ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 2019 ਲੋਕ ਸਭਾ ਚੋਣਾਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਨ ਦੀ ਰਣਨੀਤੀ ਬਣਾ ਰਹੇ ਵਿਰੋਧੀ ਧਿਰ ਨੂੰ ਕਰਾਰਾ ਝਟਕਾ ਦਿੱਤਾ ਹੈ। ਦਰਅਸਲ ਕੇਜਰੀਵਾਲ ਨੇ ਵਿਰੋਧੀ ਧਿਰ ਦੇ ਮਹਾਂਗਠਜੋੜ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਹੈ। ਕੇਜਰੀਵਾਲ ਦਾ ਕਹਿਣਾ ਹੈ ਕਿ ਮਹਾਂਗਠਜੋੜ ‘ਚ ਸ਼ਾਮਲ ਹੋਣ ਵਾਲੀਆਂ ਪਾਰਟੀਆਂ ਦੀ ਦੇਸ਼ ਦੇ ਵਿਕਾਸ ‘ਚ ਕੋਈ ਭੂਮਿਕਾ ਨਹੀਂ।
ਰੋਹਤਕ ਪਹੁੰਚੇ ਕੇਜਰੀਵਾਲ ਨੇ ਕਿਹਾ, “ਗਠਜੋੜ ਦੀ ਰਾਜਨੀਤੀ ਮੇਰੇ ਲਈ ਮਾਇਨੇ ਨਹੀਂ ਰੱਖਦੀ। ਮੇਰੇ ਲਈ ਜਨਤਾ ਤੇ ਦੇਸ਼ ਦਾ ਵਿਕਾਸ ਰਾਜਨੀਤੀ ਹੈ।” ਉਨ੍ਹਾਂ ਕਿਹਾ ਕਿ ਜੋ ਆਮ ਆਦਮੀ ਪਾਰਟੀ ਨੇ ਦਿੱਲੀ ‘ਚ ਪਿਛਲੇ ਤਿੰਨ ਸਾਲਾਂ ‘ਚ ਕੀਤਾ, ਇਹ ਪਾਰਟੀਆਂ ਪਿਛਲੇ 70 ਸਾਲਾਂ ‘ਚ ਨਹੀਂ ਕਰ ਸਕੀਆਂ।
ਬੀਜੇਪੀ ‘ਤੇ ਦੋਸ਼ ਲਾਉਂਦਿਆਂ ਕੇਜਰੀਵਾਲ ਨੇ ਕਿਹਾ ਕਿ ਬੀਜੇਪੀ ਧਰਮ ਦੇ ਨਾਂ ‘ਤੇ ਸਿਰਫ ਦਿਖਾਵਾ ਕਰ ਰਹੀ ਹੈ ਜਦਕਿ ਪਾਰਟੀ ਨੂੰ ਲੋਕਾਂ ਦੀਆਂ ਭਾਵਨਾਵਾਂ ਨਾਲ ਕੋਈ ਵਾਹ-ਵਾਸਤਾ ਨਹੀਂ। ਕੇਜਰੀਵਾਲ ਨੇ ਹਰਿਆਣੇ ਦੇ ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਡੇ ਤੋਂ ਸਿੱਖ ਲਓ ਵਿਕਾਸ ਕਿਵੇਂ ਹੁੰਦਾ ਹੈ।