ਆਖ਼ਰ ਕਿਉਂ ਇੰਨੇ ਮਕਬੂਲ ਰਹੇ ਸਾਹਿਰ ਲੁਧਿਆਣਵੀ…?

0
497

 25 ਅਕਤੂਬਰ ਬਰਸੀ `ਤੇ ਵਿਸ਼ੇਸ਼

ਉਰਦੂ ਸ਼ਾਇਰ ਅਤੇ ਫਿ਼ਲਮੀ ਗੀਤਕਾਰ ਸਾਹਿਰ ਲੁਧਿਆਣਵੀ (8 ਮਾਰਚ, 1921 – 25 ਅਕਤੂਬਰ, 1980) ਇੱਕ ਅਜਿਹੀ ਸ਼ਖ਼ਸੀਅਤ ਸਨ ਕਿ ਜਿਨ੍ਹਾਂ ਨੂੰ ਜੇ ਕੋਈ ਕਦੇ ਇੱਕ ਵਾਰ ਮਿਲ ਲੈਂਦਾ ਸੀ, ਤਾਂ ਉਨ੍ਹਾਂ ਨੂੰ ਦੋਬਾਰਾ ਮਿਲਣ ਦੀ ਖ਼ਾਹਿਸ਼ ਜ਼ਰੂਰ ਜਾਗਦੀ ਸੀ। ਇਹ ਗੱਲ ਬਿਲਕੁਲ ਸਹੀ ਹੈ, ਜਦੋਂ ਕੋਈ ਸਾਹਿਰ ਦੇ ‘ਯੇਹ ਸੁਬਹ ਕਭੀ ਤੋ ਆਏਗੀ` ਜਿਹੇ ਆਸ਼ਾਵਾਦੀ ਗੀਤ ਸੁਣ-ਸੁਣ ਕੇ ਵੱਡਾ ਹੋਇਆ ਹੋਵੇ ਤੇ ਅਜਿਹੇ ਵਿਅਕਤੀ `ਚ ਤਾਂ ਉਨ੍ਹਾਂ ਨੂੰ ਮਿਲਣ ਦੀ ਇੱਛਾ ਪੈਦਾ ਹੋਣੀ ਸੁਭਾਵਕ ਹੈ। …ਤੇ ਫੇਰ ਜਦੋਂ ਕੋਈ ਪਾਠ-ਪੁਸਤਕਾਂ `ਚ ਕੀਟਸ ਤੇ ਵਰਡਜ਼ਵਰਥ ਦੀਆਂ ਕਵਿਤਾਵਾਂ ਪੜ੍ਹਦਾ-ਪੜ੍ਹਦਾ ਆਪਣੇ ਆਲੇ-ਦੁਆਲੇ ਦੇ ਅਸਲ ਕਵੀਆਂ ਤੇ ਕਵਿਤਾਵਾਂ ਦੇ ਰੂ-ਬ-ਰੂ ਹੁੰਦਾ ਹੈ, ਤਾਂ ਲੁਧਿਆਣਾ ਦੇ ਇਸ ਸ਼ਾਇਰ ਸਾਹਿਰ ਬਾਰੇ ਉਸ ਨੂੰ ਇਹ ਵੀ ਸੁਣਨ ਨੂੰ ਮਿਲਦਾ ਸੀ ਕਿ ਉਨ੍ਹਾਂ ਕਿਵੇਂ ਆਮ ਲੋਕਾਂ ਦੇ ਦਿਲਾਂ `ਚ ਘਰ ਕੀਤਾ ਹੋਇਆ ਸੀ; ਕਿਵੇਂ ਉਨ੍ਹਾਂ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਦੇ ਕਾਲਜ `ਚੋਂ ਕੱਢਿਆ ਗਿਆ ਸੀ ਤੇ ਫਿਰ ਕਈ ਸਾਲਾਂ ਪਿੱਛੋਂ ਉਸੇ ਕਾਲਜ ਦੇ ਗੋਲਡਨ ਜੁਬਲੀ ਸਮਾਰੋਹ ਦੌਰਾਨ ਉਨ੍ਹਾਂ ਨੂੰ ਉਸੇ ਹੀ ਕਾਲਜ `ਚ ਸਨਮਾਨਿਤ ਵੀ ਕੀਤਾ ਗਿਆ ਸੀ।

ਸਿਗਰੇਟ ਦੇ ਕਸ਼ ਨਾਲ ਬਾਹਰ ਆਉਂਦੇ ਸਨ ਸਾਹਿਰ ਦੇ ਗੀਤ
ਸਾਹਿਰ ਲੁਧਿਆਣਵੀ ਦੀਆਂ ਸਿਗਰੇਟਾਂ ਤੇ ਉਨ੍ਹਾਂ ਦੇ ਬਾਕੀ ਬਚੇ ਟੋਟਿਆਂ ਬਾਰੇ ਵੀ ਕਈ ਕਹਾਣੀਆਂ ਮਸ਼ਹੂਰ ਹਨ। ਮੈਂ ਇਸ ਬਾਰੇ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਨਾਲ ਗੱਲ ਕੀਤੀ, ਤਾਂ ਉਨ੍ਹਾਂ ਦੱਸਿਆ: ‘ਸਾਹਿਰ ਅਕਸਰ ਆਖਿਆ ਕਰਦੇ ਸਨ ਕਿ ਉਨ੍ਹਾਂ ਨੂੰ ਇੱਕ ਫਿ਼ਲਮੀ ਗੀਤ ਲਿਖਣ ਲਈ ਸਿਗਰੇਟ ਦੇ 10 ਕਸ਼ ਖਿੱਚਣੇ (ਸੂਟੇ ਲਾਉਣੇ) ਪੈਂਦੇ ਹਨ। ਉਨ੍ਹਾਂ ਦਿਨਾਂ `ਚ ਉਹ ਇੱਕ ਗੀਤ ਲਈ 10,000 ਰੁਪਏ ਲੈਂਦੇ ਸਨ; ਜਿਸ ਦਾ ਮਤਲਬ ਇਹ ਹੋਇਆ ਕਿ ਉਨ੍ਹਾਂ ਦਾ ਇੱਕ ਕਸ਼ ਇੱਕ ਹਜ਼ਾਰ ਰੁਪਏ ਦਾ ਸੀ।` ਇੱਥੇ ਮੈਂ ਇਹ ਵੀ ਦੱਸ ਦੇਵਾਂ ਕਿ ਸੁਰਜੀਤ ਪਾਤਰ ਅਜਿਹੇ ਪਹਿਲੇ ਸ਼ਾਇਰ ਸਨ, ਜਿਨ੍ਹਾਂ ਨੂੰ ਮੈਂ ਪੱਤਰਕਾਰੀ ਦੇ ਸਕੂਲ `ਚ ਮਿਲੀ ਸਾਂ।

ਸ਼ਾਇਰ ਦੇ ਦੋਸਤ
ਸ਼ਾਇਦ ਬਹੁਤਿਆਂ ਨੂੰ ਮੌਕਾ ਨਾ ਮਿਲਿਆ ਹੋਵੇ, ਪਰ ਮੈਂ ਦੋ ਅਜਿਹੇ ਸ਼ਾਇਰਾਂ ਸਿ਼ਵ ਕੁਮਾਰ ਬਟਾਲਵੀ ਤੇ ਸਾਹਿਰ ਲੁਧਿਆਣਵੀ ਨੂੰ ਮਿਲ ਚੁੱਕੀ ਹਾਂ, ਜਿਹੜੇ ਤਦ ਇਸ ਦੁਨੀਆ `ਚ ਨਹੀਂ ਰਹੇ ਸਨ। ਉਹ ਅਕਤੂਬਰ 1980 ਦਾ ਆਖ਼ਰੀ ਹਫ਼ਤਾ ਸੀ ਤੇ ਮੈਂ ਸਾਹਿਰ ਬਾਰੇ ਅਖ਼ਬਾਰ ਦਾ ਇੱਕ ਯਾਦਗਾਰੀ ਪੰਨਾ ਪ੍ਰਕਾਸਿ਼ਤ ਕਰਨ ਦੇ ਇਰਾਦੇ ਨਾਲ ਕੁਝ ਮੈਟਰ ਇਕੱਠਾ ਕਰਨ ਲਈ ਲੁਧਿਆਣਾ ਗਈ ਸਾਂ। ਸਾਹਿਰ ਦਾ ਇੰਤਕਾਲ 25 ਅਕਤੂਬਰ ਨੂੰ ਹੋਇਆ ਸੀ ਤੇ ਮੈਂ ਉਨ੍ਹਾਂ ਦੇ ਦੋਸਤਾਂ ਨਾਲ ਮੁਲਾਕਾਤ ਕੀਤੀ। ਉਰਦੂ ਸ਼ਾਇਰੀ ਤੇ ਫਿ਼ਲਮੀ ਗੀਤਕਾਰੀ ਦੇ ਖੇਤਰ ਵਿੱਚ ਉਹ ਇੱਕ ਵੱਡਾ ਖ਼ਲਾਅ ਛੱਡ ਗਏ ਸਨ।

ਲੁਧਿਆਣਾ `ਚ, ਮੈਨੂੰ ਉਰਦੂ ਸ਼ਾਇਰ ਕ੍ਰਿਸ਼ਨ ਅਦੀਬ ਹੁਰਾਂ ਨੇ ਮੈਨੂੰ ਰਾਹੇ ਪਾਇਆ। ਕ੍ਰਿਸ਼ਨ ਅਦੀਬ ਦੀ ਗ਼ਜ਼ਲ ‘ਜਬ ਭੀ ਆਤੀ ਹੈ ਤੇਰੀ ਯਾਦ ਕਭੀ ਸ਼ਾਮ ਕੇ ਬਾਅਦ…` ਬਹੁਤ ਮਸ਼ਹੂਰ ਹੈ ਤੇ ਇਸ ਨੂੰ ਮਹਿਦੀ ਹਸਨ ਤੇ ਜਗਜੀਤ ਸਿੰਘ ਨੇ ਵੀ ਗਾਇਆ ਹੈ।

ਮੈਨੂੰ ਉਦੋਂ ਸਮਝ ਨਹੀਂ ਸੀ ਆ ਰਹੀ ਕਿ ਮੈਂ ਕਿਸ ਨੂੰ ਮਿਲਾਂ ਤੇ ਕਿਹੋ ਜਿਹਾ ਮੈਟਰ ਇਕੱਠਾ ਕਰਾਂ ਪਰ ਸਾਹਿਰ ਲੁਧਿਆਣਵੀ ਦੇ ਦੋਸਤਾਂ ਨੂੰ ਮਿਲ ਕੇ ਮੇਰਾ ਇਹ ਮਸਲਾ ਵੀ ਹੱਲ ਹੋ ਗਿਆ ਸੀ। ਮੇਰੇ ਕੋਲ ਹੱਦੋਂ ਵੱਧ ਨਿਵੇਕਲਾ ਮੈਟਰ ਇਕੱਠਾ ਹੋ ਗਿਆ ਸੀ। ਉਨ੍ਹਾਂ ਦੇ ਦੋਸਤ ਉਨ੍ਹਾਂ ਨੂੰ ਯਾਦ ਕਰ-ਕਰ ਥੱਕਦੇ ਨਹੀਂ ਸਨ। ਹੌਜ਼ਰੀ ਉਦਯੋਗ ਦੇ ਸ਼ਹਿਰ ਲੁਧਿਆਣਾ ਦੇ ਭੀੜਾਂ ਨਾਲ ਲੱਦੇ ਬਾਜ਼ਾਰਾਂ `ਚ ਬਹੁਤ ਥਾਵਾਂ `ਤੇ ਬੱਸ ਉਦੋਂ ਜੇ ਕੋਈ ਚਰਚਾ ਸੀ ਤਾਂ ਸਿਰਫ਼ ਸਾਹਿਰ ਲੁਧਿਆਣਵੀ ਦੀ।

ਥਾਂ-ਥਾਂ `ਤੇ ਬੈਨਰ ਲਟਕਦੇ ਵਿਖਾਈ ਦਿੰਦੇ ਸਨ, ਜਿਨ੍ਹਾਂ `ਤੇ ਲਿਖਿਆ ਸੀ – ‘ਆਹ, ਸਾਹਿਰ ਲੁਧਿਆਣਵੀ।` ਇਹ ਪੋਸਟਰ ਸਾਹਿਰ ਦੇ ਬਚਪਨ ਦੇ ਦੋਸਤ ਤੇ ਪੇਂਟਰ ਬਾਵਰੀ ਨੇ ਪੇਂਟ ਕੀਤੇ ਸਨ। ਬਾਵਰੀ ਭਾਵੇਂ ਸਾਈਨਬੋਰਡ ਤਿਅਰ ਕਰਨ ਵਾਲੇ ਪੇਂਟਰ ਸਨ ਪਰ ਉਹ ਉਰਦੂ ਦੇ ਸ਼ਾਇਰ ਵੀ ਸਨ ਤੇ ਸਾਹਿਰ ਤੋਂ ਉਮਰ `ਚ ਕੁਝ ਸਾਲ ਵੱਡੇ ਸਨ। ਮੈਨੂੰ ਚੇਤੇ ਹੈ ਕਿ ਮੈਂ ਉਨ੍ਹਾਂ ਨਾਲ ਸਾਹਿਰ ਬਾਰੇ ਤਦ ਬਹੁਤ ਲੰਮੀ-ਚੌੜੀ ਗੱਲਬਾਤ ਕੀਤੀ ਸੀ; ਖ਼ਾਸ ਕਰ ਕੇ ‘ਚਕਲੇ` (ਸੈਕਸ ਵਰਕਰਾਂ ਦਾ ਅੱਡਾ) ਬਾਰੇ ਕਾਫ਼ੀ ਚਰਚਾ ਹੋਈ ਸੀ। ਇਹ ਨਜ਼ਮ ਸਾਹਿਰ ਨੇ ਆਪਣੀ ਮੁਢਲੀ ਜਵਾਨੀ ਦੇ ਦੌਰ ਵੇਲੇ ਲਿਖੀ ਸੀ ਤੇ ਫਿ਼ਲਮਸਾਜ਼ ਤੇ ਅਦਾਕਾਰ ਗੁਰੂ ਦੱਤ ਨੇ ਆਪਣੀ ਫਿ਼ਲਮ ‘ਪਿਆਸਾ` ਰਾਹੀਂ ਅਮਰ ਕਰ ਦਿੱਤਾ ਸੀ। ਉਸ ਫਿ਼ਲਮ ਦਾ ਸੰਗੀਤ ਐੱਸਡੀ ਬਰਮਨ ਦਾ ਸੀ ਅਤੇ ਇਸ ਨੂੰ ਗਾਇਆ ਸੀ ਮਹਾਨ ਗਾਇਕ ਮੁਹੰਮਦ ਰਫ਼ੀ ਨੇ।

ਉਸ ਨਜ਼ਮ ਬਾਰੇ ਬਾਵਰੀ ਹੁਰਾਂ ਦੱਸਿਆ ਸੀ: ‘ਮੈਂ ਇਹ ਸਤਰ ਸੁਣ ਕੇ ਸੁੰਨ ਹੋ ਗਿਆਸਾਂ: ਮਦਤ ਚਾਹਤੀ ਹੈ ਯੇਹ ਹੱਵਾ ਕੀ ਬੇਟੀ, ਯਸ਼ੋਧਾ ਕੀ ਹਮ-ਜਿਨਸ, ਰਾਧਾ ਕੀ ਬੇਟੀ।`

17 ਸਾਲਾਂ ਦੇ ਨੌਜਵਾਨ ਸਾਹਿਰ ਨੇ ਇਸ ਨਜ਼ਮ `ਚ ਔਰਤਾਂ ਲਈ ਇੰਨੇ ਸੋਹਣੇ ਸ਼ਬਦ ਉਣ ਤੇ ਜੜ ਕੇ ਸਾਰੇ ਹੀ ਧਰਮਾਂ ਦੇ ਠੇਕੇਦਾਰਾਂ ਨੂੰ ਸ਼ਰਮਸਾਰ ਕਰ ਕੇ ਰੱਖ ਦਿੱਤਾ ਸੀ।

ਸਾਹਿਰ ਲੁਧਿਆਣਵੀ ਦੇ ਕੁਝ ਹੋਰ ਦੋਸਤਾਂ ਨੂੰ ਵੀ ਮੈਂ ਮਿਲੀ ਸਾਂ, ਜਿਨ੍ਹਾਂ `ਚ ਪ੍ਰਸਿੱਧ ਪੇਂਟਰ ਹਰਕ੍ਰਿਸ਼ਨ ਲਾਲ, ਟਰੇਡ ਯੂਨੀਅਨ ਆਗੂ ਮਦਨਲਾਲ ਦੀਦੀ ਤੇ ਪੰਜਾਬੀ ਸ਼ਾਇਰ ਅਜਾਇਬ ਚਿੱਤਰਕਾਰ ਵੀ ਸ਼ਾਮਲ ਸਨ। ਉਨ੍ਹਾਂ ਨੇ ਮੈਨੁੰ ਸਾਹਿਰ ਲੁਧਿਆਣਵੀ ਦੀਆਂ ਸ਼ਾਇਰੀ ਦੀਆਂ ਦੇਵਨਾਗਰੀ ਲਿਪੀ `ਚ ਛਪੀਆਂ ਕਿਤਾਬਾਂ ਵੀ ਤੋਹਫ਼ੇ ਵਜੋਂ ਦਿੱਤੀਆਂ ਸਨ। ਉਹ ਪੁਸਤਕਾਂ ਮੈਂ ਹਾਲੇ ਵੀ ਸਾਂਭ ਕੇ ਰੱਖੀਆਂ ਹੋਈਆਂ ਹਨ; ਭਾਵੇਂ ਸਮੇਂ ਨਾਲ ਹੋਰ ਬਹੁਤ ਕੁਝ ਗੁਆਚ ਚੁੱਕਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫ਼ੋਟੋਗ੍ਰਾਫ਼ਾਰ ਕ੍ਰਿਸ਼ਨ ਅਦੀਬ ਹੁਰਾਂ ਨੇ ਮੈਨੂੰ ਸਾਹਿਰ ਬਾਰੇ ਬਹੁਤ ਸਾਰੀਆਂ ਨਿੱਕੀਆਂ-ਨਿੱਕੀਆਂ ਗੱਲਾਂ, ਘਟਨਾਵਾਂ ਤੇ ਕੁਝ ਦੁਰਲੱਭ ਕਿਸਮ ਦੀਆਂ ਤਸਵੀਰਾਂ ਵੀ ਦਿੱਤੀਆਂ ਸਨ; ਜਿਨ੍ਹਾਂ ਵਿੱਚ ਵੀ ਉਹ ਤਸਵੀਰਾਂ ਵੀ ਸ਼ਾਮਲ ਸਨ, ਜਦੋਂ ਸਾਹਿਰ ਹੁਰਾਂ ਨੂੰ ਕਾਲਜ ਵਿੱਚ ਸਨਮਾਨਿਤ ਕਰਨ ਲਈ ਸੱਦਿਆ ਗਿਆ ਸੀ। ਇਹ ਵੱਖਰੀ ਗੱਲ ਸੀ ਕਿ ਆਜ਼ਾਦੀ ਤੋਂ ਪਹਿਲਾਂ ਇਸੇ ਕਾਲਜ `ਚੋਂ ਉਨ੍ਹਾਂ ਨੂੰ ਕੱਢ ਦਿੱਤਾ ਗਿਆ ਸੀ।

