ਇਸਲਾਮਾਬਾਦ: ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਵਿੱਚ ਮੌਜੂਦ ਸਿੱਖਾਂ ਦੇ ਤੀਰਥ ਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਣ ਦਾ ਫੈਸਲਾ ਲਿਆ ਹੈ। ਪਹਿਲੀ ਸ਼੍ਰੇਣੀ ਵਿੱਚ ਸਿਰਫ ਭਾਰਤੀ ਸ਼ਰਧਾਲੂ ਸ਼ਾਮਲ ਹੋਣਗੇ ਜਦਕਿ ਦੂਜੀ ਸ਼੍ਰੇਣੀ ਵਿੱਚ ਦੁਨੀਆ ਦੇ ਬਾਕੀ ਹਿੱਸਿਆ ਤੋਂ ਆਉਣ ਵਾਲੇ ਸ਼ਰਧਾਲੂ ਸ਼ਾਮਲ ਹੋਣਗੇ। ਮੀਡੀਆ ਰਿਪੋਰਟਾਂ ਮੁਤਾਬਕ ਵਿਦੇਸ਼ ਮੰਤਰਾਲੇ ਨੇ ਆਨਲਾਈਨ ਵੀਜ਼ਾ ਸਿਸਟਮ ਵਿੱਚ ‘ਧਾਰਮਿਕ ਸੈਰ-ਸਪਾਟਾ’ ਸ਼੍ਰੇਣੀ ਜੋੜਨ ਦਾ ਫੈਸਲਾ ਕੀਤਾ ਹੈ।
ਰਿਪੋਰਟਾਂ ਮੁਤਾਬਕ ਵਿਦੇਸ਼ ਮੰਤਰਾਲੇ ਨੇ ਦੋ ਵੱਖ-ਵੱਖ ਤਰ੍ਹਾਂ ਦੀਆਂ ਵੀਜ਼ਾ ਸ਼੍ਰੇਣੀਆਂ ਤੈਅ ਕੀਤੀਆਂ ਹਨ। ਇੱਕ ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਲਈ ਹੋਏਗੀ ਤੇ ਦੂਜੀ ਵਿਸ਼ਵ ਦੇ ਬਾਕੀ ਹਿੱਸੇ ਤੋਂ ਆਉਣ ਵਾਲਿਆਂ ਲਈ। ਧਾਰਮਕ ਸੈਰ-ਸਪਾਟਾ ਵੀਜ਼ਾ ਲਈ ਅਰਜ਼ੀਆਂ ਦੀ ਪ੍ਰਕਿਰਿਆ 7 ਤੋਂ 10 ਕੰਮਕਾਜੀ ਦਿਨਾਂ ਅੰਦਰ ਖ਼ਤਮ ਕੀਤੀ ਜਾ ਸਕੇਗੀ।
ਦੱਸ ਦੇਈਏ ਭਾਰਤ ਤੇ ਪਾਕਿਸਤਾਨ ਨੇ ਬੁੱਧਵਾਰ ਨੂੰ ਗੁਰਦੁਆਰਾ ਸਾਹਿਬ ਵਿੱਚ ਭਾਰਤੀ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਵੀਜ਼ਾਂ ਫਰੀ ਯਾਤਰਾ ਦੇਣ ‘ਤੇ ਸਹਿਮਤੀ ਜਤਾਈ ਸੀ। ਪਰ ਫੀਸ ਤੇ ਪ੍ਰੋਟੋਕੋਲ ਅਧਿਕਾਰੀਆਂ ਦੀ ਤਾਇਨਾਤੀ ਦੇ ਮੁੱਦੇ ‘ਤੇ ਮਦਭੇਦ ਹੋਣ ਕਰਕੇ ਸਮਝੌਤਾ ਨਹੀਂ ਹੋ ਸਕਿਆ। ਪਾਕਿਸਤਾਨ ਨੇ ਭਾਰਤੀ ਸ਼ਰਧਾਲੂਆਂ ‘ਤੇ 20 ਡਾਲਰ ਪ੍ਰਤੀ ਸ਼ਰਧਾਲੂ ਫੀਸ ਲਾਉਣ ਦੀ ਗੱਲ ਕਹੀ ਸੀ।