ਹਾਂਗਕਾਂਗ (ਪੰਜਾਬੀ ਚੇਤਨਾ) : ਸੱਤਰੰਗ ਇੰਟਰਟੇਨਰਜ ਦੇ ਬੈਨਰ ਹੇਠ ਬਣੀ ਪਹਿਲੀ ਫੀਚਰ ਫਿਲਮ “ਰਿਸ਼ਤੇ ਨਾਤੇ” ਸਬੰਧੀ ਪ੍ਰੈਸ ਮਿਲਣੀ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਬੀਤੇ ਕੱਲ ਕੀਤੀ ਗਈ। ਇਸ ਵਿੱਚ ਫਿਲਮ ਦੀ ਟੀਮ ਦੇ ਬਹੁਤ ਸਾਰੇ ਮੈਂਬਰ ਸ਼ਾਮਿਲ ਹੋਏ, ਜਿਸ ਵਿੱਚ ਨਿਰਮਾਤਾ ਕੁਲਜੀਤ ਸਿੰਘ ਖ਼ਾਲਸਾ, ਨਿਰਦੇਸ਼ਕ ਨਸੀਬ ਰੰਧਾਵਾ ਅਤੇ ਫਿਲਮ ਦੇ ਸਿਤਾਰਿਆਂ ਵਿੱਚੋਂ ਸੁਨੀਤਾ ਧੀਰ, ਮਲਕੀਤ ਰੌਣੀ, ਪਰਮਿੰਦਰ ਗਿੱਲ, ਗੁਰਪ੍ਰੀਤ ਮੰਡ, ਨਵਤੇਜ਼ ਸਿੰਘ ਅਟਵਾਲ ਅਤੇ ਜਸਦੀਪ ਸਾਗਰ ਵਿਸ਼ੇਸ਼ ਸਨ।
ਇਸ ਸਮੇਂ ਮਲਕੀਤ ਰੌਣੀ ਨੇ ਫ਼ਿਲਮ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਇਸ ਫਿਲਮ ਵਿੱਚ ਦੋ ਪੀੜ੍ਹੀਆ ਦੇ ਪਾੜੇ ਦੀ ਗੱਲ ਤੋਂ ਇਲਾਵਾ ਅੱਜ ਦੇ ਸਮਾਜ ਵਿੱਚ ਰਿਸ਼ਤਿਆਂ ਦੀ ਮਹੱਤਤਾ ਬਾਰੇ ਗੱਲ ਇਸ ਫਿਲਮ ਵਿੱਚ ਕੀਤੀ ਗਈ ਹੈ। ਸੁਨੀਤਾ ਧੀਰ ਅਤੇ ਹੋਰ ਕਲਾਕਾਰਾਂ ਨੇ ਵੀ ਫਿਲਮ ਬਾਰੇ ਤੇ ਅਤੇ ਰਿਸ਼ਤੇ ਨਾਤਿਆਂ ਵਾਰੇ ਉਹਨਾਂ ਦੇ ਤਜ਼ਰਬੇ ਵੀ ਸਾਂਝੇ ਕੀਤੇ।
ਅਖੀਰ ਵਿੱਚ ਮਲਕੀਤ ਰੌਣੀ ਵਲੋਂ ਸਭ ਨੂੰ 24 ਜਨਵਰੀ 2025 ਨੂੰ ਆਪਣੇ ਨੇੜਲੇ ਸਿਨੇਮਾ ਘਰਾਂ ਵਿੱਚ ਜਾ ਕੇ ਫਿਲਮ ਦੇਖਣ ਦੀ ਗੁਜਾਰਿਸ਼ ਕੀਤੀ ਗਈ।
ਇਸ ਫਿਲਮ ‘ਚ ਲੀਡ ਰੋਲ ਨਵੇਂ ਚਿਹਰੇ ਹਾਂਗਕਾਂਗ ਦੇ ਜੰਮਪਲ ਰਘਬੀਰ ਸੋਹਲ ਅਤੇ ਉਭਰ ਰਹੀ ਅਦਾਕਾਰਾ ਲਵ ਗਿੱਲ ਅਤੇ ਮਸ਼ਹੂਰ ਅਦਾਕਾਰ ਮਲਕੀਤ ਰੌਣੀ ਕਰ ਰਹੇ ਨੇ, ਇਹਨਾਂ ਨਾਲ ਪਾਕਿਸਤਾਨੀ ਕਲਾਕਾਰ ਮਿਰਜ਼ਾ,ਪਰਮਿੰਦਰ ਗਿੱਲ, ਲਵ ਕੌਰ, ਨਵਤੇਜ ਅਟਵਾਲ ਤੇ ਪ੍ਰੀਤੋ ਯੂਕੇ ਖ਼ਾਸ ਕਿਰਦਾਰ ਕਰ ਰਹੇ ਹਨ। ਗੁਰਪ੍ਰੀਤ ਮੰਡ ਸਹਯੋਗੀ ਰੋਲ ਵਿੱਚ ਤੇ ਪੰਜਾਬੀ ਫ਼ਿਲਮਾਂ ਦੀ ਲਾਜਵਾਬ ਅਦਾਕਾਰਾ “ਬਦਲਾ ਜੱਟੀ ਦਾ” ਵਾਲੀ ” ਗੁਲਾਬੋ ” ਸੁਨੀਤਾ ਧੀਰ ਇਸ ਫਿਲਮ ਦੇ ਵਿੱਚ ਮੁੱਖ ਕਿਰਦਾਰ ਵਿੱਚ ਨਜ਼ਰ ਆਉਣਗੇ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਨੌਜਵਾਨ ਨਿਰਦੇਸ਼ਕ ਨਸੀਬ ਰੰਧਾਵਾ ਨੇ. ਇਸ ਮੂਵੀ ਦੇ ਗੀਤਾਂ ਦੇ ਲਿਖਾਰੀ ਰਾਸ਼ਟਰਪਤੀ ਅਵਾਰਡ ਵਿਜੇਤਾ ਜਸਦੀਪ ਸਾਗਰ ਹਨ, ਸੰਗੀਤ ਤਿਆਰ ਕੀਤਾ ਹੈ ਗੁਰਮੀਤ ਸਿੰਘ ਅਤੇ ਤਾਰ ਏ ਬੀਟ ਬ੍ਰੈਕਰ, ਸਿਧਾਰਥ ਨੇ ਪਿੱਠਵਰਤੀ ਸੰਗੀਤ ਦਿੱਤਾ ਹੈ।
ਗੀਤਾਂ ਨੂੰ ਆਵਾਜ਼ ਵੀ ਉੱਚਕੋਟੀ ਦੇ ਗਾਇਕਾਂ ਦੁਰਗਾ ਰੰਗੀਲਾ, ਫਿਰੋਜ਼ ਖਾਨ, ਸੰਦੀਪ ਵਾਰਿਸ, ਨਸੀਰ ਖਵਾਜਾ, ਸਿਮਰਨ ਭਾਰਦਵਾਜ ਤੇ ਗਿੰਨੀ ਮਾਹੀ ਵੱਲੋ ਦਿੱਤੀਆਂ ਹਨ।
ਸੰਵਾਦ ਤੇ ਪਟਕਥਾ ਸਤਨਾਮ ਬੁਗਰਾ ਦੀ ਹੈ। ਫਿਲਮ ਲਈ ਰੂਪ ਸੱਜਾ ਅਵਨੀਤ ਤੇ ਕਿਰਨ ਨੇ ਕਰਵਾਈ ਹੈ। ਜਿਆਦਾਤਰ ਫਿਲਮ ਨੂੰ ਯੂ ਕੇ ਵਿੱਚ ਹੀ ਫਿਲਮਾਇਆ ਗਿਆ ਹੈ। ਫਿਲਮ ਦੇ ਨਿਰਦੇਸ਼ਕ ਨਸੀਬ ਰੰਧਾਵਾ ਦਾ ਕਹਿਣਾ ਹੈ ਕਿ ਇਹ ਇੱਕ ਪਰਿਵਾਰਕ ਫਿਲਮ ਹੈ ਤੇ ਦਰਸ਼ਕਾਂ ਨੂੰ ਲੁਭਾਉਣ ਹਸਾਉਣ ਤੇ ਮਨੋਰੰਜਨ ਲਈ ਕਾਫੀ ਮਸਾਲਾ ਹੈ। ਆਸ ਹੈ ਕਿ ਨਵਾਂ ਸਾਲ ਫਿਲਮ ” ਰਿਸ਼ਤੇ ਨਾਤੇ ” ਨਸੀਬ ਰੰਧਾਵਾ ਦੇ ਨਿਰਦੇਸ਼ਨ ਤੇ ਰਘਬੀਰ ਸੋਹਲ ਦੀ ਅਦਾਕਾਰੀ ਨੂੰ ਜੀ ਆਇਆ ਕਹਿ ਕੇ ਵਧੀਆ ਨਸੀਬ ਲਿਖੇਗਾ ਤੇ ਸਤਰੰਗ ਇੰਟਰਟੇਨਰਸ ਵਾਲੇ ਕਸ਼ਮੀਰ ਸਿੰਘ ਸੋਹਲ ਤੇ ਕੁਲਜੀਤ ਸਿੰਘ ਖ਼ਾਲਸਾ ਦਾ ਵੱਡੇ ਪਰਦੇ ਦੀ ਫਿਲਮ ਇੰਡਸਟਰੀ ‘ਚ ਪੈਰ ਧਰਾਵਾ ਕਰਵਾਏਗਾ । ਫਿਲਮ ਦੀ ਸਾਰੀ ਟੀਮ ਦਾ ਇਹੀ ਕਹਿਣਾ ਹੈ ਕਿ ਇਹ ਹਰ ਵਰਗ ਦੇ ਦਰਸ਼ਕਾਂ ਦੀਆਂ ਉਮੀਦਾਂ ਤੇ ਖਰ੍ਹਾ ਉਤਰੇਗੀ।