ਤਾਜ਼ਾਤਰੀਨ ਖ਼ਬਰਾਂ ਸੁਣਾਉਣੀਆਂ ਅਤੇ ਦਿਖਾਉਣੀਆਂ ਹੁਣ ਬੜਾ ਵੱਡਾ ਕਾਰੋਬਾਰ ਬਣ ਗਿਆ ਹੈ। ਮੀਡੀਆ ਦਾ ਕੰਮ ਕੇਵਲ ਜਾਣਕਾਰੀਆਂ ਦੇਣਾ ਹੀ ਨਹੀਂ ਹੁੰਦਾ ਬਲਕਿ ਖ਼ਬਰਾਂ ਦੇ ਪਿੱਛੇ ਛੁਪੀਆਂ ਹਕੀਕਤਾਂ ਅਤੇ ਕਾਰਨਾਂ ਨੂੰ ਵੀ ਲੋਕਾਂ ਸਾਹਮਣੇ ਉਜਾਗਰ ਕਰਨਾ ਹੁੰਦਾ ਹੈ। ਸਾਡੀਆਂ ਅਖ਼ਬਾਰਾਂ ਕਾਫ਼ੀ ਹੱਦ ਤਕ ਇਸ ਸਬੰਧੀ ਸੁਚੇਤ ਅਤੇ ਸੁਹਿਰਦ ਵੀ ਹਨ। ਪਰ ਦੂਜੇ ਪਾਸੇ ਨਿਊਜ਼ ਚੈਨਲਾਂ ਬਾਰੇ ਇਹ ਕਹਿ ਸਕਦੇ ਹਾਂ ਕਿ ਇਹ ਹੁਣ ਸੂਚਨਾਵਾਂ ਦੇ ਦੂਜੇ ਸਾਧਨਾਂ ਨਾਲੋਂ ਵੱਧ ਸ਼ਕਤੀਸ਼ਾਲੀ ਹੋ ਕੇ ਲੋਕ ਮਨਾਂ ’ਤੇ ਪ੍ਰਭਾਵ ਪਾਉਣ ਲੱਗੇ ਹਨ। ਨਿਊਜ਼ ਚੈਨਲ ਜੋ ਜ਼ਿਆਦਾਤਰ ਧਨਾਢ ਕੰਪਨੀਆਂ/ਕਾਰੋਬਾਰੀਆਂ ਦੇ ਹਨ, ਹੁਣ ਕਿਸੇ ਵਿਅਕਤੀ ਵਿਸ਼ੇਸ਼ ਦੀ ਹਵਾ ਬਣਾਉਣ, ਵੱਡੇ-ਵੱਡੇ ਮਸਲਿਆਂ ਦੀ ਹਵਾ ਕੱਢਣ ਅਤੇ ਨਿਗੂਣੀਆਂ ਗੱਲਾਂ ਨੂੰ ਹੱਦੋਂ ਵੱਧ ਹਵਾ ਦੇਣ ਦੇ ਸਮਰੱਥ ਹੋ ਗਏ ਹਨ।
ਕਈ ਅਜਿਹੇ ਚੈਨਲ ਹਨ ਜੋ ਕੇਵਲ ਖ਼ਬਰਾਂ ਦੇ ਚੈਨਲ ਹੋਣ ਦਾ ਦਾਅਵਾ ਕਰਦੇ ਹਨ, ਪਰ ਹਕੀਕਤ ਵਿੱਚ ਅਜਿਹਾ ਨਹੀਂ ਹੈ। ਇੱਕ ਦੂਜੇ ਤੋਂ ਵੱਧ ਕੇ ਸਭ ਤੋਂ ਪਹਿਲਾਂ ਖ਼ਬਰ ਨੂੰ ਲੋਕਾਂ ਤਕ ਪਹੁੰਚਾਉਣ ਅਤੇ ਹਰ ਤਰ੍ਹਾਂ ਦੇ ਵਰਤਾਰਿਆਂ ਦੀ ਤਹਿ ਤਕ ਜਾਣ ਦੇ ਦਾਅਵੇ ਕਰਨ ਵਾਲੇ ਕਈ ਅਜਿਹੇ ਚੈਨਲ ਵੀ ਹਨ ਜਿਨ੍ਹਾਂ ’ਤੇ ਸਵੇਰੇ ਸਵੇਰੇ ਜੋਤਿਸ਼, ਹੱਥ ਰੇਖਾ, ਵਸਤੂ ਸ਼ਾਸਤਰ, ਅੰਕ ਮਾਹਿਰ ਅਤੇ ਹੋਰ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਅਜਿਹੇ ਅਖੌਤੀ ਮਾਹਿਰ ਆਪਣਾ ਸੌਦਾ ਲੋਕਾਂ ਨੂੰ ਵੇਚਦੇ ਹਨ। ਜਿਹੜੇ ਟੀਵੀ ਚੈਨਲ ਸਵੇਰੇ ਸਵੇਰੇ ਅੰਧਵਿਸ਼ਵਾਸ ਦਾ ਪ੍ਰਚਾਰ ਕਰ ਰਹੇ ਹੁੰਦੇ ਹਨ, ਇਹੋ ਚੈਨਲ ਦਿਨ ਚੜ੍ਹਨ ਸਾਰ ਜਨਤਾ ਦੇ ਝੰਡਾਬਰਦਾਰ ਹੋਣ ਦਾ ਝੰਡਾ ਚੁੱਕ ਲੈਂਦੇ ਹਨ। ਹਕੀਕਤ ਇਹ ਹੈ ਕਿ ਸ਼ੋਸ਼ੇਬਾਜ ਖ਼ਬਰਾਂ ਵਿੱਚ ਸ਼ੋਸ਼ੇਬਾਜ ਸਦਾ ਅੱਗੇ ਰਹਿੰਦੇ ਹਨ ਅਤੇ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੀਆਂ ਮੁਸ਼ਕਲਾਂ ਸਮੱਸਿਆਵਾਂ ਪਿੱਛੇ ਧਰੀਆਂ ਧਰਾਈਆਂ ਰਹਿ ਜਾਂਦੀਆਂ ਹਨ। ਬਹੁਤੀ ਵਾਰ ਜਦੋਂ ਕੋਈ ਖ਼ਬਰ ਨਹੀਂ ਵੀ ਹੁੰਦੀ, ਖ਼ਬਰ ਪੈਦਾ ਕਰ ਲਈ ਜਾਂਦੀ ਹੈ। ਜਦੋਂ ਵਾਰ ਵਾਰ ਐਂਕਰ ਬੋਲਦਾ ਹੈ ‘‘ਆਜ ਕੀ ਸਭ ਸੇ ਬੜੀ ਖ਼ਬਰ….ਹਮ ਆਪ ਕੋ ਦਿਖਾਨੇ ਜਾ ਰਹੇ ਹੈਂ ਆਜ ਕੀ ਸਬਸੇ ਬੜੀ ਖ਼ਬਰ..।’’ ਕੁਝ ਸਮਾਂ ਪਹਿਲਾਂ ਇਸ ਤਰ੍ਹਾਂ ਦੇ ਵਾਕ ਸੁਣ ਕੇ ਆਮ ਲੋਕ ਚੌਂਕ ਜਾਂਦੇ ਸਨ, ਪਰ ਹੁਣ ਅਜਿਹੇ ਵਾਕਾਂ ਨੂੰ ਹੈਰਾਨੀਜਨਕ ਢੰਗ ਨਾਲ ਨਹੀਂ ਲਿਆ ਜਾਂਦਾ, ਇਹ ਆਮ ਗੱਲ ਹੋ ਗਈ ਹੈ। ਕਿਉਂਕਿ ਆਜ ਕੀ ਸਬ ਸੇ ਬੜੀ ਖ਼ਬਰ ਦਾ ਅਗਲਾ ਵਾਕ ਹੁੰਦਾ ਹੈ- ‘‘ਚਾਂਦ ਨਿਕਲਾ, ਵਰਤ ਟੂਟਾ।’’ ਕਈ ਵਾਰ ਕਿਸੇ ਐਕਟਰ ਜਾਂ ਕ੍ਰਿਕਟਰ ਨੂੰ ਜ਼ੁਕਾਮ ਲੱਗ ਜਾਣਾ ਵੀ ਵੱਡੀ ਖ਼ਬਰ ਬਣ ਜਾਂਦਾ ਹੈ। ਕਿਹੜੇ ਸੀਰੀਅਲ ਦੀ ਕਿਸ ਅਦਾਕਾਰ ਨੇ ਕਿਸ ਤਰ੍ਹਾਂ ਦੀ ਜੁੱਤੀ ਪਹਿਨੀ ਹੈ, ਇਹ ਵੀ ਹੁਣ ਅਹਿਮ ਖ਼ਬਰ ਹੈ। ਕਿਸੇ ਲੀਡਰ ਦਾ ਗਾਂ ਨੂੰ ਪੇੜਾ ਚਰਾਉਣਾ ਵੀ ਹੁਣ ਬੜੀ ਖ਼ਬਰ ਹੈ। ਕਿਹੜੇ ਧਰਮ ਅਸਥਾਨ ਵਿੱਚ ਕਿਸ ਤਰ੍ਹਾਂ ਦੀ ਭੇਟਾ ਚੜ੍ਹਾਉਣ ਨਾਲ ਕਿਸ ਤਰ੍ਹਾਂ ਦੀ ਕਿਰਪਾ ਪ੍ਰਾਪਤ ਹੁੰਦੀ ਹੈ, ਨੂੰ ਵੀ ਹੁਣ ਖ਼ਬਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਜਿਹੀਆਂ ਗੱਲਾਂ ਕਰਨ ਵਾਲੇ ਦੇਸ਼ ਦੇ ਆਮ ਲੋਕਾਂ ਦੀਆਂ ਔਕੜਾਂ, ਸਮੱਸਿਆਵਾਂ, ਦੁੱਖਾਂ-ਦਰਦਾਂ ਪ੍ਰਤੀ ਕੀ ਸੰਵੇਦਨਾ ਰੱਖਦੇ ਹਨ?
ਟੀ ਵੀ ਚੈਨਲਾਂ ’ਤੇ ਹੋ ਰਹੀਆਂ ਜ਼ਿਆਦਾਤਰ ਬਹਿਸਾਂ ਵਿੱਚ ਹੁਣ ਜਾਣ-ਬੁੱਝ ਕੇ ਧਾਰਮਿਕ ਮਸਲਿਆਂ ਨੂੰ ਹਵਾ ਦਿੱਤੀ ਜਾ ਰਹੀ ਹੈ। ਵੱਖ-ਵੱਖ ਨੇਤਾਵਾਂ, ਧਰਮ ਗੁਰੂਆਂ, ਸੁਆਮੀਆਂ, ਮੌਲਵੀਆਂ ਨੂੰ ਮੰਦਰ ਮਸਜਿਦ, ਧਰਮ ਮਜ਼੍ਹਬ, ਜਾਤ ਪਾਤ ਦੇ ਨਾਮ ’ਤੇ ਇੱਕ ਦੂਜੇ ਨਾਲ ਤੂੰ ਤੂੰ-ਮੈਂ ਮੈਂ ਕਰਦਿਆਂ ਕਿਸੇ ਨਾ ਕਿਸੇ ਟੀ ਵੀ ਚੈਨਲ ’ਤੇ ਰੋਜ਼ ਵੇਖਿਆ ਜਾ ਸਕਦਾ ਹੈ। ਇੰਜ ਲੱਗਦਾ ਹੈ ਜਿਵੇਂ ਇਸ ਦੇਸ਼ ਵਿੱਚ ਹੋਰ ਸਭ ਮਸਲੇ ਹੱਲ ਹੋ ਗਏ ਹੋਣ ਅਤੇ ਇੱਕੋ ਧਰਮ ਕਰਮ ਨਾਲ ਜੁੜੀਆਂ ਗਤੀਵਿਧੀਆਂ ਹੀ ਵੱਡਾ ਮਸਲਾ ਹਨ ਜਿਸ ਨੂੰ ਹੱਲ ਕੀਤਾ ਜਾਣਾ ਬਾਕੀ ਹੈ।
ਲੱਖਾਂ ਲੋਕ ਬੇਕਾਰੀ ਦੇ ਆਲਮ ਵਿੱਚ ਹਨ, ਇਨ੍ਹਾਂ ਸਬੰਧੀ ਕੋਈ ਪ੍ਰੋਗਰਾਮ ਨਹੀਂ ਹੈ। ਸਰਕਾਰੀ ਨੌਕਰੀਆਂ ਘਟ ਰਹੀਆਂ ਹਨ, ਪੜ੍ਹੇ-ਲਿਖੇ ਲੋਕ ਘੱਟ ਉਜਰਤਾਂ ’ਤੇ ਵੱਖ-ਵੱਖ ਕੰਪਨੀਆਂ/ਅਦਾਰਿਆਂ ਵਿੱਚ ਕੰਮ ਕਰਨ ਲਈ ਮਜਬੂਰ ਹਨ। ਇਨ੍ਹਾਂ ਪ੍ਰਤੀ ਨਿਊਜ਼ ਚੈਨਲਾਂ ਦੀ ਕੋਈ ਫ਼ਿਕਰਮੰਦੀ ਨਹੀਂ। ਬੜੀ ਤੇਜ਼ੀ ਨਾਲ ਸਿੱਖਿਆ ਦਾ ਨਿੱਜੀਕਰਨ ਹੋ ਰਿਹਾ ਹੈ। ਹਾਲਾਤ ਇਹ ਬਣ ਰਹੇ ਹਨ ਕਿ ਸਰਕਾਰੀ ਅਦਾਰਿਆਂ ਵਿੱਚ ਵੀ ਉੱਚ ਵਿੱਦਿਆ ਹਾਸਲ ਕਰਨੀ ਆਮ ਵਿਦਿਆਰਥੀਆਂ ਦੀ ਪਹੁੰਚ ਤੋਂ ਬਾਹਰ ਹੋ ਰਹੀ ਹੈ। ਵਾਤਾਵਰਣ ਬੜੀ ਤੇਜ਼ੀ ਨਾਲ ਪਲੀਤ ਹੋ ਰਿਹਾ ਹੈ। ਵੱਡੇ-ਵੱਡੇ ਸ਼ਹਿਰ ਬਿਮਾਰੀਆਂ ਦੇ ਵਾਹਕ ਬਣਦੇ ਜਾ ਰਹੇ ਹਨ। ਇਸ ਸਬੰਧੀ ਸਰਕਾਰਾਂ ਵਧਦੇ ਪ੍ਰਦੂਸ਼ਨ ਨੂੰ ਰੋਕਣ ਲਈ ਕਿਹੋ ਜਿਹੇ ਕਦਮ ਚੁੱਕ ਰਹੀਆਂ ਹਨ ਜਾਂ ਨਹੀਂ, ਇਸ ਸਬੰਧੀ ਕਿਸੇ ਚੈਨਲ ’ਤੇ ਕੋਈ ਬਹਿਸ ਨਹੀਂ ਹੋ ਰਹੀ। ਆਬਾਦੀ ਵਧ ਰਹੀ ਹੈ। ਦੇਸ਼ ਦੇ ਕੁਦਰਤੀ ਸਾਧਨਾਂ ਦਾ ਬੜੀ ਤੇਜ਼ੀ ਨਾਲ ਖਾਤਮਾ ਹੋ ਰਿਹਾ ਹੈ। ਕੱਚੇ ਤੇਲ ਦੀਆਂ ਆਲਮੀ ਮੰਡੀ ਵਿੱਚ ਕੀਮਤਾਂ ਕੀ ਹਨ ਅਤੇ ਅਸੀਂ ਦੇਸ਼ ਦੇ ਲੋਕ ਕਿਸ ਭਾਅ ਤੇਲ ਦੀ ਖ਼ਰੀਦ ਕਰਦੇ ਹਾਂ ਅਤੇ ਕਿਉਂ, ਸਬੰਧੀ ਕਿਸੇ ਚੈਨਲ ’ਤੇ ਕੋਈ ਬਹਿਸ ਨਹੀਂ ਹੁੰਦੀ। ਪਿਛਲੇ ਸਾਲ ਮਹਾਰਾਸ਼ਟਰ, ਮੱਧ ਪ੍ਰਦੇਸ਼, ਯੂਪੀ ਆਦਿ ਦੇ ਚਾਲੀ ਲੱਖ ਲੋਕ ਭਿਆਨਕ ਔੜ ਦੀ ਲਪੇਟ ਵਿੱਚ ਆ ਕੇ ਘਰ ਬਾਰ ਛੱਡਣ ਲਈ ਮਜਬੂਰ ਹੋ ਗਏ ਸਨ। ਪੂਰੀ ਦੁਨੀਆਂ ਦੇ ਟੀ ਵੀ ਚੈਨਲਾਂ ਨੇ ਇਸ ਭਿਆਨਕ ਤਰਾਸਦੀ ਨੂੰ ਦਿਖਾਇਆ ਸੀ। ਪਰ ਇਸ ਪ੍ਰਤੀ ਸਾਡੇ ਚੈਨਲਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਸੰਵੇਦਨਾ ਨਜ਼ਰ ਨਹੀਂ ਆ ਰਹੀ। ਇਨ੍ਹਾਂ ਇਲਾਕਿਆਂ ਵਿੱਚ ਦੁਬਾਰਾ ਅਜਿਹੀ ਸਥਿਤੀ ਨਾ ਉਤਪੰਨ ਹੋਏ, ਸਰਕਾਰਾਂ ਇਸ ਸਬੰਧੀ ਕੀ-ਕੀ ਅਤੇ ਕਿਹੋ ਜਿਹੇ ਕਦਮ ਉਠਾ ਰਹੀਆਂ ਹਨ – ਇਸ ਸਬੰਧੀ ਕੋਈ ਜਾਣਕਾਰੀ ਕਿਸੇ ਚੈਨਲ ’ਤੇ ਨਹੀਂ ਚੱਲ ਰਹੀ।