ਝਿੰਝ ਹੀ ਮੈਨੂੰ ‘ਖ਼ੁਸ਼ਵੰਤ ਸਿੰਘ ਲਿਟਰੇਚਰ ਫ਼ੈਸਟੀਵਲ` (ਖ਼ੁਸ਼ਵੰਤ ਸਿੰਘ ਸਾਹਿਤ ਮੇਲਾ) ਮੌਕੇ ਵੀ ਸਾਹਿਰ ਬਾਰੇ ਕਾਫ਼ੀ ਕੁਝ ਜਾਣਨ ਦਾ ਮੌਕਾ ਮਿਲਿਆ। ਇਸ ਮੇਲੇ ਦੇ ਦੋ ਸੈਸ਼ਨ ਸਨ: ਇੱਕ ਸੈਸ਼ਨ ਤਾਂ ਅਨਿਰੁਧ ਭੱਟਾਚਾਰਜੀ ਤੇ ਬਾਲਾਜੀ ਵਿੱਟਲ ਦੀ ਲਿਖੀ ਪੁਸਤਕ ‘ਐੱਸਡੀ ਬਰਮਨ: ਦਿ ਪ੍ਰਿੰਸ ਮਿਊਜ਼ੀਸ਼ੀਅਨ` (ਐੱਸਡੀ ਬਰਮਨ: ਸ਼ਹਿਜ਼ਾਦਾ ਸੰਗੀਤਕਾਰ) ਦੀ ਸੰਗੀਤਕ ਲਾਂਚਿੰਗ ਨਾਲ ਸਬੰਧਤ ਸੀ। ਐੱਸਡੀ ਬਰਮਨ ਤੇ ਸਾਹਿਰ ਲੁਧਿਆਣਵੀ ਨੇ ਲੰਮਾ ਸਮਾਂ ਇਕੱਠਿਆਂ ਕੰਮ ਕੀਤਾ ਸੀ ਕਿਉਂਕਿ ਬਰਮਨ ਹੁਰਾਂ ਲੁਧਿਆਣਵੀ ਨੂੰ ਆਪਣੀਆਂ ਫਿ਼ਲਮਾਂ `ਚ ਕੰਮ ਕਰਨ ਦਾ ਮੌਕਾ ਦਿੱਤਾ ਸੀ। ਉਨ੍ਹਾਂ ਦੋਵਾਂ ਦੀ ਪਹਿਲੀ ਫਿ਼ਲਮ ਸੀ ‘ਨੌਜਵਾਨ`, ਜੋ ਇੱਕ ਸਦਾਬਹਾਰ ਫਿ਼ਲਮ ਹੈ। ਉਸ ਸਦਾ ਗੀਤ ਸੀ ‘ਠੰਡੀ ਹਵਾਏਂ ਲਹਿਰਾ ਕੇ ਆਏਂ`; ਜੋ ਸਾਹਿਰ ਨੇ ਦੇਸ਼ ਦੀ ਵੰਡ ਸਮੇਂ ਲਾਹੌਰ ਤੋਂ ਭਾਰਤ ਆਉਣ ਵੇਲੇ ਲਿਖਿਆ ਸੀ।

ਸਚਿਨ ਦੇਵ ਬਰਮਨ ਤੇ ਸਾਹਿਰ ਲੁਧਿਆਣਵੀ ਦੀ ਜੋੜੀ ਨੇ ਇੱਕ ਤੋਂ ਬਾਅਦ ਇੱਕ ਹਿੱਟ ਫਿ਼ਲਮੀ ਸੰਗੀਤ ਦਿੱਤਾ ਸੀ। ਗੁਰੂ ਦੱਤ ਦੀ ਫਿ਼ਲਮ ‘ਪਿਆਸਾ` (1957) ਉਨ੍ਹਾਂ ਦੋਵਾਂ ਦੀ ਆਖ਼ਰੀ ਫਿ਼ਲਮ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਮੁੜ ਕਦੇ ਇਕੱਠਿਆਂ ਕੰਮ ਨਹੀਂ ਕੀਤਾ। ਵਿੱਟਲ ਹੁਰਾਂ ਇਹ ਦੱਸਿਆ ਕਿ ਇਸ ਫਿ਼ਲਮ ਦੇ ਗੀਤਾਂ ਦੀ ਸਫ਼ਲਤਾ ਦਾ ਸਿਹਰਾ ਸਾਹਿਰ ਆਪਣੇ ਸਿਰ ਬੰਨ੍ਹ ਰਹੇ ਸਨ ਪਰ ਬਰਮਨ ਹੁਰਾਂ ਨੂੰ ਇਹ ਮਨਜ਼ੂਰ ਨਹੀਂ ਸੀ; ਇਸੇ ਲਈ ਉਨ੍ਹਾਂ ਆਪਣੇ ਮਨਪਸੰਦ ਗੀਤਕਾਰ ਨਾਲ ਵੀ ਦੋਬਾਰਾ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਉੱਘੇ ਸ਼ਾਇਰ ਸਾਹਿਰ ਲੁਧਿਆਣਵੀ ਬਾਰੇ ਫਿਰ ਜਿ਼ਕਰ ਅੰਮ੍ਰਿਤਾ ਪ੍ਰੀਤਮ ਦੇ ਜਨਮ ਸ਼ਤਾਬਦੀ ਸਮਾਰੋਹ ‘ਹਮਾਰੀ ਅੰਮ੍ਰਿਤਾ` ਪ੍ਰੋਗਰਾਮ ਵਿੱਚ ਹੋਇਆ; ਜਿੱਥੇ ਚੰਡੀਗੜ੍ਹ ਦੇ ਹਿੰਦੀ ਸ਼ਾਇਰ ਚੰਦਰ ਤ੍ਰਿਖਾ ਨੇ ਦੱਸਿਆ ਕਿ ਸਾਹਿਰ ਲੁਧਿਆਣਵੀ ਤਦ ਅੰਮ੍ਰਿਤਾ ਪ੍ਰੀਤਮ ਦੇ ਘਰ ਦੇ ਹੇਠਾਂ ਕਈ-ਕਈ ਘੰਟਿਆਂ ਬੱਧੀ ਅੰਮ੍ਰਿਤਾ ਦੀ ਉਡੀਕ ਕਰਦੇ ਰਹਿੰਦੇ ਸਨ ਤੇ ਸਿਗਰੇਟਾਂ ਫੂਕਦੇ ਰਹਿੰਦੇ ਸਨ। ਉਹ ਖਿੜਕੀ ਖੁੱਲ੍ਹਣ ਦੀ ਉਡੀਕ ਕਰਦੇ ਰਹਿੰਦੇ ਸਨ ਕਿ ਤਾਂ ਜੋ ਉਨ੍ਹਾਂ ਦੀ ਇੱਕ ਝਲਕ ਵੇਖ ਸਕਣ। ਫਿਰ ਇਮਰੋਜ਼ ਦੇ ਬਣਾਏ ਫਿ਼ਲਮ ‘ਪਿਆਸਾ` ਦੇ ਪੋਸਟਰਾਂ ਦਾ ਜਿ਼ਕਰ ਵੀ ਹੋਇਆ, ਜਿਸ `ਤੇ ਗੁਰੂ ਦੱਤ ਅਤੇ ਵਹੀਦਾ ਰਹਿਮਾਨ ਦੇ ਸਕੈੱਚ ਬਣੇ ਹੋਏ ਹਨ ਤੇ ਸਾਹਿਰ ਲੁਧਿਆਣਵੀ ਦੇ ਗੀਤ ਦੇ ਬੋਲ ਵੀ ਲਿਖੇ ਹੋਏ ਹਨ। ਇਸ ਗੀਤ ‘ਯੇ ਮਹਿਲੋਂ, ਯੇ ਤਖ਼ਤੋਂ, ਯੇ ਤਾਜੋਂ ਕੀ ਦੁਨੀਆ…` ਨੂੰ ਤਦ ਪੂਰਾ ਦੇਸ਼ ਗਾਉਂਦਾ ਹੁੰਦਾ ਸੀ।

