ਬਚਪਨ ਅਤੇ ਪਾਲਣ-ਪੋਸ਼ਣ : ਉਨ੍ਹਾਂ ਦੇ ਪਿਤਾ ਸ. ਟਹਿਲ ਸਿੰਘ ਜੀ ਰੇਲਵੇ ਵਿਭਾਗ ਵਿਚ ਪਿੰਡ ਉੱਪਲੀ ਵਿਖੇ ਰੇਲਵੇ ਫਾਟਕ ਦੇ ਚੌਂਕੀਦਾਰ ਵਜੋਂ ਨੌਕਰੀ ਕਰਦੇ ਸਨ। ਊਧਮ ਸਿੰਘ ਜੀ ਅਜੇ ਸਿਰਫ਼ ਦੋ ਸਾਲ ਦੇ ਸਨ ਜਦੋਂ ਉਨ੍ਹਾਂ ਦੀ ਮਾਤਾ ਜੀ 1901 ਈ. ਵਿਚ ਅਕਾਲ ਚਲਾਣਾ ਕਰ ਗਏ ਅਤੇ 1907 ਈ. ਵਿਚ ਉਨ੍ਹਾਂ ਦੇ ਪਿਤਾ ਜੀ ਦੀ ਵੀ ਮੌਤ ਹੋ ਗਈ। ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਵੱਡੇ ਭਰਾ ਨੂੰ ਅੰਮ੍ਰਿਤਸਰ ਦੇ ਕੇਂਦਰੀ ਖਾਲਸਾ ਯਤੀਮਖਾਨਾ (ਪੁਤਲੀ ਘਰ) ਵਿਖੇ ਲਿਆਂਦਾ ਗਿਆ। ਉਨ੍ਹਾਂ ਦਾ ਬਚਪਨ ਦਾ ਨਾਮ ਸ਼ੇਰ ਸਿੰਘ ਅਤੇ ਭਰਾ ਦਾ ਨਾਮ ਮੁਕਤਾ ਸਿੰਘ ਸੀ, ਪਰ ਅਨਾਥ ਆਸ਼ਰਮ ਵਿਚ ਅੰਮ੍ਰਿਤ ਛਕਣ ਉਪਰੰਤ ਉਨ੍ਹਾਂ ਨੂੰ ਕ੍ਰਮਵਾਰ ਊਧਮ ਸਿੰਘ ਅਤੇ ਸਾਧੂ ਸਿੰਘ ਨਵੇਂ ਨਾਮ ਮਿਲੇ। ਇੱਥੇ ਰਹਿੰਦੇ ਹੋਏ ਉਨ੍ਹਾਂ ਨੇ ਪੜ੍ਹਾਈ ਦੇ ਨਾਲ-ਨਾਲ ਲੱਕੜੀ ਦਾ ਕੰਮ ਸਿੱਖਿਆ ਅਤੇ ਸਾਈਨ ਬੋਰਡ ਲਿਖਣ ਅਤੇ ਸੰਗੀਤ ਆਦਿ ਵਿਚ ਮੁਹਾਰਤ ਹਾਸਲ ਕੀਤੀ।
1917 ਵਿਚ ਉਨ੍ਹਾਂ ਦੇ ਵੱਡੇ ਭਰਾ ਦੀ ਵੀ ਮੌਤ ਹੋ ਗਈ।
