ਨਵੀਂ ਦਿੱਲੀ: ਹੈਕਰਾਂ ਨੇ ਹੁਣ ਫ਼ੇਸਬੁੱਕ `ਤੇ ਜਿਹੜਾ ਤਾਜ਼ਾ ਹਮਲਾ ਕੀਤਾ ਹੈ, ਉਸ ਸਦੀ ਕੋਹੀ ਮੁਰੰਮਤ ਵੀ ਨਹੀਂ ਹੋ ਸਕਦੀ। ਹੈਕਰਾਂ ਨੇ ਸਮੁੱਚੇ ਵਿਸ਼ਵ ਦੇ 5 ਕਰੋੜ ਵਰਤੋਂਕਾਰਾਂ (ਯੂਜ਼ਰਜ਼) ਦੇ ਡਿਜੀਟਲ ਟੋਕਨਾਂ ਤੱਕ ਆਪਣੀ ਪਹੁੰਚ ਬਣਾ ਲਈ ਸੀ ਅਤੇ ਉਹ ਹੁਣ ਡਾਰਕ-ਵੈੱਬ `ਤੇ ਫ਼ੇਸਬੁੱਕ ਦੇ ਲੌਗ-ਇਨ 3 ਡਾਲਰ ਤੋਂ ਲੈ ਕੇ 12 ਡਾਲਰ ਤੱਕ (ਲਗਭਗ 200 ਰੁਪਏ ਤੋਂ ਲੈ ਕੇ 800 ਰੁਪਏ ਤੱਕ ਵਿੱਚ) ਵੇਚ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਡਾਰਕ-ਵੈੱਬ ਦੇ ਬਾਜ਼ਾਰ `ਤੇ ਅਜਿਹੀਆਂ ਦਰਜਨਾਂ ਸੂਚੀਆਂ ਤੁਹਾਨੂੰ ਮਿਲ ਜਾਣਗੀਆਂ। ਖ਼ਰੀਦਦਾਰ ਇਹ ਯੂਜ਼ਰ ਡਾਟਾ ਬਿਟਕੁਆਇਨਜ਼ ਜਿਹੀਆਂ ਕ੍ਰਿਪਟੋ-ਕਰੰਸੀਆਂ ਵਿੱਚ ਖ਼ਰੀਦ ਸਕਦੇ ਹਨ। ਚੋਰੀ ਕੀਤਾ ਗਿਆ ਇਹ ਸਾਰਾ ਡਾਟਾ 15 ਤੋਂ 60 ਕਰੋੜ ਡਾਲਰ ਦਾ ਵਿਕਣਾ ਹੈ।
ਲੀਕ ਹੋਏ ਡਿਜੀਟਲ ਟੋਕਨਾਂ ਦੀ ਵਰਤੋਂ ਅਪਰਾਧੀਆਂ ਵੱਲੋਂ ਕੀਤੀ ਜਾ ਸਕਦੀ ਹੈ। ਉਹ ਸ਼ਨਾਖ਼ਤ ਚੋਰੀ ਕਰ ਸਕਦੇ ਹਨ ਤੇ ਬਲੈਕਮੇਲ ਵੀ ਕਰ ਸਕਦੇ ਹਨ। ਜੇ ਸਿਰਫ਼ ਤੁਹਾਡੇ ਈਮੇਲ ਆਈਡੀ ਤੇ ਫ਼ੋਨ ਨੰਬਰ ਹੀ ਹਨ, ਤਦ ਕੋਈ ਖ਼ਤਰਾ ਨਹੀਂ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਤੁਹਾਨੂੰ ਧੋਖਾਧੜੀਆਂ ਵਾਲੀਆਂ ਕੁਝ ਈ-ਮੇਲਜ਼ ਆਉਣ ਲੱਗ ਪੈਣ।
ਫ਼ੇਸਬੁੱਕ ਨੇ ਪਿਛਲੇ ਹਫ਼ਤੇ ਇਹ ਮੰਨਿਆ ਸੀ ਕਿ ਉਸ ਦੇ ਇਤਿਹਾਸ ਵਿੱਚ ਇਹ ਸਭ ਤੋਂ ਭੈੜੀ ਸੁਰੱਖਿਆ ਉਲੰਘਣਾ ਹੋਈ ਹੈ।