੀ ਜਾਣਦੇ ਹੋਣਾ। ਐਡਨਬਰਾ, ਚੇਲਤਨਹੋਮ ਅਤੇ ਬਾਬ ਦੇ ਸ਼ਹਿਰ ਭਾਰਤੀ ਧਨ ਨਾਲ ਹੀ ਉਸਾਰੇ ਗਏ ਹਨ। ਅਸੀਂ ਭਾਰਤੀ ਵਪਾਰੀਆਂ ਅਤੇ ਭਾਰਤੀ ਧਨ ਦੇ ਬਲਬੂਤੇ ਹੀ ਨੈਪੋਲੀਅਨ ਬੋਨਾਪਾਰਟ ਵਿਰੁੱਧ ਲੜਨ ਦੇ ਯੋਗ ਹੋ ਸਕੇ ਸਾਂ। ਸਿਰਫ਼ ਭਾਰਤੀ ਧਨ ਦੀ ਸਹਾਇਤਾ ਨਾਲ ਹੀ ਅਸੀਂ ਉਸ ਨੂੰ ਹਰਾਉਣ ਅਤੇ ਬੰਨ੍ਹ ਕੇ ਅੰਧ ਮਹਾਂਸਾਗਰ ਦੇ ਇੱਕ ਟਾਪੂ ਵਿੱਚ ਵਾੜ ਸਕੇ ਸਾਂ। ਇੰਗਲੈਂਡ ਨੂੰ ਇਹ ਫ਼ਾਇਦੇ ਹਿੰਦੁਸਤਾਨ ਨੇ ਹੀ ਪਹੁੰਚਾਏ ਸਨ, ਪਰ ਭਾਰਤੀ ਲੋਕਾਂ ਨੂੰ ਆਪਣੀ ਸ਼ਕਤੀ ਦਾ ਅਹਿਸਾਸ ਨਹੀਂ ਹੈ।
ਇਸ ਤੋਂ ਇਹ ਸਪੱਸ਼ਟ ਹੈ ਕਿ ਹਿੰਦੁਸਤਾਨ ਦੇ ਲੋਕ ਇਨ੍ਹਾਂ ਤਿੰਨ ਮੁੱਖ ਕਾਰਨਾਂ ਕਰਕੇ ਆਪਣੀ ਮਾਤ-ਭੂਮੀ ਛੱਡ ਕੇ ਵਿਦੇਸ਼ ਜਾਣ ਲਈ ਤਿਆਰ ਹੋਏ ਸਨ:
1. ਉਹ ਜ਼ਮੀਨ ਦਾ ਮਾਲੀਆ ਅਤੇ ਸਰਕਾਰ ਦੇ ਹੋਰ ਸਿੱਧੇ ਅਸਿੱਧੇ ਟੈਕਸ ਅਦਾ ਕਰਨ ਦੇ ਯੋਗ ਨਹੀਂ ਸਨ।
2. ਉਹ ਬਹੁਤ ਸਾਰਾ ਧਨ ਕਮਾ ਕੇ ਸ਼ਾਹੂਕਾਰਾਂ ਦੇ ਕਰਜ਼ੇ ਉਤਾਰਨਾ ਚਾਹੁੰਦੇ ਸਨ ਜੋ ਉਨ੍ਹਾਂ ਉਪਰ ਭਾਰੀ ਬੋਝ ਬਣੇ ਹੋਏ ਸਨ।
3. ਉਹ ਆਪਣੇ ਜੀਵਨ ਦੇ ਆਰਥਿਕ ਹਾਲਾਤ ਨੂੰ ਸੁਧਾਰਨ ਦੇ ਚਾਹਵਾਨ ਸਨ।
ਅਜਿਹੀਆਂ ਮਜਬੂਰੀਆਂ ਕਾਰਨ ਉਨ੍ਹਾਂ ਨੂੰ ਆਪਣੇ ਘਰ-ਬਾਰ ਛੱਡ ਕੇ ਵਿਦੇਸ਼ਾਂ ਵਿੱਚ ਜਾਣਾ ਪਿਆ ਸੀ। ਨਹੀਂ ਤਾਂ ਉਨ੍ਹਾਂ ਨੂੰ ਵੀ ਬਰਤਾਨਵੀ ਫ਼ੌਜ ਵਿੱਚ ਹੀ ਭਰਤੀ ਹੋਣਾ ਪੈਣਾ ਸੀ। ਮੌਜੂਦਾ ਦੌਰ ਵਿੱਚ ਵੀ ਪਰਵਾਸ ਦੇ ਕੁਝ ਅਜਿਹੇ ਹੀ ਕਾਰਨ ਜਾਪਦੇ ਹਨ। ਜ਼ਮੀਨ ਦੀ ਪਰਿਵਾਰਕ ਵੰਡ ਸਦਕਾ ਜ਼ਮੀਨਾਂ ਘਟ ਗਈਆਂ ਹਨ ਅਤੇ ਪੈਦਾਵਾਰ ਵੀ ਘਰ ਦਾ ਗੁਜ਼ਾਰਾ ਚਲਾਉਣ ਜੋਗੀ ਨਹੀਂ ਹੁੰਦੀ। ਬੇਰੁਜ਼ਗਾਰੀ ਬਹੁਤ ਹੈ। ਪੜ੍ਹੇ ਲਿਖੇ ਵਰਗ ਨੂੰ ਉਨ੍ਹਾਂ ਦੀ ਪੜ੍ਹਾਈ ਮੁਤਾਬਿਕ ਰੁਜ਼ਗਾਰ ਨਹੀਂ ਮਿਲ ਰਿਹਾ। ਉਚੇਰੀ ਪੜ੍ਹਾਈ ਲਈ ਯੋਗ ਉਮੀਦਵਾਰਾਂ ਨੂੰ ਸੀਟਾਂ ਉਪਲੱਬਧ ਨਾ ਹੋਣ ਕਾਰਨ ਪਰਵਾਸ ਕਰਦੇ ਹਨ। ਪਰਵਾਸ ਦੌਰਾਨ ਕੀਤੀ ਪੜ੍ਹਾਈ ਮੁਤਾਬਿਕ ਉਚਿਤ ਤਨਖ਼ਾਹ ਤੇ ਰੁਜ਼ਗਾਰ ਵੀ ਉਹ ਵਿਦੇਸ਼ਾਂ ਵਿੱਚ ਪ੍ਰਾਪਤ ਕਰ ਕੇ ਉੱਥੋਂ ਦੇ ਹੀ ਹੋ ਕੇ ਰਹਿ ਜਾਂਦੇ ਹਨ। ਪਰਵਾਸ ਕਰਨ ਤੋਂ ਪਹਿਲਾਂ ਦੇ ਹਾਲਾਤ ਦੱਸਦੇ ਹਨ ਕਿ ਵਿਅਕਤੀ ਇਹੀ ਸੁਪਨਾ ਲੈ ਕੇ ਪਰਵਾਸ ਕਰਦਾ ਹੈ ਕਿ ਧਨ ਦੀ ਪ੍ਰਾਪਤੀ ਕਰ ਵਾਪਸ ਵਤਨ ਆ ਕੇ ਸੁਖ ਆਰਾਮ ਦੀ ਜ਼ਿੰਦਗੀ ਜੀਅ ਸਕੇਗਾ। ਪਰ ਅਜਿਹਾ ਘੱਟ ਹੀ ਵਾਪਰਦਾ ਹੈ ਕਿਉਂ ਜੋ ਲਾਲਚ ਦੀ ਕੋਈ ਸੀਮਾ ਨਹੀਂ ਹੁੰਦੀ। ਪਰਵਾਸ ਕਰਨ ਵਾਲਾ ਵਿਅਕਤੀ ਵੀ ਡੋਲਦਾ ਰਹਿੰਦਾ ਹੈ। ਪਰਵਾਸ ਕਰ ਰਹੇ ਵਿਅਕਤੀ ਦੀ ਮਾਨਸਿਕਤਾ ਨੂੰ ਦੋਸਤਾਂ ਦੀਆਂ ਯਾਦਾਂ ਅਤੇ ਸਕੇ ਸਬੰਧੀਆਂ ਦਾ ਪਿਆਰ ਹਮੇਸ਼ਾਂ ਹੀ ਘੇਰ ਕੇ ਰੱਖਦਾ ਹੈ। ਇੱਕ ਪੰਜਾਬੀ ਗੀਤ ਦੇ ਬੋਲ ਹਨ:
ਸਾਡੇ ਦਿਲ ਤੋਂ ਪੁੱਛ ਸੱਜਣਾ, ਅਸੀਂ ਕਿਉਂ ਪਰਦੇਸੀ ਹੋਏ?
ਘਰ ਛੱਡਣੇ ਸੌਖੇ ਨਹੀਂ, ਘਰ ਛੱਡਣ ਵੇਲੇ ਰੋਏ।
ਸਭ ਕੁਝ ਜਾਣਦਿਆਂ ਅੱਜ ਵੀ ਪਰਵਾਸ ਕੀਤਾ ਜਾ ਰਿਹਾ ਹੈ। ਕਾਰਨ ਥੋੜ੍ਹੇ ਬਦਲ ਚੁੱਕੇ ਹਨ। ਸਮੇਂ ਸਮੇਂ ਸਰਕਾਰਾਂ ਨੇ ਪਰਵਾਸ ਦੇ ਨਿਯਮਾਂ ਵਿੱਚ ਤਬਦੀਲੀਆਂ ਵੀ ਕੀਤੀਆਂ ਹਨ। ਪਰਵਾਸ ਲਈ ਜਾਇਜ਼ ਨਾਜਾਇਜ਼ ਤਰੀਕੇ ਵੀ ਅਪਣਾਉਣ ਦਾ ਰੁਝਾਨ ਵੀ ਹੈ। ਇਸ ਦੇ ਕਾਰਨਾਂ ਨੂੰ ਵਿਚਾਰਨ ਦੀ ਲੋੜ ਹੈ। ਆਪਣੀ ਜਨਮ ਭੂਮੀ ਤੋਂ ਕੌਣ ਦੂਰ ਜਾਣਾ ਚਾਹੁੰਦਾ ਹੈ? ਕੋਈ ਨਹੀਂ ਲੋਚਦਾ ਕਿ ਰੋਜ਼ੀ ਰੋਟੀ ਦੇ ਜੁਗਾੜ ਲਈ ਆਪਣੇ ਪਰਿਵਾਰ ਦੇ ਜੀਆਂ ਦੇ ਹੇਰਵੇ ਵਿੱਚ ਪਲ ਪਲ ਮਰਨਾ ਪਵੇ। ਜੇ ਆਪਣੇ ਦੇਸ਼ ਅੰਦਰ ਹੀ ਮਿਆਰੀ ਵਿੱਦਿਆ ਪ੍ਰਾਪਤੀ ਮਗਰੋਂ ਰੁਜ਼ਗਾਰ ਦੇ ਭਰਪੂਰ ਮੌਕੇ ਉਪਲੱਬਧ ਹੋਣ ਤਾਂ ਕੋਈ ਵੀ ਡਾਲਰਾਂ, ਪੌਂਡਾਂ ਲਈ ਪਰਦੇਸੀ ਨਾ ਹੋਵੇ।