🔶ਜਲ੍ਹਿਆਂਵਾਲੇ ਬਾਗ ਦੀ ਘਟਨਾ ਦਾ ਅਸਰ : ਅੰਗਰੇਜ਼ ਸਰਕਾਰ ਭਾਰਤੀ ਲੋਕਾਂ ਨੂੰ ਤੰਗ ਕਰਨ ਲਈ ਨਵੇਂ-ਨਵੇਂ ਤਰੀਕੇ ਲੱਭਦੀ ਰਹਿੰਦੀ ਸੀ। ਇਸੇ ਕਾਰਨ ਉਸ ਦੁਆਰਾ 1914 ਈ. ਵਿਚ ਰੋਲਟ ਐਕਟ ਪਾਸ ਕੀਤਾ ਗਿਆ। ਇਸ ਐਕਟ ਤਹਿਤ ਪੁਲਿਸ ਕਿਸੇ ਨੂੰ ਵੀ ਬਿਨਾਂ ਕਿਸੇ ਕਸੂਰ ਦੇ ਅਤੇ ਬਿਨਾਂ ਕਿਸੇ ਕਾਰਵਾਈ ਦੇ ਗ੍ਰਿਫ਼ਤਾਰ ਕਰ ਸਕਦੀ ਸੀ। ਇਸ ਗ੍ਰਿਫ਼ਤਾਰੀ ਦੇ ਖਿਲਾਫ਼ ਕੋਈ ਅਪੀਲ ਵੀ ਨਹੀਂ ਹੋ ਸਕਦੀ ਸੀ। 10 ਅਪ੍ਰੈਲ, 1919 ਈ. ਨੂੰ ਭਾਰਤੀ ਰਾਸ਼ਟਰੀ ਕਾਂਗਰਸ ਦੇ ਅੰਮ੍ਰਿਤਸਰ ਵਿਖੇ ਲੀਡਰਾਂ ਸੈਫ-ਉਦ-ਦੀਨ ਕਿਚਲੂ ਅਤੇ ਡਾ. ਸੱਤਪਾਲ ਨੂੰ ਰੋਲਟ ਐਕਟ ਅਧੀਨ ਬਰਤਾਨਵੀ ਸਰਕਾਰ ਦੁਆਰਾ ਗ੍ਰਿਫ਼ਤਾਰ ਕਰ ਲਿਆ ਗਿਆ। 13 ਅਪ੍ਰੈਲ, 1919 ਈ. ਨੂੰ ਵਿਸਾਖੀ ਵਾਲੇ ਦਿਨ ਜਲ੍ਹਿਆਂਵਾਲੇ ਬਾਗ ਵਿਖੇ ਲੋਕ ਹਜ਼ਾਰਾਂ ਦੀ ਗਿਣਤੀ ਵਿਚ ਆਪਣੇ ਨੇਤਾਵਾਂ ਦੀਆਂ ਗ੍ਰਿਫ਼ਤਾਰੀਆਂ ਵਿਰੁੱਧ ਸ਼ਾਂਤਮਈ ਮੁਜ਼ਾਹਰਾ ਕਰ ਰਹੇ ਸਨ। ਹਰਬੰਸ ਸਿੰਘ, ਸੰਪਾਦਕ ਇਨਸਾਈਕਲੋਪੀਡੀਆ ਆਫ ਸਿੱਖਇਜ਼ਮ ਅਨੁਸਾਰ, ਜਲ੍ਹਿਆਂਵਾਲੇ ਬਾਗ ਦੀ ਘਟਨਾ ਸਮੇਂ ਸ. ਊਧਮ ਸਿੰਘ ਜੀ ਉੱਥੇ ਹਾਜ਼ਰ ਸਨ। ਉਹ ਮੁਜ਼ਾਹਰਾਕਾਰੀਆਂ ਨੂੰ ਪਾਣੀ ਪਿਲਾਉਣ ਦੀ ਸੇਵਾ ਨਿਭਾਅ ਰਹੇ ਸਨ। ਇਸ ਘਟਨਾ ਵਿਚ ਬ੍ਰਿਗੇਡੀਅਰ ਜਨਰਲ ਡਾਇਰ ਦੇ ਹੁਕਮ ਤੇ ਬਿਨਾਂ ਕਿਸੇ ਚਿਤਾਵਨੀ ਦਿੱਤੇ ਲੋਕਾਂ ਉੱਪਰ ਅੰਗਰੇਜ਼ ਫ਼ੌਜੀਆਂ ਦੁਆਰਾ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਇੱਕ ਅਨੁਮਾਨ ਅਨੁਸਾਰ ਲਗਭਗ 1500 ਲੋਕ ਮਾਰੇ ਗਏ ਅਤੇ 1200 ਲੋਕ ਜ਼ਖ਼ਮੀ ਹੋਏ। ਜਲ੍ਹਿਆਂਵਾਲੇ ਬਾਗ ਦੀ ਘਟਨਾ ਦਾ ਉਨ੍ਹਾਂ ਦੇ ਦਿਲ ਉੱਤੇ ਬਹੁਤ ਡੂੰਘਾ ਅਸਰ ਹੋਇਆ। ਪੰਜਾਬ ਦੇ ਤਤਕਾਲੀ ਗਵਰਨਰ ਮਾਈਕਲ ਉਡਵਾਇਰ ਦੁਆਰਾ ਜਦੋਂ ਇਸ ਘਟਨਾ ਦੀ ਹਮਾਇਤ ਕੀਤੀ ਗਈ ਤਾਂ ਊਧਮ ਸਿੰਘ ਜੀ ਨੇ ਇਸ ਘਟਨਾ ਦਾ ਬਦਲਾ ਲੈਣ ਦੀ ਗੱਲ ਮਨ ਵਿਚ ਧਾਰ ਲਈ ਅਤੇ ਉਹ ਕ੍ਰਾਂਤੀਕਾਰੀ ਸਰਗਰਮੀਆਂ ਵਿਚ ਸ਼ਾਮਿਲ ਹੋਣ ਲੱਗ ਪਏ।
🔶ਭਾਰਤ ਤੋਂ ਦੱਖਣੀ ਅਫਰੀਕਾ ਜਾਣਾ : ਜਲ੍ਹਿਆਂਵਾਲੇ ਬਾਗ ਦੀ ਘਟਨਾ ਤੋਂ ਮਗਰੋਂ ਉਹ ਕੁਝ ਸਮਾਂ ਕਸ਼ਮੀਰ ਵਿਚ ਰਹੇ। ਉੱਥੋਂ ਮਜ਼ਦੂਰਾਂ ਦੇ ਇੱਕ ਗਰੁੱਪ ਨਾਲ ਉਹ ਦੱਖਣੀ ਅਫਰੀਕਾ ਚਲੇ ਗਏ।
🔶ਦੱਖਣੀ ਅਫਰੀਕਾ ਤੋਂ ਅਮਰੀਕਾ ਜਾਣਾ : ਦੱਖਣੀ ਅਫਰੀਕਾ ਰਹਿੰਦੇ ਹੋਏ ਸਮੁੰਦਰੀ ਜਹਾਜ਼ ਵਿਚ ਕੰਮ ਕਰਦੇ-ਕਰਦੇ ਉਹ ਅਮਰੀਕਾ ਪਹੁੰਚ ਗਏ, ਜਿੱਥੇ ਉਨ੍ਹਾਂ ਦੀ ਮੁਲਾਕਾਤ ਲਾਲਾ ਹਰਦਿਆਲ ਜੀ ਨਾਲ ਹੋਈ, ਜੋ ਗਦਰ ਪਾਰਟੀ ਦੇ ਚੀਫ਼ ਸਨ। ਇੱਥੇ ਰਹਿੰਦੇ ਹੋਏ ਉਨ੍ਹਾਂ ਨੇ ਹਥਿਆਰਾਂ ਬਾਰੇ ਜਾਣਕਾਰੀ ਲਈ ਅਤੇ ਨਿਸ਼ਾਨੇਬਾਜ਼ੀ ਵਿਚ ਮੁਹਾਰਤ ਹਾਸਲ ਕੀਤੀ।
