ਅੰਮ੍ਰਿਤਸਰ : ਅਮਰੀਕਾ ਵਿਚ ਸਿੱਖਾਂ ਦੀ ਸਰਗਰਮ ਜਥੇਬੰਦੀ, ‘ਸਿੱਖ ਧਰਮਾ ਇੰਟਰਨੈਸ਼ਨਲ’ ਵਲੋਂ ਸਿੱਖੀ ਦੇ ਕੀਤੇ ਜਾ ਰਹੇ ਪ੍ਰਚਾਰ-ਪ੍ਰਸਾਰ ਦੌਰਾਨ ਹੁਣ ਚੀਨ ਵਿਚ ਵੀ ਸਿੱਖ ਧਰਮ ਦਾ ਪ੍ਰਚਾਰ ਸ਼ੁਰੂ ਹੋ ਗਿਆ ਹੈ, ਜਿਸ ਤਹਿਤ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਚੀਨੀ ਭਾਸ਼ਾ ਵਿਚ ਕਰਨ ਦਾ ਕਾਰਜ ਜਾਰੀ ਹੈ,ਜਦੋਂਕਿ ਨਿਤਨੇਮ ਦੀਆਂ ਬਾਣੀਆਂ ਵਿਚੋਂ ਜਪੁਜੀ ਸਾਹਿਬ ਦਾ ਅਨੁਵਾਦ ਚੀਨੀ ਭਾਸ਼ਾ ਵਿਚ ਕੀਤਾ ਜਾ ਚੁੱਕਾ ਹੈ। ਇਹ ਖੁਲਾਸਾ ਜਥੇਬੰਦੀ ਦੇ ਮੁਖੀ ਭਾਈ ਕੁਲਬੀਰ ਸਿੰਘ ਖਾਲਸਾ ਨੇ ਕੀਤਾ ਹੈ। ਉਹ ਜਥੇਬੰਦੀ ਦੇ ਸੰਸਥਾਪਕ ਸਵਰਗੀ ਹਰਭਜਨ ਸਿੰਘ ਖਾਲਸਾ ਯੋਗੀ ਦੇ ਸਪੁੱਤਰ ਹਨ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਭਾਈ ਕੁਲਬੀਰ ਸਿੰਘ ਨੇ ਦੱਸਿਆ ਕਿ ਇਸ ਵੇਲੇ ਚੀਨ ਵਿਚ ਵੀ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਹੋ ਰਿਹਾ ਹੈ। ਉਥੇ ਵੀ ਲੋਕ ਸਿੱਖ ਧਰਮ ਵਿਚ ਸ਼ਾਮਲ ਹੋ ਰਹੇ ਹਨ, ਜਿਸ ਕਾਰਨ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਚੀਨੀ ਭਾਸ਼ਾ ਵਿਚ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਨਿਤਨੇਮ ਦੀਆਂ ਬਾਣੀਆਂ ਵਿਚੋਂ ਜਪੁਜੀ ਸਾਹਿਬ ਦਾ ਅਨੁਵਾਦ ਚੀਨੀ ਭਾਸ਼ਾ ਵਿਚ ਕੀਤਾ ਜਾ ਚੁੱਕਾ ਹੈ। ਉਥੋਂ ਦੇ ਲੋਕਾਂ ਨੂੰ ਸਥਾਨਕ ਭਾਸ਼ਾ ਵਿਚ ਹੀ ਸਿੱਖ ਧਰਮ ਅਤੇ ਗੁਰੂ ਸਾਹਿਬ ਦਾ ਸਰਬੱਤ ਦੇ ਭਲੇ ਦਾ ਫਲਸਫਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਵਿਸ਼ਵ ਦੇ ਹੋਰ ਵੀ ਕਈ ਮੁਲਕਾਂ ਵਿਚ ਉਥੋਂ ਦੀ ਸਥਾਨਕ ਭਾਸ਼ਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਹੋ ਰਿਹਾ ਹੈ। ਇਸ ਸਬੰਧੀ ਉਨ੍ਹਾਂ ਰਸ਼ੀਅਨ ਭਾਸ਼ਾ ਵਿਚ ਹੋ ਰਹੇ ਅਨੁਵਾਦ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਿੱਖ ਨੈੱਟ ਲਰਨਿੰਗ ਸੈਂਟਰ ਰਾਹੀਂ ਵੱਖ-ਵੱਖ ਮੁਲਕਾਂ ਦੇ ਲੋਕ ਸਿੱਖੀ ਨਾਲ ਜੁੜ ਰਹੇ ਹਨ।