ਤਰਨ ਤਾਰਨ: ਇੱਥੋਂ ਦੀ ਸਥਾਨਕ ਅਦਾਲਤ ਨੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਖਿਲਾਫ ਜੂਨ 2017 ‘ਚ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਡੀਪੀਐਸ ਖਰਬੰਦਾ ਨੂੰ ਧਮਕਾਉਣ ਦੇ ਮਾਮਲੇ ‘ਚ ਦੋਸ਼ ਪੱਤਰ ਦਾਇਰ ਕੀਤਾ ਹੈ। ਖਰਬੰਦਾ ਮੌਜੂਦਾ ਸਮੇਂ ਪੰਜਾਬ ਇੰਡਸਟਰੀਜ਼ ਤੇ ਕਾਮਰਸ ਦੇ ਡਾਇਰੈਕਟਰ ਹਨ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਤੇਜਪ੍ਰੀਤ ਸਿੰਘ ਪੀਟਰ ਸੰਧੂ ਨੇ ਇਸ ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਦੀ ਪਹਿਲਾਂ ਹੀ ਸ਼ਿਕਾਇਤ ਦਰਜ ਕਰਵਾਈ ਸੀ। ਤਰਨ ਤਾਰਨ ਪੁਲਿਸ ਨੇ ਸਰਕਾਰੀ ਅਧਿਕਾਰੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ‘ਚ ਧਾਰਾ 189 ਤਹਿਤ ਵਲਟੋਹਾ ‘ਤੇ ਮਾਮਲਾ ਦਰਜ ਕਰ ਲਿਆ ਸੀ।
ਵਾਇਰਲ ਹੋਏ ਵੀਡੀਓ ‘ਚ ਵਲਟੋਹਾ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਡੀਸੀ ਦਫਤਰ ਦੇ ਬਾਹਰ ਧਰਨਾ ਦੇ ਰਹੇ ਉਸਦੇ ਪਾਰਟੀ ਵਰਕਰਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ ਨਹੀਂ ਤਾਂ ਤਰਨ ਤਾਰਨ ਦੇ ਡੀਸੀ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਵਲਟੋਹਾ ਨੇ ਕਿਹਾ ਸੀ ਕਿ ਜਿਹੜੇ ਵੀ ਅਫਸਰ ਕਾਂਗਰਸ ਦੇ ਦਿਸ਼ਾਂ ਨਿਰਦੇਸ਼ਾਂ ‘ਤੇ ਸਾਨੂੰ ਪ੍ਰੇਸ਼ਾਨ ਕਰ ਰਹੇ ਹਨ ਉਹ ਅਜਿਹਾ ਕਰਨਾ ਬੰਦ ਕਰਨ। ਅਸੀਂ ਜਾਣਦੇ ਹਾਂ ਕਿ ਇਨ੍ਹਾਂ ਨਾਲ ਕਿਵੇਂ ਨਜਿੱਠਣਾ ਹੈ।
ਸ਼ਿਕਾਇਤਕਰਤਾ ਦੀ ਵਕੀਲ ਨੇ ਦੱਸਿਆ ਕਿ ਕੋਰਟ ਨੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਵਲਟੋਹਾ ‘ਤੇ ਦੋਸ਼ ਪੱਤਰ ਦਾਇਰ ਕਰਕੇ ਮਾਮਲੇ ਦੀ ਅਗਲੀ ਸੁਣਵਾਈ 11 ਅਕਤੂਬਰ ‘ਤੇ ਪਾ ਦਿੱਤੀ ਹੈ। ਦੂਜੇ ਪਾਸੇ ਵਲਟੋਹਾ ਦਾ ਕਹਿਣਾ ਕਿ ਕਾਂਗਰਸ ਸਰਕਾਰ ਦੇ ਆਉਣ ਤੋਂ ਬਾਅਦ ਧਾਰਾ 189 ਸਮੇਤ ਮੇਰੇ ‘ਤੇ ਕਈ ਮਾਮਲੇ ਦਰਜ ਕੀਤੇ ਗਏ। ਕੋਰਟ ਵੱਲੋਂ ਬਾਕੀ ਧਾਰਾਵਾਂ ਮੇਰੇ ਤੋਂ ਹਟਾ ਦਿੱਤੀਆਂ ਗਈਆਂ ਹਨ।