🔶ਅਮਰੀਕਾ ਤੋਂ ਇੰਗਲੈਂਡ ਪਹੁੰਚਣਾ : ਅਮਰੀਕਾ ਵਿਚ ਰਿਹਾਇਸ਼ ਦੌਰਾਨ ਲਾਲਾ ਹਰਦਿਆਲ ਜੀ ਨੇ ਉਨ੍ਹਾਂ ਨੂੰ ਇੰਗਲੈਂਡ ਜਾਣ ਦੀ ਸਲਾਹ ਦਿੱਤੀ ਕਿਉਂਕਿ ਉਨ੍ਹਾਂ ਦਾ ਸ਼ਿਕਾਰ, ਮਾਈਕਲ ਉਡਵਾਇਰ, ਰਿਟਾਇਰ ਹੋਣ ਤੋਂ ਬਾਅਦ ਇੰਗਲੈਂਡ ਵਿਚ ਰਹਿ ਰਿਹਾ ਸੀ। ਇਸ ਲਈ ਉਹ ਅਮਰੀਕਾ ਤੋਂ ਇੰਗਲੈਂਡ ਪਹੁੰਚ ਗਏ।
🔶ਇੰਗਲੈਂਡ ਤੋਂ ਵਾਪਸ ਭਾਰਤ ਆਉਣਾ ਅਤੇ ਫਿਰ ਇੰਗਲੈਂਡ ਜਾਣਾ : 1923 ਈ. ਵਿਚ ਸ. ਭਗਤ ਸਿੰਘ ਦੇ ਬੁਲਾਉਣ ਤੇ ਉਹ ਭਾਰਤ ਵਾਪਸ ਆ ਗਏ ਅਤੇ ਉਨ੍ਹਾਂ ਨੇ ਲਾਲਾ ਲਾਜਪਤ ਰਾਏ ਦੇ ਨੈਸ਼ਨਲ ਕਾਲਜ ਲਾਹੌਰ ਵਿਚ ਦਾਖਲ ਹੋ ਕੇ ਐਫ.ਏ. ਦੀ ਪੜ੍ਹਾਈ ਪੂਰੀ ਕੀਤੀ। ਇਹ ਕਾਲਜ ਕ੍ਰਾਂਤੀਕਾਰੀਆਂ ਦਾ ਗੜ੍ਹ ਸੀ। ਕੁਝ ਸਮੇਂ ਬਾਅਦ ਉਹ ਫਿਰ ਇੰਗਲੈਂਡ ਚਲੇ ਗਏ ਅਤੇ ਗਦਰ ਪਾਰਟੀ ਨਾਲ ਮਿਲ ਕੇ ਸੰਘਰਸ਼ ਜਾਰੀ ਰੱਖਿਆ। ਇੱਧਰ ਭਾਰਤ ਵਿਚ ਵੀ ਅਜ਼ਾਦੀ ਲਈ ਸੰਘਰਸ਼ ਪੂਰੇ ਜ਼ੋਰਾਂ ਤੇ ਸੀ। 1927 ਈ. ਵਿਚ ਸ. ਭਗਤ ਸਿੰਘ ਦੇ ਬੁਲਾਉਣ ਤੇ ਉਹ ਫੇਰ ਇੰਗਲੈਂਡ ਤੋਂ ਵਾਪਸ ਲਾਹੌਰ ਆ ਗਏ। ਉਹ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਅਜ਼ਾਦੀ ਲਈ ਪ੍ਰੇਰਿਤ ਕਰਦੇ। ਇਸੇ ਦੌਰਾਨ ਸ. ਊਧਮ ਸਿੰਘ ਜੀ ਨੂੰ ਗੈਰ-ਕਨੂੰਨੀ ਤੌਰ ਤੇ ਹਥਿਆਰ ਰੱਖਣ ਅਤੇ ਪਾਬੰਦੀਸ਼ੁਦਾ ਸਾਹਿਤ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ । ਉਨ੍ਹਾਂ ਨੂੰ 5 ਸਾਲ ਦੀ ਸਜ਼ਾ ਹੋਈ। ਰਿਹਾਅ ਹੋਣ ਉਪਰੰਤ ਉਹ 