ਰਾਜਨੀਤਕ ਗਲਿਆਰਿਆਂ ਵਿੱਚ ਵੱਖ-ਵੱਖ ਮੁਸ਼ਕਲਾਂ ਸਮੱਸਿਆਵਾਂ ਵਿੱਚ ਘਿਰੇ ਬਹੁਗਿਣਤੀ ਲੋਕਾਂ ਨੂੰ ਵਰਗਲਾਉਣ ਦੀ ਕਵਾਇਦ ਚੱਲਦੀ ਅਸੀਂ ਦੇਖਦੇ ਹਾਂ। ਜਿਵੇਂ ਲੋਕ ਰੁਜ਼ਗਾਰ ਮੰਗਦੇ ਹਨ, ਉਨ੍ਹਾਂ ਨੂੰ ਸਸਤਾ ਆਟਾ- ਦਾਲ ਦਿੱਤੀ ਜਾਂਦੀ ਹੈ। ਲੋਕ ਆਪਣੀਆਂ ਜਿਨਸਾਂ ਦੇ ਚੰਗੇ ਭਾਅ ਮੰਗਦੇ ਹਨ। ਉਨ੍ਹਾਂ ਨੂੰ ਤੁਛ ਜਿਹੇ ਮੁਆਵਜ਼ੇ ਦਿੱਤੇ ਜਾਂਦੇ ਹਨ। ਮੁਫ਼ਤ ਬਿਜਲੀ ਦੇਣ ਦੀ ਗੱਲ ਹੁੰਦੀ ਹੈ। ਲੋਕ ਬੱਚਿਆਂ ਲਈ ਚੰਗੀ ਵਿੱਦਿਆ ਮੰਗਦੇ ਹਨ, ਪਰ ਉਨ੍ਹਾਂ ਲਈ ਮੁਫ਼ਤ ਤੀਰਥ ਯਾਤਰਾਵਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਵਿਦਿਆਰਥੀ ਸਸਤੀ ਵਿੱਦਿਆ ਅਤੇ ਫ਼ੀਸਾਂ ਘਟਾਉਣ ਦੀ ਮੰਗ ਕਰਦੇ ਹਨ, ਉਨ੍ਹਾਂ ਦਾ ਪੁਲੀਸ ਦੀਆਂ ਡਾਂਗਾਂ ਨਾਲ ਸਵਾਗਤ ਹੁੰਦਾ ਹੈ। ਪਰ ਵੋਟ ਬਟੋਰਨ ਲਈ ਉਨ੍ਹਾਂ ਨੂੰ ਮੁਫ਼ਤ ਮੋਬਾਈਲ ਫੋਨ ਦੇਣ ਦੀਆਂ ਗੱਲਾਂ ਹੁੰਦੀਆਂ ਹਨ। ਲੋਕ ਜਿਸ ਚੀਜ਼ ਦੀ ਮੰਗ ਕਰਦੇ ਹਨ, ਉਹ ਨਹੀਂ, ਬਲਕਿ ਉਨ੍ਹਾਂ ਨੂੰ ਉਹ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਨਹੀਂ ਹੁੰਦੀ। ਇਸੇ ਤਰ੍ਹਾਂ ਅੱਜ ਮੀਡੀਆ ਦੀਆਂ ਮੰਡੀਆਂ ਵੀ ਕਰਨ ਲੱਗੀਆਂ ਹਨ। ਲੋਕਾਂ ਨੂੰ ਉਹ ਜਾਣਕਾਰੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਉਨ੍ਹਾਂ ਦੇ ਜੀਵਨ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ। ਕਿਸੇ ਨੇਤਾ ਨੇ ਕੋਈ ਫ਼ਿਰਕੂ ਬਿਆਨ ਦਾਗ਼ ਦਿੱਤਾ, ਉਸ ’ਤੇ ਤਾਂ ਘੰਟਿਆਬੱਧੀ ਬਹਿਸ ਹੋ ਸਕਦੀ ਹੈ, ਪਰ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਮਸਲਿਆਂ ਲਈ ਟੀ ਵੀ ਚੈਨਲਾਂ ’ਤੇ ਕੋਈ ਥਾਂ ਨਹੀਂ। ਅਜਿਹੀਆਂ ਖ਼ਬਰਾਂ ਨੂੰ ਵਿਖਾਇਆ ਵੀ ਜਾਂਦਾ ਹੈ ਤਾਂ ਬਹੁਤ ਛੋਟੀ ਪੇਸ਼ ਕਰਕੇ ਫਰਜ਼ ਪੂਰਾ ਕਰ ਲਿਆ ਜਾਂਦਾ ਹੈ। ਇਲੈਕਟ੍ਰੌਨਿਕ ਮੀਡੀਆ ਇੱਕ ਤਰ੍ਹਾਂ ਨਾਲ ਜਨ ਸਮੂਹ ਨੂੰ ਵਰਗਲਾਉਣ ਦੀ ਕਵਾਇਦ ਲਈ ਕੰਮ ਕਰ ਰਿਹਾ ਹੈ। ਨਿਗੂਣੀਆਂ ਗੱਲਾਂ ਲਈ ਲੋਕਾਂ ਵਿੱਚ ਉਲਝਾਅ ਪੈਦਾ ਕਰ ਰਿਹਾ ਹੈ।
ਮਹਿੰਗਾਈ ਨਾਲ ਲੋਕ ਤਰਾਹ-ਤਰਾਹ ਕਰ ਰਹੇ ਹਨ। ਬੇਰੁਜ਼ਗਾਰੀ ਦੀ ਸਮੱਸਿਆ ਵਿਕਰਾਲ ਰੂਪ ਅਖ਼ਤਿਆਰ ਕਰ ਰਹੀ ਹੈ। ਬਿਮਾਰੀਆਂ ਦੁਸ਼ਵਾਰੀਆਂ ਨਾਲ ਲੋਕ ਹਾਲੋ ਬੇਹਾਲ ਹਨ। 45 ਫ਼ੀਸਦੀ ਜਨਤਾ ਭੁੱਖਮਰੀ ਅਤੇ ਕੁਪੋਸ਼ਣ ਦਾ ਸ਼ਿਕਾਰ ਹੈ। ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਵਿੱਚ ਘਿਰੇ ਦੇਸ਼ ਦੇ ਵੱਡੀ ਗਿਣਤੀ ਲੋਕ ਮਨੋਵਿਕਾਰਾਂ ਦੇ ਸ਼ਿਕਾਰ ਹੋ ਰਹੇ। ਇਨ੍ਹਾਂ ਸਭ ਤਰ੍ਹਾਂ ਦੀਆਂ ਸਮੱਸਿਆਵਾਂ ਲਈ ਦੇਸ਼ ਦੇ ਨੇਤਾਵਾਂ/ ਪਾਰਟੀਆਂ ਕੋਲ ਕੀ ਪ੍ਰੋਗਰਾਮ ਹੈ? ਇਸ ਸਬੰਧੀ ਸਭ ਤਰ੍ਹਾਂ ਦੀਆਂ ਜਾਣਕਾਰੀਆਂ ਮੀਡੀਆ ਨੂੰ ਸਰਲ ਢੰਗ ਨਾਲ ਲੋਕਾਂ ਵਿੱਚ ਰੱਖਣੀਆਂ ਚਾਹੀਦੀਆਂ ਹਨ। ਇਸ ਦੇਸ਼ ਵਿੱਚ ਸਰਕਾਰਾਂ ਆਪਣੀ ਵਾਹ-ਵਾਹ ਲਈ ਮੂਰਤੀਆਂ, ਇਮਾਰਤਾਂ ਅਤੇ ਹੋਰ ਇਸ ਤਰ੍ਹਾਂ ਦੇ ਪ੍ਰਾਜੈਕਟਾਂ ’ਤੇ ਹਜ਼ਾਰਾਂ ਕਰੋੜ ਰੁਪਏ ਖ਼ਰਚ ਕਰ ਦਿੰਦੀਆਂ ਹਨ, ਪਰ ਦੂਜੇ ਪਾਸੇ ਲੱਖਾਂ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਹੁਣ ਤਕ ਪੀਣ ਵਾਲਾ ਸਾਫ਼ ਪਾਣੀ ਵੀ ਮੁਹੱਈਆ ਨਹੀਂ ਕਰਵਾਇਆ ਜਾ ਸਕਿਆ। ਇਸ ਦੇਸ਼ ਵਿੱਚ ਹਜ਼ਾਰਾਂ ਕਰੋੜ ਰੁਪਏ ਰਾਜਸੀ ਨੇਤਾਵਾਂ, ਮੰਤਰੀਆਂ, ਧਰਮ ਗੁਰੂਆਂ ਦੀ ਸੁਰੱਖਿਆ ਲਈ ਖ਼ਰਚ ਹੁੰਦੇ ਹਨ, ਦੂਜੇ ਪਾਸੇ ਦੇਸ਼ ਦੇ ਗ਼ਰੀਬ ਲੋਕ ਮਾਮੂਲੀ ਬਿਮਾਰੀਆਂ ਦੇ ਇਲਾਜ ਕਰਾਉਣ ਤੋਂ ਅਸਮਰੱਥ ਹਨ। ਹਰ ਰੋਜ਼ ਦੇਸ਼ ਦਾ ਅੰਨਦਾਤਾ ਖ਼ੁਦਕੁਸ਼ੀਆਂ ਕਰ ਰਿਹਾ ਹੈ। ਇੱਥੋਂ ਤਕ ਕਿ ਸੁਪਰੀਮ ਕੋਰਟ ਨੇ ਵੀ ਸਰਕਾਰ ਤੋਂ ਪੁੱਛਿਆ ਹੈ ਕਿ ਇਸ ਸਬੰਧੀ ਸਰਕਾਰ ਕੀ ਕਰ ਰਹੀ ਹੈ, ਪਰ ਸਰਕਾਰਾਂ ਦੀ ਇਸ ਸਬੰਧੀ ਸੰਵੇਦਨਹੀਣਤਾ ਸਮਝ ਤੋਂ ਬਾਹਰ ਹੈ।
ਆਬਾਦੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਗ਼ਰੀਬੀ ਅਮੀਰੀ ਦਾ ਵਧ ਰਿਹਾ ਪਾੜਾ,ਬਿਜਲੀ, ਪੀਣ ਵਾਲਾ ਪਾਣੀ, ਜੰਗਲਾਂ ਦੀ ਕਟਾਈ, ਰੇਤਾ, ਬੱਜਰੀ, ਕੋਲਾ ਅਤੇ ਹੋਰ ਖਣਿਜਾਂ ਦੀਆਂ ਖਾਣਾਂ ਦੀ ਕਾਲਾਬਾਜ਼ਾਰੀ, ਕਾਲਾ ਧਨ, ਸਿੱਖਿਆ ਦਾ ਵਪਾਰੀਕਰਨ, ਛੋਟੇ ਉਦਯੋਗਾਂ ਦੀ ਨਿੱਘਰ ਰਹੀ ਹਾਲਤ ਅਤੇ ਵਾਤਾਵਰਨ ਵਿੱਚ ਆਏ ਵਿਗਾੜ ਆਦਿ ਅਨੇਕਾਂ ਸਮੱਸਿਆਵਾਂ ਹਨ ਜੋ ਦੇਸ਼ ਦੀ ਜਨਤਾ ਦੇ ਹਿੱਤਾਂ ਨਾਲ ਸਿੱਧੇ ਜਾਂ ਅਸਿੱਧੇ ਤੌਰ ’ਤੇ ਜੁੜੇ ਹੋਏ ਮੁੱਦੇ ਹਨ। ਇਨ੍ਹਾਂ ਦੀ ਗੱਲ ਮੀਡੀਆ ਨੂੰ ਜ਼ਰੂਰ ਕਰਨੀ ਚਾਹੀਦੀ ਹੈ।
ਗੁਰਚਰਨ ਸਿੰਘ ਨੂਰਪੁਰ * ਸੰਪਰਕ : 98550-51099