ਬੀਜਿੰਗ : ਕੋਰੋਨਾ ਸੰਕਟ ਨੇ ਚੀਨੀ ਫ਼ਿਲਮ ਇੰਡਸਟਰੀ ਦਾ ਲੱਕ ਤੋੜ ਦਿੱਤਾ ਹੈ। ਇੱਕ ਤਾਜ਼ਾ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ ਇਸ ਖੇਤਰ ‘ਚ ਵੱਡੇ ਪੱਧਰ ‘ਤੇ ਛਾਂਟੀ ਸ਼ੁਰੂ ਹੋ ਚੁੱਕੀ ਹੈ ਅਤੇ ਨਾਲ ਹੀ 40% ਥੀਏਟਰਾਂ ‘ਤੇ ਪੱਕੇ ਤੌਰ ‘ਤੇ ਤਾਲਾ ਲਗਾਉਣ ਦਾ ਖ਼ਤਰਾ ਹੈ। ਦੁਨੀਆਂ ‘ਚ ਸਭ ਤੋਂ ਵੱਧ 69,787 ਸਿਨੇਮਾ ਸਕ੍ਰੀਨ ਚੀਨ ‘ਚ ਹਨ। 23 ਜਨਵਰੀ ਨੂੰ ਵੁਹਾਨ ਸੂਬੇ ‘ਚ ਲੌਕਡਾਊਨ ਦੀ ਘੋਸ਼ਣਾ ਕੀਤੇ ਜਾਣ ਤੋਂ ਬਾਅਦ ਸਾਰੇ ਥੀਏਟਰ ਬੰਦ ਕਰ ਦਿੱਤੇ ਗਏ ਸਨ।
ਚਾਈਨਾ ਫ਼ਿਲਮ ਐਸੋਸੀਏਸ਼ਨ, ਦੀ ਚਾਈਨਾ ਫ਼ਿਲਮ ਡਿਸਟ੍ਰੀਬਿਊਸ਼ਨ ਐਂਡ ਸਕ੍ਰੀਨ ਐਸੋਸੀਏਸ਼ਨ ਦੇ ਇੱਕ ਸਰਵੇਖਣ ‘ਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਸੰਕਟ ਕਾਰਨ ਚੀਨੀ ਬਾਕਸ ਆਫਿਸ ਨੂੰ ਇਸ ਸਾਲ ਹੁਣ ਤਕ 4.24 ਅਰਬ ਡਾਲਰ (ਲਗਭਗ 296.8 ਅਰਬ ਰੁਪਏ) ਦਾ ਨੁਕਸਾਨ ਹੋਇਆ ਹੈ। 40% ਥੀਏਟਰ ਆਪਣੀ ਹੋਂਦ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੇ ਬੰਦ ਹੋਣ ਨਾਲ ਵੱਡੇ ਪੱਧਰ ‘ਤੇ ਨੌਕਰੀਆਂ ਵੀ ਜਾਣਗੀਆਂ। 20% ਮੁਲਾਜ਼ਮਾਂ ਦੀ ਤਾਂ ਪਹਿਲਾਂ ਹੀ ਛੁੱਟੀ ਹੋ ਚੁੱਕੀ ਹੈ।