1933 ਈ. ਵਿਚ ਵਾਪਸ ਲੰਡਨ ਚਲੇ ਗਏ। ਲੰਡਨ ਵਿਖੇ ਰਹਿੰਦੇ ਹੋਏ ਆਪ ਜੀ ਨੇ ਸੈਂਟਰਲ ਗੁਰਦੁਆਰਾ ਖਾਲਸਾ ਜਥਾ, ਸ਼ੈਫਰਡ, ਲੰਡਨ, ਇੰਗਲੈਂਡ ਨੂੰ ਆਪਣਾ ਕੇਂਦਰੀ ਸਥਾਨ ਬਣਾਇਆ। ਆਪ ਬਹੁਤ ਲੰਮਾ ਸਮਾਂ ਇਸ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਦੇ ਰਹੇ ਅਤੇ ਇਹ ਗੁਰਦੁਆਰਾ ਉਨ੍ਹਾਂ ਦੀਆਂ ਗਤੀਵਿਧੀਆਂ ਦਾ ਕੇਂਦਰ ਬਣ ਗਿਆ। ਇਸ ਗੁਰਦੁਆਰਾ ਸਾਹਿਬ ਵਿਖੇ ਸੇਵਾ ਸਿਮਰਨ ਕਰਦਿਆਂ ਆਪ ਨੇ ਬਹੁਤ ਸਾਰੇ ਅਜ਼ਾਦੀ- ਘੁਲਾਟੀਆਂ ਨੂੰ ਲਾਮਬੰਦ ਕੀਤਾ ਅਤੇ ਮਾਈਕਲ ਉਡਵਾਇਰ ਨੂੰ ਉਸਦੇ ਕੀਤੇ ਜ਼ੁਲਮ ਦੀ ਸਜ਼ਾ ਦੇਣ ਦੀ ਵਿਉਂਤ ਬਣਾਈ।
🔶ਮਾਈਕਲ ਉਡਵਾਇਰ ਨੂੰ ਮਾਰਨਾ : ਲੰਡਨ ਰਹਿੰਦੇ ਹੋਏ ਉਨ੍ਹਾਂ ਨੇ ਕਾਫੀ ਸੰਘਰਸ਼ ਤੋਂ ਬਾਅਦ ਮਾਈਕਲ ਉਡਵਾਇਰ ਨੂੰ ਲੱਭ ਲਿਆ ਅਤੇ ਉਹ ਉਸਦਾ ਡਰਾਈਵਰ ਬਣਨ ਵਿਚ ਕਾਮਯਾਬ ਹੋ ਗਏ। ਇਸ ਨੌਕਰੀ ਦੌਰਾਨ ਉਨ੍ਹਾਂ ਨੂੰ ਉਡਵਾਇਰ ਨੂੰ ਮਾਰਨ ਦੇ ਕਈ ਮੌਕੇ ਮਿਲੇ ਪਰ ਉਹ ਉਸਨੂੰ ਅਜਿਹੀ ਜਗ੍ਹਾ ਤੇ ਮਾਰਨਾ ਚਾਹੁੰਦੇ ਸਨ ਜਿੱਥੋਂ ਸਾਰੀ ਦੁਨੀਆਂ ਨੂੰ ਪਤਾ ਲੱਗੇ ਕਿ ਜਲ੍ਹਿਆਂਵਾਲੇ ਬਾਗ ਦੇ ਕਾਤਲ ਨੂੰ ਉਸ ਦੀ ਸਜ਼ਾ ਦੇ ਦਿੱਤੀ ਗਈ ਹੈ। ਆਖਿਰਕਾਰ ਅਜਿਹਾ ਮੌਕਾ ਮਿਲ ਹੀ ਗਿਆ। 13 ਮਾਰਚ 1940 ਨੂੰ ਈਸਟ ਇੰਡੀਆ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਕੈਕਸਟਨ ਹਾਲ ਲੰਡਨ ਵਿਖੇ ਮੀਟਿੰਗ ਹੋ ਰਹੀ ਸੀ, ਜਿੱਥੇ ਜਲ੍ਹਿਆਂਵਾਲੇ ਬਾਗ ਦੇ ਘਿਨੌਣੇ ਸਾਕੇ ਦਾ ਦੋਸ਼ੀ ਮਾਈਕਲ ਉਡਵਾਇਰ ਬੁਲਾਰੇ ਵਜੋਂ ਭਾਸ਼ਣ ਦੇ ਰਿਹਾ ਸੀ। ਸ. ਊਧਮ ਸਿੰਘ ਜੀ ਵੀ ਇਸ ਹਾਲ ਵਿਚ ਪਹੁੰਚਣ ਵਿਚ ਕਾਮਯਾਬ ਹੋ ਗਏ। ਉਨ੍ਹਾਂ ਨੇ ਕਿਤਾਬ ਵਿਚ ਛੁਪਾ ਕੇ ਲਿਆਂਦੀ ਰਿਵਾਲਵਰ ਨਾਲ ਉਸ ਨੂੰ ਮਾਰ ਕੇ ਭਾਰਤੀਆਂ ਦਾ ਸਿਰ ਅਣਖ ਨਾਲ ਉੱਚਾ ਕਰ ਦਿੱਤਾ।
🔶ਫਾਂਸੀ ਦੀ ਸਜ਼ਾ ਮਿਲਣੀ : ਸ. ਊਧਮ ਸਿੰਘ ਜੀ ਉੱਤੇ ਕੇਸ ਚਲਾਇਆ ਗਿਆ ਅਤੇ ਫਾਂਸੀ ਦੀ ਸਜ਼ਾ ਸੁਣਾਈ ਗਈ। 31 ਜੁਲਾਈ, 1940 ਈ. ਨੂੰ ਭਾਰਤ ਦੇ ਇਸ ਮਹਾਨ ਸਪੂਤ ਨੂੰ ਪੈਟੋਨਵਿਲੇ ਜੇਲ੍ਹ ਲੰਡਨ ਵਿਚ ਫ਼ਾਂਸੀ ਦੇ ਦਿੱਤੀ ਗਈ ਅਤੇ ਉਸ ਦੀ ਦੇਹ ਨੂੰ ਜੇਲ੍ਹ ਵਿਚ ਹੀ ਦਬਾ ਦਿੱਤਾ ਗਿਆ।
🎯 ਸ਼ਹੀਦ ਊਧਮ ਸਿੰਘ ਜੀ ਦੀ ਕੁਰਬਾਨੀ ਉੱਤੇ ਸਾਰੇ ਦੇਸ਼ਵਾਸੀ ਜਿੱਥੇ ਮਾਣ ਮਹਿਸੂਸ ਕਰਦੇ ਹਨ ਉੱਥੇ ਆਪਣੇ ਮਹਾਨ ਸਪੂਤ ਦੀ ਵਿਲੱਖਣ ਸੂਰਮਗਤੀ ਭਰਪੂਰ ਕੁਰਬਾਨੀ ਸਦਕਾ ਖ਼ੁਦ ਨੂੰ ਵਿਸ਼ੇਸ਼ ਰੂਪ ਵਿਚ ਮਾਣਮੱਤਾ ਮਹਿਸੂਸ ਕਰਦੇ ਹਨ। ਸ਼ਹੀਦ ਊਧਮ ਸਿੰਘ ਜੀ ਦੀ ਕੁਰਬਾਨੀ ਸਦੀਆਂ ਤੱਕ ਭਾਰਤੀ ਲੋਕਾਂ ਨੂੰ ਦੇਸ਼ ਪਿਆਰ ਅਤੇ ਦੇਸ਼ ਲਈ ਕੁਰਬਾਨ ਹੋਣ ਦੀ ਪ੍ਰੇਰਨਾ ਦਿੰਦੀ ਰਹੇਗੀ।