ਇਮਰੋਜ਼ ਹੁਰਾਂ ਨੂੰ ਇਹ ਪੋਸਟਰ ਤਿਆਰ ਕਰਨ ਦਾ ਮਿਹਨਤਾਨਾ ਤਾਂ ਮਿਲਿਆ ਹੀ ਸੀ, ਉਨ੍ਹਾਂ ਨੂੰ ਨਾਲ ਇਸੇ ਫਿ਼ਲਮ ਦੇ ਪ੍ਰੀਮੀਅਰ ਸ਼ੋਅ ਦੀਆਂ ਦੋ ਟਿਕਟਾਂ ਵੀ ਮਿਲੀਆਂ ਸਨ। ਇਮਰੋਜ਼ ਤਦ ਅੰਮ੍ਰਿਤਾ ਨੂ਼ੰ ਖ਼ੁਸ਼ ਕਰਨਾ ਚਾਹੁੰਦੇ ਸਨ। ਇਸੇ ਲਈ ਉਹ ਚਾਈਂ-ਚਾਈਂ ਅੰਮ੍ਰਿਤਾ ਨੂੰ ਦੱਸਣ ਲਈ ਗਏ ਕਿ ਉਨ੍ਹਾਂ ਕੋਲ ਫਿ਼ਲਮ ਦੇ ਦੋ ਟਿਕਟ ਹਨ ਪਰ ਅੱਗੇ ਜਾ ਕੇ ਪਤਾ ਲੱਗਾ ਕਿ ਸਾਹਿਰ ਲੁਧਿਆਣਵੀ ਪਹਿਲਾਂ ਹੀ ਅੰਮ੍ਰਿਤਾ ਨੂੰ ਆ ਕੇ ਪ੍ਰੀਮੀਅਰ ਸ਼ੋਅ ਦਾ ਸੱਦਾ ਦੇ ਚੁੱਕੇ ਸਨ।