ਭਾਰਤ–ਪਾਕਿ ਵਿਚਾਲੇ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਸਮਝੌਤਾ, ਰਜਿਸਟ੍ਰੇਸ਼ਨ ਸ਼ੁਰੂ

0
353

ਡੇਰਾ ਬਾਬਾ ਨਾਨਕ : ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਨੇ ਅੱਜ ਕਰਤਾਰਪੁਰ ਸਾਹਿਬ ਲਾਂਘੇ ਦੀ ਸ਼ੁਰੂਆਤ ਕਰਨ ਲਈ ਬਾਕਾਇਦਾ ਇੱਕ ਸਮਝੌਤੇ ’ਤੇ ਹਸਤਾਖਰ ਕਰ ਦਿੱਤੇ ਹਨ। ਇਸ ਸਮਝੌਤੇ ਦੇ ਤੁਰੰਤ ਬਾਅਦ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਗਈ ਹੈ। ਭਾਰਤੀ ਅਧਿਕਾਰੀ ਐੱਸਸੀਐੱਲ ਦਾਸ ਦੀ ਅਗਵਾਈ ਹੇਠ ਹਸਤਾਖਰ ਕੀਤੇ ਗਏ। ਇਹ ਮੀਟਿੰਗ ਡੇਰਾ ਬਾਬਾ ਨਾਨਕ ਵਿਖੇ ਹੋਈ।

ਨਵੇਂ ਬਣੇ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋ ਗਈ ਹੈ। ਰਜਿਸਟ੍ਰੇਸ਼ਨ ਲਈ ਸ਼ੁਰੂ ਕੀਤੀ ਗਈ ਨਵੀਂ ਵੈੱਬਸਾਈਟ ਪੰਜਾਬੀ ਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਵਿੱਚ ਹੈ। ਪਿੱਛੇ ਜਿਹੇ ਲਾਂਚ ਕੀਤੀ ਗਈ ਵੈੱਬਸਾਈਟ ਰਾਹੀਂ ਸ਼ਰਧਾਲੂ ਆੱਨਲਾਈਨ ਫ਼ਾਰਮ ਭਰ ਸਕਣਗੇ।

ਕਰਤਾਰਪੁਰ ਸਾਹਿਬ ਦਾ ਲਾਂਘਾ ਉੱਥੇ ਬਣੇ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਡੇਰਾ ਬਾਬਾ ਨਾਨਕ ਨਾਲ ਜੋੜਦਾ ਹੈ। ਉਸ ਗੁਰੂਘਰ ਦੇ ਦਰਸ਼ਨਾਂ ਲਈ ਸ਼ਰਧਾਲੂ ਕੋਲ ਪਾਸਪੋਰਟ ਜ਼ਰੂਰ ਚਾਹੀਦਾ ਹੈ ਪਰ ਉਸ ਲਈ ਵੀਜ਼ਾ ਲਗਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ।

ਇਸ ਲਾਂਘੇ ਦੀ ਉਡੀਕ ਸਿੱਖ ਕੌਮ ਵੱਲੋਂ ਦੇਸ਼ ਦੀ ਵੰਡ ਭਾਵ 1947 ਤੋਂ ਹੀ ਕੀਤੀ ਜਾ ਰਹੀ ਸੀ। ਹੁਣ ਭਾਰਤੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਇਸ ਲਾਂਘੇ ਦਾ ਉਦਘਾਟਨ ਕੀਤਾ ਜਾਵੇਗਾ।

ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮਹਿਮੂਦ ਕੁਰੈਸ਼ੀ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਦੇਸ਼ ’ਚ ਮੌਜੂਦ ਕਰਤਾਰਪੁਰ ਸਾਹਿਬ ਲਾਂਘੇ ਦੇ ਹਿੱਸੇ ਦਾ ਉਦਘਾਟਨ 9 ਨਵੰਬਰ ਨੂੰ ਕੀਤਾ ਜਾਵੇਗਾ। ਭਾਰਤ ’ਚ ਇਹ ਉਦਘਾਟਨ 8 ਨਵੰਬਰ ਨੂੰ ਹੋ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪਾਕਿਸਤਾਨ ਸਰਕਾਰ ਦੀ ਬੇਨਤੀ ਉੱਤੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਹਾਮੀ ਭਰ ਦਿੱਤੀ ਹੈ।

ਸ੍ਰੀ ਕੁਰੈਸ਼ੀ ਨੇ ਇਹ ਵੀ ਕਿਹਾ ਕਿ ਡਾ. ਮਨਮੋਹਨ ਸਿੰਘ ਕਿਸੇ ਖ਼ਾਸ ਮਹਿਮਾਨ ਵਜੋਂ ਨਹੀਂ, ਸਗੋਂ ਇੱਕ ਆਮ ਯਾਤਰੀ ਵਜੋਂ ਉਸ ਰਸਮ ਵਿੱਚ ਸ਼ਾਮਲ ਹੋਣਗੇ।

ਪਾਕਿਸਤਾਨ ਨੇ ਇੱਕ ਦਿਨ ਵਿੱਚ ਸਿਰਫ਼ 5,000 ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਦੇਣ ਦਾ ਐਲਾਨ ਬਹੁਤ ਪਹਿਲਾਂ ਤੋਂ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਹਰੇਕ ਸ਼ਰਧਾਲੂ ਤੋਂ 20 ਅਮਰੀਕੀ ਡਾਲਰ ਭਾਵ 1,400 ਭਾਰਤੀ ਰੁਪਏ ਦੇ ਬਰਾਬਰ ਫ਼ੀਸ ਵੀ ਵਸੂਲੀ ਜਾਵੇਗੀ।